ਕਾਂਗਰਸ ਹਾਈਕਮਾਨ ਕੈਪਟਨ ''ਤੇ ਗਰਮ, ਸਿੱਧੂ ''ਤੇ ਨਰਮ, 18 ਨਿਰਦੇਸ਼ਾਂ ਦੀ ਸੂਚੀ ਲੈ ਪਰਤੇ ਮੁੱਖ ਮੰਤਰੀ

Thursday, Jun 24, 2021 - 08:42 AM (IST)

ਕਾਂਗਰਸ ਹਾਈਕਮਾਨ ਕੈਪਟਨ ''ਤੇ ਗਰਮ, ਸਿੱਧੂ ''ਤੇ ਨਰਮ, 18 ਨਿਰਦੇਸ਼ਾਂ ਦੀ ਸੂਚੀ ਲੈ ਪਰਤੇ ਮੁੱਖ ਮੰਤਰੀ

ਚੰਡੀਗੜ੍ਹ (ਅਸ਼ਵਨੀ) : ਕਮੇਟੀ ਸਾਹਮਣੇ ਪੇਸ਼ੀ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹਮਲਿਆਂ ਤੋਂ ਨਾਰਾਜ਼ ਮੁੱਖ ਮੰਤਰੀ ਅਮਰਿੰਦਰ ਸਿੰਘ ਬੁੱਧਵਾਰ ਨੂੰ ਬਿਨਾਂ ਹਾਈਕਮਾਨ ਨਾਲ ਮੁਲਾਕਾਤ ਕੀਤੇ ਹੀ 18 ਨਿਰਦੇਸ਼ਾਂ ਨੂੰ ਲੈ ਕੇ ਚੰਡੀਗੜ੍ਹ ਪਰਤ ਆਏ ਹਨ। ਮੁੱਖ ਮੰਤਰੀ ਇਸ ਗੱਲ ਤੋਂ ਨਾਰਾਜ਼ ਹਨ ਕਿ ਹਾਈਕਮਾਨ ਵੱਲੋਂ ਵਾਰ-ਵਾਰ ਅਨੁਸ਼ਾਸਨ ਵਿਚ ਰਹਿਣ ਦੀ ਨਸੀਹਤ ਤੋਂ ਬਾਅਦ ਵੀ ਨਵਜੋਤ ਸਿੱਧੂ ਬਦਜ਼ੁਬਾਨੀ ਤੋਂ ਬਾਜ਼ ਨਹੀਂ ਆ ਰਹੇ ਹਨ ਅਤੇ ਹਾਈਕਮਾਨ ਮੂਕਦਰਸ਼ਕ ਬਣਿਆ ਹੋਇਆ ਹੈ। ਉਸ ’ਤੇ ਹਾਈਕਮਾਨ ਦੇ ਨਿਰਦੇਸ਼ ’ਤੇ ਤਿੰਨ ਮੈਂਬਰੀ ਕਮੇਟੀ ਨੇ ਉਨ੍ਹਾਂ ਨੂੰ ਤਲਬ ਕਰ ਕੇ 18 ਨਿਰਦੇਸ਼ਾਂ ਦੀ ਲਿਸਟ ਵੀ ਹੱਥ ਵਿਚ ਫੜ੍ਹਾ ਦਿੱਤੀ ਹੈ, ਜਿਸ ’ਤੇ ਅਮਲ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੂੰ ਉਮੀਦ ਸੀ ਕਿ ਇਸ ਸਾਰੇ ਮਾਮਲੇ ਨੂੰ ਲੈ ਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਨਾਲ ਗੱਲਬਾਤ ਹੋਵੇਗੀ ਪਰ ਮੰਗਲਵਾਰ ਰਾਤ ਤੱਕ ਸੋਨੀਆ ਅਤੇ ਰਾਹੁਲ ਗਾਂਧੀ ਵੱਲੋਂ ਸੱਦਾ ਨਾ ਆਉਣ ਤੋਂ ਬਾਅਦ ਮੁੱਖ ਮੰਤਰੀ ਨੇ ਬੁੱਧਵਾਰ ਸਵੇਰੇ ਵਾਪਸੀ ਦਾ ਰਸਤਾ ਫੜ੍ਹ ਲਿਆ।

ਇਹ ਵੀ ਪੜ੍ਹੋ : ਕਮੇਟੀ ਸਾਹਮਣੇ ਗੁੱਸੇ 'ਚ ਆਏ 'ਕੈਪਟਨ' ਬੋਲੇ, ਪੂਰੇ ਵਿਵਾਦ ਦੀ ਅਸਲ ਜੜ੍ਹ 'ਨਵਜੋਤ ਸਿੱਧੂ'

ਹਾਲਾਂਕਿ ਮੁੱਖ ਮੰਤਰੀ ਦੀ ਚੰਡੀਗੜ੍ਹ ਰਵਾਨਗੀ ਵਿਚ ਮੱਲਿਕਾਰਜੁਨ ਕਮੇਟੀ ਦੇ ਮੈਂਬਰ ਹਰੀਸ਼ ਰਾਵਤ ਨੇ ਕਿਹਾ ਕਿ ਸਿੱਧੂ ਨੂੰ ਦਿੱਲੀ ਬੁਲਾਇਆ ਜਾਵੇਗਾ ਪਰ ਦਿਲਚਸਪ ਗੱਲ ਇਹ ਹੈ ਕਿ ਕਮੇਟੀ ਦੇ ਨਾਲ ਸਿੱਧੂ ਦੀ ਮੁਲਾਕਾਤ ਕਦੋਂ ਹੋਵੇਗੀ, ਇਸ ਦੀ ਤਾਰੀਖ਼ ਤੱਕ ਤੈਅ ਨਹੀਂ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੀ ਨਾਰਾਜ਼ਗੀ ਨੂੰ ਦੇਖਦਿਆਂ ਕਮੇਟੀ ਨੇ ਫਿਲਹਾਲ ਹਾਈਕਮਾਨ ਦੇ ਨਿਰਦੇਸ਼ ’ਤੇ ਸਿੱਧੂ ਨੂੰ ਵੀ ਦਿੱਲੀ ਬੁਲਾਉਣ ਦਾ ਐਲਾਨ ਕਰ ਦਿੱਤਾ ਹੈ, ਤਾਂ ਕਿ ਸੰਤੁਲਨ ਬਣਿਆ ਰਹੇ। ਇਹ ਚਰਚਾ ਇਸ ਲਈ ਵੀ ਜ਼ੋਰ ਫੜ੍ਹ ਰਹੀ ਹੈ ਕਿਉਂਕਿ ਬਿਆਨਬਾਜ਼ੀ ਤੋਂ ਬਾਅਦ ਵੀ ਸਿੱਧੂ ਖ਼ਿਲਾਫ਼ 3 ਮੈਂਬਰੀ ਕਮੇਟੀ ਦੇ ਤੇਵਰ ਬਹੁਤੇ ਜ਼ਿਆਦਾ ਸਖ਼ਤ ਨਹੀਂ ਹਨ। ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰੀਸ਼ ਰਾਵਤ ਨੇ ਸਿੱਧੂ ਦੇ ਕੈਪਟਨ ਵਿਰੋਧੀ ਬਿਆਨਾਂ ’ਤੇ ਸ਼ਾਇਰਾਨਾ ਅੰਦਾਜ਼ ਵਿਚ ਬੋਲਦਿਆਂ ਕਿਹਾ ਕਿ ‘ਮੇਰਾ ਅੰਦਾਜ਼-ਏ-ਬਿਆਂ ਹੀ ਕੁੱਛ ਐਸਾ ਹੈ ਕਿ ਲੋਗੋਂ ਕੋ ਉਸਮੇਂ ਬਗਾਵਤ ਦਿਖਾਈ ਦੇਤੀ ਹੈ।’

ਇਹ ਵੀ ਪੜ੍ਹੋ : ਅੱਗ ਵਰ੍ਹਾਉਂਦੀ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਬੁਰੀ ਖ਼ਬਰ! ਇਸ ਗੰਭੀਰ ਸੰਕਟ ਦਾ ਡਰ

ਰਾਵਤ ਨੇ ਕਿਹਾ ਕਿ ਸਿੱਧੂ ਤਾਂ ਵਾਰ-ਵਾਰ ਕਹਿ ਰਹੇ ਹਨ ਕਿ ਜੋ ਹਾਈਕਮਾਨ ਦਾ ਹੁਕਮ ਹੋਵੇਗਾ, ਉਨ੍ਹਾਂ ਨੂੰ ਕਬੂਲ ਹੋਵੇਗਾ। ਸਾਫ਼ ਹੈ ਕਿ ਫਿਲਹਾਲ ਭਵਿੱਖ ਵਿਚ ਸਿੱਧੂ ’ਤੇ ਅਨੁਸ਼ਾਸਨੀ ਕਾਰਵਾਈ ਦੀ ਸੰਭਾਵਨਾ ਕਾਫ਼ੀ ਘੱਟ ਹੈ। ਇਹ ਵੱਖਰੀ ਗੱਲ ਹੈ ਕਿ ਪੰਜਾਬ ਦੇ ਕਈ ਆਗੂਆਂ ਸਮੇਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਿੱਧੂ ਦੀ ਬਿਆਨਬਾਜ਼ੀ ’ਤੇ ਨਰਾਜ਼ਗੀ ਜਤਾਈ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਅਜਿਹੀ ਬਿਆਨਬਾਜ਼ੀ ਸ਼ੋਭਾ ਨਹੀਂ ਦਿੰਦੀ। ਸਿੱਧੂ ਨੂੰ ਆਪਣੀ ਗੱਲ ਪਾਰਟੀ ਫੋਰਮ ’ਤੇ ਕਰਨੀ ਚਾਹੀਦੀ ਸੀ। ਜਾਖੜ ਨੇ ਸਿੱਧੂ ਨੂੰ ਲੈ ਕੇ ਸ਼ਾਇਰਨਾ ਅੰਦਾਜ਼ ਵਿਚ ਕਿਹਾ ਕਿ ਦੁਸ਼ਮਣੀ ਕਰਨੀ ਹੈ ਤਾਂ ਖੁੱਲ੍ਹ ਕੇ ਕਰੋ, ਪਰ ਇੰਨਾ ਖਿਆਲ ਰਹੇ ਕਿ ਜਦੋਂ ਦੁਬਾਰਾ ਦੋਸਤ ਬਣੋ ਤਾਂ ਸ਼ਰਮਿੰਦਾ ਨਾ ਹੋਣਾ ਪਵੇ। ਉੱਧਰ, ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਵੀ ਬੈਠਕਾਂ ਦਾ ਦੌਰ ਜਾਰੀ ਰੱਖਿਆ। ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸੁਨੀਲ ਜਾਖੜ ਸਮੇਤ ਕਈ ਆਗੂਆਂ ਨੇ ਮੁਲਾਕਾਤ ਕੀਤੀ। ਰਾਹੁਲ ਗਾਂਧੀ ਨੇ ਪੰਜਾਬ ਵਿਚ ਰਾਜਨੀਤਕ ਹਾਲਾਤ ਤੋਂ ਇਲਾਵਾ 2022 ਵਿਚ ਚੋਣ ਮੈਦਾਨ ਨੂੰ ਫਤਹਿ ਕਰਨ ’ਤੇ ਮੰਥਨ ਕੀਤਾ। ਪ੍ਰਤਾਪ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਤਮਾਮ ਹਾਲਾਤ ਬਾਰੇ ਰਾਹੁਲ ਗਾਂਧੀ ਨੂੰ ਜਾਣੂੰ ਕਰਵਾ ਦਿੱਤਾ ਹੈ।

ਇਹ ਵੀ ਪੜ੍ਹੋ : ਝੁੱਗੀ-ਝੌਂਪੜੀ 'ਚ ਰਹਿਣ ਵਾਲੇ ਹਜ਼ਾਰਾਂ ਪਰਿਵਾਰਾਂ ਲਈ ਚੰਗੀ ਖ਼ਬਰ, ਘਰ ਦਾ ਸੁਫ਼ਨਾ ਹੋਵੇਗਾ ਸਾਕਾਰ
ਨਿਰਦੇਸ਼ਾਂ ਦੀ ਮਿੰਨੀ ਗਾਈਡਬੁੱਕ ’ਤੇ ਮੁੱਖ ਮੰਤਰੀ ਨੂੰ ਤੁਰੰਤ ਫ਼ੈਸਲਾ ਲੈਣ ਦਾ ਫਰਮਾਨ
3 ਮੈਂਬਰੀ ਕਮੇਟੀ ਨੇ ਮੁੱਖ ਮੰਤਰੀ ਨੂੰ ਪੰਜਾਬ ਨਾਲ ਜੁੜੇ 18 ਮਾਮਲਿਆਂ ’ਤੇ ਤਤਕਾਲ ਫ਼ੈਸਲੇ ਲੈਣ ਨੂੰ ਕਿਹਾ ਹੈ। ਇਹ ਮਿੰਨੀ ਗਾਈਡਬੁੱਕ ਵਰਗੇ ਹਨ, ਜਿਸ ਦੇ ਆਧਾਰ ’ਤੇ ਮੁੱਖ ਮੰਤਰੀ ਨੂੰ ਅੱਗੇ ਚੱਲਣ ਲਈ ਕਿਹਾ ਜਾ ਰਿਹਾ ਹੈ। ਹਰੀਸ਼ ਰਾਵਤ ਮੁਤਾਬਕ ਇਹ ਸਾਰੇ 18 ਨਿਰਦੇਸ਼ ਪੰਜਾਬ ਦੇ ਤਮਾਮ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਹੋਰ ਆਗੂਆਂ ਦੇ ਨਾਲ ਹੋਈ ਮੁਲਾਕਾਤ ਤੋਂ ਬਾਅਦ ਤਿਆਰ ਕੀਤੇ ਗਏ ਹਨ। ਮੁੱਖ ਮੰਤਰੀ ਨੂੰ ਇਨ੍ਹਾਂ ’ਤੇ ਚੱਲਣ ਨੂੰ ਕਿਹਾ ਗਿਆ ਹੈ। ਇਕ ਨਿਰਧਾਰਿਤ ਸਮਾਂ ਸੀਮਾ ਵਿਚ ਮੁੱਖ ਮੰਤਰੀ ਨੂੰ ਇਸ ’ਤੇ ਅਮਲ ਕਰਨਾ ਹੋਵੇਗਾ। ਇਨ੍ਹਾਂ ਵਿਚ ਬੇਅਦਬੀ-ਗੋਲੀਕਾਂਡ ਤੋਂ ਲੈ ਕੇ ਨਸ਼ਾ ਮਾਫ਼ੀਆ ’ਤੇ ਫ਼ੈਸਲਾਕੁੰਨ ਵਾਰ ਕਰਨ ਵਰਗੇ ਮਾਮਲੇ ਸ਼ਾਮਲ ਹਨ। ਪੰਜਾਬ ਕਾਂਗਰਸ ਵਿਚ ਘਮਾਸਾਨ ਦਾ ਅੰਤਿਮ ਫ਼ੈਸਲਾ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਹੋ ਜਾਵੇਗਾ। ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ 3 ਮੈਂਬਰੀ ਕਮੇਟੀ ਆਪਣੀ ਰਿਪੋਰਟ ਕਾਂਗਰਸ ਪ੍ਰਧਾਨ ਨੂੰ ਸੌਂਪ ਚੁੱਕੀ ਹੈ। ਜੁਲਾਈ ਦੇ ਪਹਿਲੇ ਹਫ਼ਤੇ ਵਿਚ ਸਾਰੀ ਤਸਵੀਰ ਸਾਫ਼ ਹੋ ਜਾਵੇਗੀ। ਇਸ ਦੇ ਨਾਲ ਪੰਜਾਬ ਮੰਤਰੀ ਮੰਡਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੱਧਰ ’ਤੇ ਫੇਰਬਦਲ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News