ਕਾਂਗਰਸ ਹਾਈਕਮਾਨ ਦੇ ਪੈਂਤੜੇ ’ਚ ਫਸੇ ਕੈਪਟਨ, ਭਾਜਪਾ ’ਚ ਸ਼ਮੂਲੀਅਤ ਦੇ ਐਨ ਮੌਕੇ ਕਈ ਲੀਡਰਾਂ ਨੇ ਪੈਰ ਖਿੱਚੇ ਪਿਛਾਂਹ
Tuesday, Sep 20, 2022 - 06:32 PM (IST)
ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਭਾਜਪਾ ਵਿਚ ਸ਼ਾਮਲ ਹੋ ਗਏ, ਇਸ ਦੇ ਨਾਲ ਹੀ ਉਨ੍ਹਾਂ ਦੀ ਪਾਰਟੀ ਪੀ. ਐੱਲ. ਸੀ. ਦਾ ਭਾਜਪਾ ਵਿਚ ਰਲੇਵਾਂ ਵੀ ਹੋ ਗਿਆ ਹੈ। ਕਿਆਸਅਰਾਈਆਂ ਸਨ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਾਂਗਰਸ ਦੇ ਵੱਡੇ ਆਗੂ ਭਾਜਪਾ ਵਿਚ ਸ਼ਮੂਲੀਅਤ ਕਰ ਸਕਦੇ ਹਨ ਪਰ ਸੋਮਵਾਰ ਨੂੰ ਕੈਪਟਨ ਤਾਂ ਭਾਜਪਾ ਦੇ ਹੋ ਗਏ ਪਰ ਸਾਬਕਾ ਸਪੀਕਰ ਅਜਾਇਬ ਸਿੰਘ ਭੱਟੀ ਤੋਂ ਇਲਾਵਾ ਉਨ੍ਹਾਂ ਨਾਲ ਨਾ ਤਾਂ ਕੋਈ ਸਾਬਕਾ ਮੰਤਰੀ ਅਤੇ ਨਾ ਹੀ ਸਾਬਕਾ ਵਿਧਾਇਕ ਭਾਜਪਾ ਵਿਚ ਸ਼ਾਮਲ ਹੋਇਆ। ਕਿਹਾ ਜਾ ਰਿਹਾ ਹੈ ਕਿ ਅਜਿਹਾ ਕਾਂਗਰਸ ਹਾਈਕਮਾਨ ਵਲੋਂ ਕੀਤੀਆਂ ਗਈਆਂ ਜ਼ੋਰਦਾਰ ਕੋਸ਼ਿਸ਼ਾਂ ਨੂੰ ਸਦਕਾ ਹੋ ਸਕਿਆ ਹੈ। ਸੂਤਰਾਂ ਮੁਤਾਬਕ ਕੈਪਟਨ ਨਾਲ ਭਾਜਪਾ ’ਚ ਸ਼ਾਮਲ ਹੋਣ ਵਾਲੇ ਕਈ ਆਗੂ ਰਸਤੇ ’ਚੋਂ ਅਤੇ ਇਕ-ਦੋ ਦਿੱਲੀ ਸਮਾਗਮ ਵਾਲੀ ਥਾਂ ਨੇੜਿਓਂ ਹੀ ਮੋੜ ਲਏ ਗਏ। ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਜੋ ਦਿੱਲੀ ਲਈ ਰਵਾਨਾ ਹੋ ਗਏ ਸਨ, ਅੱਧੇ ਰਸਤੇ ’ਚੋਂ ਵਾਪਸ ਮੁੜੇ। ਸੂਤਰਾਂ ਅਨੁਸਾਰ ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਇਸ ਸੰਬੰਧੀ ਅਹਿਮ ਭੂਮਿਕਾ ਨਿਭਾਈ ਗਈ ਅਤੇ ਇਹ ਸਾਰੀ ਮੁਹਿੰਮ ਸੋਨੀਆ ਗਾਂਧੀ ਦੇ ਨਿਵਾਸ 10 ਜਨਪੱਥ ਤੋਂ ਕੰਟਰੋਲ ਹੋ ਰਹੀ ਸੀ।
ਇਹ ਵੀ ਪੜ੍ਹੋ : ਬੰਬੀਹਾ ਗੈਂਗ ਵਲੋਂ ਸੰਦੀਪ ਬਿਸ਼ਨੋਈ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਦਾ ਜਵਾਬ
ਸੂਤਰ ਦੱਸਦੇ ਹਨ ਕਿ ਓ.ਪੀ. ਸੋਨੀ ਨੂੰ ਵੀ ਰੋਕਣ ਲਈ ਬੀਤੀ ਰਾਤ ਬਾਜਵਾ ਸਾਰੀ ਰਾਤ ਉਨ੍ਹਾਂ ਦੇ ਨਿਵਾਸ ਰੁਕੇ ਰਹੇ ਅਤੇ ਹਾਈਕਮਾਨ ਵਲੋਂ ਉਨ੍ਹਾਂ ਸਮੇਤ ਕੁਝ ਦੂਜੇ ਸੀਨੀਅਰ ਕਾਂਗਰਸੀ ਆਗੂਆਂ ਵਲੋਂ ਉਠਾਏ ਗਏ ਸਾਰੇ ਮੁੱਦਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਕਾਂਗਰਸ ਵਲੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਦਾ ਬਹੁਤ ਸਾਰੇ ਆਗੂਆਂ ਨੇ ਤਿੱਖਾ ਵਿਰੋਧ ਕੀਤਾ ਅਤੇ ਦੋਸ਼ ਲਗਾਏ ਕਿ ਉਨ੍ਹਾਂ ਵਲੋਂ ਸੂਬਾ ਕਾਂਗਰਸ ਨੂੰ ਆਪਣੀ ਨਿੱਜੀ ਕੰਪਨੀ ਵਾਂਗ ਵਰਤਿਆ ਜਾ ਰਿਹਾ ਹੈ ਅਤੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਰਹੀ ਅਤੇ ਸੂਬਾ ਕਾਂਗਰਸ ਕੁਝ ਲੋਕਾਂ ਦੇ ਕਬਜ਼ੇ 'ਚ ਚਲੀ ਗਈ ਹੈ। ਸੂਤਰਾਂ ਅਨੁਸਾਰ ਹਾਈਕਮਾਨ ਦੀਆਂ ਕੋਸ਼ਿਸ਼ਾਂ ਕਾਰਨ ਕੋਈ ਦਰਜਨ ਦੇ ਕਰੀਬ ਸਾਬਕਾ ਮੰਤਰੀ ਤੇ ਵਿਧਾਇਕਾਂ ਨੂੰ ਕੈਪਟਨ ਨਾਲ ਭਾਜਪਾ 'ਚ ਜਾਣ ਤੋਂ ਰੋਕਣ ਵਿਚ ਸਫਲਤਾ ਮਿਲੀ ਹੈ।
ਇਹ ਵੀ ਪੜ੍ਹੋ : ਪਿੰਡ ਢੁੱਡੀਕੇ ਦੇ ਸ਼ਮਸ਼ਾਨ ਘਾਟ ’ਚ ਸਸਕਾਰ ਮੌਕੇ ਵਾਪਰਿਆ ਵੱਡਾ ਹਾਦਸਾ, ਪੈ ਗਿਆ ਚੀਕ-ਚਿਹਾੜਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।