ਮੁੱਖ ਮੰਤਰੀ ਨੂੰ ਮਿਲ ਕੇ ਕਾਂਗਰਸ ਦੇ ਜਨਰਲ ਸਕੱਤਰ ਮਨੋਜ ਅਰੋੜਾ ਨੇ ਦੋਆਬਾ ਦੇ ਹਾਲਾਤ ਦੀ ਦਿੱਤੀ ਜਾਣਕਾਰੀ

09/23/2017 11:08:37 AM

ਜਲੰਧਰ(ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਸ਼ੁੱਕਰਵਾਰ ਨੂੰ ਸੂਬਾ ਕਾਂਗਰਸ ਦੇ ਜਨਰਲ ਸਕੱਤਰ ਮਨੋਜ ਅਰੋੜਾ ਨੇ ਦੋਆਬਾ ਦੇ ਹਾਲਾਤ ਦੀ ਜਾਣਕਾਰੀ ਦਿੱਤੀ। ਕੈਪਟਨ ਹੁਸ਼ਿਆਰਪੁਰ ਜ਼ਿਲੇ ਵਿੱਚ ਕੁਝ ਸਮੇਂ ਲਈ ਰੁਕੇ ਸਨ। ਹੈਲੀਪੈਡ 'ਤੇ ਪਹੁੰਚੇ ਮਨੋਜ ਅਰੋੜਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਦੋਆਬਾ ਵਿੱਚ ਕਾਂਗਰਸ ਮਜਬੂਤ ਸਥਿਤੀ 'ਚ ਹੈ ਅਤੇ ਆਉਣ ਵਾਲੀਆਂ ਕਾਰਪੋਰੇਸ਼ਨ ਚੋਣਾਂ 'ਚ ਕਾਂਗਰਸ ਭਾਜਪਾ-ਅਕਾਲੀ ਦਲ ਨੂੰ ਹਰਾਉਣ ਵਿਚ ਕਾਮਯਾਬ ਹੋਵੇਗੀ। ਮੁੱਖ ਮੰਤਰੀ ਨੇ ਮਨੋਜ ਨਾਲ ਕਈ ਵਿਸ਼ਿਆਂ 'ਤੇ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਪਾਰਟੀ ਦੀ ਮਜਬੂਤੀ ਲਈ ਕੰਮ ਕਰੋ ਤੇ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਆਮ ਜਨਤਾ ਤੱਕ ਲੈ ਕੇ ਜਾਓ। ਇਸ ਮੌਕੇ ਕਈ ਕਾਂਗਰਸੀ ਵਿਧਾਇਕ ਵੀ ਮੌਜੂਦ ਸਨ। 

ਮੁੱਖ ਮੰਤਰੀ ਨੂੰ ਮਨੋਜ ਨੇ ਦੱਸਿਆ ਕਿ ਸ਼ਹਿਰਾਂ ਵਿੱਚ ਭਾਜਪਾ ਦੇ ਮੇਅਰਾਂ ਦੇ ਕਾਰਜਕਾਲ ਦੌਰਾਨ ਵਿਕਾਸ ਕਾਰਜਾਂ ਵਿਚ ਤੇਜ਼ੀ ਨਹੀਂ ਆ ਸਕੀ ਅਤੇ ਭ੍ਰਿਸ਼ਟਾਚਾਰ ਹੱਦਾਂ ਟੱਪ ਗਿਆ ਹੈ ਪਰ ਹੁਣ ਭਾਜਪਾ ਮੇਅਰਾਂ ਦਾ ਕਾਰਜਕਾਲ ਖਤਮ ਹੋਣ ਜਾ ਰਿਹਾ ਹੈ ਅਤੇ ਹੁਣ ਉਮੀਦ ਕੀਤੀ ਜਾਂਦੀ ਹੈ ਕਿ ਪ੍ਰਸ਼ਾਸਕਾਂ ਦੀਆਂ ਨਿਯੁਕਤੀਆਂ ਹੋਣ ਨਾਲ ਸ਼ਹਿਰਾਂ 'ਚ ਵਿਕਾਸ ਕਾਰਜਾਂ 'ਚ ਤੇਜ਼ੀ ਆਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਾਰਪੋਰੇਸ਼ਨ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਕਾਂਗਰਸੀ ਕੌਂਸਲਰ ਅਤੇ ਹੋਰ ਆਗੂ ਘਰ-ਘਰ ਜਾ ਕੇ ਅਮਰਿੰਦਰ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਨਤਾ ਨੂੰ ਜਾਣਕਾਰੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਨਤਾ ਇਸ ਗੱਲ ਤੋਂ ਖੁਸ਼ ਹੈ ਕਿ ਕੈਪਟਨ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਸੂਬੇ ਵਿਚ ਨਸ਼ਿਆਂ 'ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗ ਗਈ ਹੈ। ਸਰਕਾਰ ਨੇ ਹੁਣ ਬੇਰੋਜ਼ਗਾਰ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਘਰ-ਘਰ ਨੌਕਰੀ ਦੇ ਪ੍ਰੋਗਰਾਮ ਵੀ ਸ਼ੁਰੂ ਕਰ ਦਿੱਤੇ ਹਨ। ਕੈਪਟਨ ਨੇ ਕਿਹਾ ਕਿ ਕਾਂਗਰਸ ਆਪਣੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰੇਗੀ।


Related News