ਜੁਰਾਬਾਂ ਵੇਚਣ ਵਾਲੇ 10 ਸਾਲ ਦੇ ਮੁੰਡੇ ਲਈ ''ਕੈਪਟਨ'' ਦਾ ਵੱਡਾ ਐਲਾਨ, ਦਿਲ ਨੂੰ ਭਾਅ ਗਈ ਵਾਇਰਲ ਵੀਡੀਓ
Saturday, May 08, 2021 - 09:49 AM (IST)
ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 10 ਸਾਲਾਂ ਦੇ ਵੰਸ਼ ਸਿੰਘ ਦੀ ਹਾਲਤ ਨੂੰ ਦੇਖਦਿਆਂ ਵੱਡਾ ਐਲਾਨ ਕੀਤਾ ਹੈ। ਸੂਬਾ ਸਰਕਾਰ ਵੱਲੋਂ ਵੰਸ਼ ਦੀ ਸਿੱਖਿਆ ਲਈ ਪੂਰੀ ਵਿੱਤੀ ਮਦਦ ਕਰਨ ਤੋਂ ਇਲਾਵਾ ਪਰਿਵਾਰ ਨੂੰ 2 ਲੱਖ ਰੁਪਏ ਦੀ ਫ਼ੌਰੀ ਇਮਦਾਦ ਦੇਣ ਦਾ ਐਲਾਨ ਕੀਤਾ ਗਿਆ ਹੈ। ਦਰਅਸਲ ਵੰਸ਼ ਸਿੰਘ ਦੀ ਆਪਣੇ ਪਰਿਵਾਰ ਦੀ ਮਦਦ ਲਈ ਲੁਧਿਆਣਾ ਦੀਆਂ ਸੜਕਾਂ ’ਤੇ ਜੁਰਾਬਾਂ ਵੇਚਣ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਇਹ ਐਲਾਨ ਕੀਤੇ ਹਨ।
ਇਹ ਵੀ ਪੜ੍ਹੋ : ਪੰਜਾਬ ਭਰ 'ਚ ਲਾਕਡਾਊਨ ਦਾ ਵਿਰੋਧ ਕਰਨ ਲਈ ਅੱਜ ਸੜਕਾਂ 'ਤੇ ਉਤਰਨਗੇ 'ਕਿਸਾਨ'
ਮੁੱਖ ਮੰਤਰੀ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤੇ ਕਿ ਵੰਸ਼, ਜੋ ਸਕੂਲ ਛੱਡ ਚੁੱਕਾ ਹੈ, ਨੂੰ ਮੁੜ ਸਕੂਲ ਭੇਜਿਆ ਜਾਵੇ ਅਤੇ ਉਸ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਸੂਬਾ ਸਰਕਾਰ ਚੁੱਕੇਗੀ। ਮੁੱਖ ਮੰਤਰੀ ਨੇ ਵੰਸ਼ ਦੀ ਇਕ ਕਾਰ ਚਾਲਕ ਵੱਲੋਂ ਜੁਰਾਬਾਂ ਦੀ ਕੀਮਤ ਤੋਂ ਵੱਧ 50 ਰੁਪਏ ਦੇਣ ਦੀ ਪੇਸ਼ਕਸ਼ ਨੂੰ ਇਨਕਾਰ ਕਰਦੇ ਹੋਏ ਦੀ ਵੀਡੀਓ ਦੇਖੀ ਸੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੈਪਟਨ ਨੇ ਵੰਸ਼ ਅਤੇ ਉਸ ਦੇ ਪਰਿਵਾਰ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੰਸ਼ ਦੇ ਸਵੈ-ਮਾਣ ਨੇ ਪ੍ਰਭਾਵਿਤ ਕੀਤਾ ਹੈ ਅਤੇ ਇਹ ਵੀਡੀਓ ਉਨ੍ਹਾਂ ਦੇ ਦਿਲ ਨੂੰ ਭਾਅ ਗਈ ਹੈ। ਇਸ ਮੁੰਡੇ ਦੀ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਲੱਖਾਂ ਲੋਕਾਂ ਨੇ ਦੇਖਿਆ ਅਤੇ ਲੋਕ ਉਸ ਦੀ ਈਮਾਨਦਾਰੀ ਅਤੇ ਸਵੈ-ਮਾਣ ਦੀ ਸ਼ਲਾਘਾ ਕਰ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਕਹਿਰ ਦੌਰਾਨ ਲੁਧਿਆਣਾ 'ਚ ਆਇਆ 'ਬਰਡ ਫਲੂ' ਦਾ ਕੇਸ, ਵਿਭਾਗਾਂ 'ਚ ਮਚੀ ਹਫੜਾ-ਦਫੜੀ
ਦੱਸਣਯੋਗ ਹੈ ਕਿ ਵੰਸ਼ ਦਾ ਪਿਤਾ ਪਰਮਜੀਤ ਵੀ ਜੁਰਾਬਾਂ ਵੇਚਦਾ ਹੈ, ਜਦੋਂ ਕਿ ਉਸ ਦੀ ਮਾਤਾ ਰਾਣੀ ਘਰੇਲੂ ਸੁਆਣੀ ਹੈ। ਵੰਸ਼ ਦੀਆਂ ਤਿੰਨ ਭੈਣਾਂ ਅਤੇ ਇਕ ਵੱਡਾ ਭਰਾ ਹੈ ਅਤੇ ਪਰਿਵਾਰ ਹੈਬੋਵਾਲ ਇਲਾਕੇ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ