''ਮੁੱਖ ਮੰਤਰੀ ਨੂੰ ਕੋਈ ਮੰਤਰੀ ਮਸ਼ਕਰੀਆਂ ਕਰੇ, ਸ਼ੋਭਾ ਨਹੀਂ ਦਿੰਦਾ''
Saturday, Dec 01, 2018 - 10:43 AM (IST)
ਲੁਧਿਆਣਾ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 'ਕਿਹੜਾ ਕੈਪਟਨ' ਦੱਸਣ 'ਤੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ, ਜਿਸ ਤੋਂ ਬਾਅਦ ਸਿੱਧੂ ਕਈ ਵਿਰੋਧੀ ਆਗੂਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਸਿੱਧੂ ਦੇ ਇਸ ਬਿਆਨ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਬੋਲਦਿਆਂ ਕਿਹਾ ਹੈ ਕਿ ਇਕ ਮੰਤਰੀ ਵਲੋਂ ਮੁੱਖ ਮੰਤਰੀ ਨਾਲ ਅਜਿਹੀਆਂ ਮਸ਼ਕਰੀਆਂ ਕਰਨਾ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ 'ਕੌਣ ਕੈਪਟਨ' ਕਹਿਣ ਲੱਗਿਆਂ ਕੈਪਟਨ ਦੇ ਪਿੱਛੇ ਸਾਹਿਬ ਤੱਕ ਲਾਉਣਾ ਉਚਿਤ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰ ਜਿਹੜੀ ਅੱਗ ਸੁਲਗ ਰਹੀ ਸੀ, ਉਹ ਸਭ ਦੇ ਸਾਹਮਣੇ ਆ ਚੁੱਕੀ ਹੈ, ਜੋ ਕਿ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨਵਜੋਤ ਸਿੱਧੂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਮਨਜ਼ੂਰੀ ਨਾਲ ਪਾਕਿਸਤਾਨ ਗਏ ਸਨ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ 'ਤੇ ਸਵਾਲ ਕਿਉਂ ਚੁੱਕੇ ਹਨ, ਇਹ ਗੱਲ ਤਾਂ ਕਾਂਗਰਸ ਨੂੰ ਲੋਕਾਂ ਨੂੰ ਦੱਸਣੀ ਪਵੇਗੀ।
