ਰੁੱਸੇ ਸੁਰੇਸ਼ ਕੁਮਾਰ ਨੂੰ ਦੂਜੀ ਵਾਰ ਮਨਾਉਣ ਪੁੱਜੇ ਕੈਪਟਨ
Tuesday, Feb 06, 2018 - 11:26 AM (IST)
ਚੰਡੀਗੜ੍ਹ : ਅਦਾਲਤ ਵਲੋਂ ਨਿਯੁਕਤੀ ਰੱਦ ਹੋਣ ਤੋਂ ਬਾਅਦ ਰੁੱਸੇ ਹੋਏ ਮੁੱਖ/ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਮਨਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 10 ਦਿਨਾਂ 'ਚ ਦੂਜੀ ਵਾਰ ਉਨ੍ਹਾਂ ਕੋਲ ਪੁੱਜ ਗਏ ਪਰ ਫਿਰ ਵੀ ਸੁਰੇਸ਼ ਕੁਮਾਰ ਦੀ ਵਾਪਸੀ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦਿੱਤੀ। ਕੈਪਟਨ ਤੋਂ ਪਹਿਲਾਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਉਨ੍ਹਾਂ ਨੂੰ ਮਨਾਉਣ ਪੁੱਜੇ ਸਨ। ਸੁਰੇਸ਼ ਕੁਮਾਰ ਨੇ ਸਾਫ ਕਰ ਦਿੱਤਾ ਹੈ ਕਿ ਉਹ ਉਨ੍ਹਾਂ ਲੋਕਾਂ ਨਾਲ ਕੰਮ ਨਹੀਂ ਕਰ ਸਕਦੇ, ਜਿਹੜੇ ਉਨ੍ਹਾਂ ਨੂੰ ਹਟਾਉਣ ਦੀਆਂ ਸਾਜਿਸ਼ਾਂ ਰਚ ਰਹੇ ਹਨ। ਇਸ ਗੱਲ ਨੂੰ ਸਾਰੇ ਜਾਣਦੇ ਹਨ ਕਿ ਸੁਰੇਸ਼ ਕੁਮਾਰ ਅਤੇ ਏ. ਜੀ. ਪੰਜਾਬ ਅਤੁਲ ਨੰਦਾ ਦੀ ਆਪਸ 'ਚ ਬਿਲਕੁਲ ਨਹੀਂ ਬਣਦੀ ਅਤੇ ਸਰਕਾਰ ਨੇ ਉਨ੍ਹਾਂ ਦਾ ਕੇਸ ਡਿਫੈਂਡ ਕਰਨ ਲਈ ਵੀ ਨੰਦਾ ਨੂੰ ਹੀ ਕਿਹਾ ਹੈ। ਏ. ਜੀ. ਵਿਭਾਗ ਵਲੋਂ ਹਾਈਕੋਰਟ 'ਚ ਸਹੀ ਤਰੀਕੇ ਨਾਲ ਕੇਸ ਪੇਸ਼ ਨਾ ਕੀਤੇ ਜਾਣ ਕਾਰਨ ਸਰਕਾਰ ਨੂੰ ਮੂੰਹ ਦੀ ਖਾਣੀ ਪਈ। ਸ਼ਨੀਵਾਰ ਨੂੰ ਵੀ ਕੈਪਟਨ ਨੇ ਬਿਆਨ ਦਿੱਤਾ ਸੀ ਕਿ ਜਦੋਂ ਤੱਕ ਉਹ ਮੁੱਖ ਮੰਤਰੀ ਹਨ, ਉਨ੍ਹਾਂ ਨਾਲ ਸੁਰੇਸ਼ ਕੁਮਾਰ ਹੀ ਕੰਮ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਾਈਕੋਰਟ ਦੇ ਫੈਸਲੇ ਨੂੰ ਡਬਲ ਬੈਂਚ 'ਚ ਅਪੀਲ ਕਰਨ ਦੀ ਗੱਲ ਜ਼ਰੂਰ ਕੀਤੀ ਸੀ ਪਰ ਤਿੰਨ ਹਫਤੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਏ. ਜੀ. ਇਸ ਕੇਸ ਨੂੰ ਫਾਈਲ ਨਹੀਂ ਕਰ ਸਕੇ ਹਨ।
