ਕੈਪਟਨ ਖ਼ਿਲਾਫ਼ ਚੱਲ ਰਹੀ ਆਮਦਨ ਕਰ ਸਬੰਧੀ ਸ਼ਿਕਾਇਤ ਮਾਮਲੇ ਦੀ ਸੁਣਵਾਈ 23 ਨੂੰ
Wednesday, Mar 10, 2021 - 01:58 PM (IST)
ਲੁਧਿਆਣਾ (ਮਹਿਰਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਚੱਲ ਰਹੀ ਆਮਦਨ ਕਰ ਸਬੰਧੀ ਸ਼ਿਕਾਇਤ ’ਤੇ ਉਨ੍ਹਾਂ ਨੂੰ ਅਦਾਲਤ ਵਿਚ ਤਲਬ ਕਰਨ ਲਈ ਲੁਧਿਆਣਾ ਦੀ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਪੀ. ਐੱਸ. ਕਾਲੇਕਾ ਦੀ ਅਦਾਲਤ ’ਚ ਬੀਤੇ ਦਿਨ ਵੀ ਬਹਿਸ ਨਹੀਂ ਹੋ ਸਕੀ। ਮਹਿਕਮੇ ਨੇ ਆਪਣੇ ਵਕੀਲ ਜ਼ਰੀਏ ਵਾਧੂ ਗਵਾਹੀ ਕਰਵਾਉਣ ਲਈ ਅਦਾਲਤ ਵਿਚ ਇਕ ਅਰਜ਼ੀ ਦਾਖ਼ਲ ਕਰ ਦਿੱਤੀ ਹੈ, ਜਿਸ ’ਤੇ ਜੱਜ ਨੇ ਕੇਸ ਨੂੰ 23 ਮਾਰਚ ਲਈ ਰੱਦ ਕਰਦੇ ਹੋਏ ਇਸ ਨੂੰ ਬਹਿਸ ’ਤੇ ਰੱਖਿਆ ਹੈ।
ਆਪਣੀ ਅਰਜ਼ੀ ’ਚ ਮਹਿਕਮੇ ਨੇ ਕਿਹਾ ਕਿ ਉਹ ਕੇਸ ਵਿਚ ਪਹਿਲਾਂ ਹੀ ਲਗਾਏ ਗਏ ਸਾਰੇ ਦਸਤਾਵੇਜ਼ਾਂ ਦੀ ਤਸਦੀਕਸ਼ੁਦਾ ਕਾਪੀ ਲਾਉਣਾ ਚਾਹੁੰਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਦੇ ਖ਼ਿਲਾਫ਼ ਵੀ ਆਮਦਨ ਕਰ ਮਹਿਕਮੇ ਨੇ ਉਪਰੋਕਤ ਅਦਾਲਤ ’ਚ ਹੀ ਸ਼ਿਕਾਇਤਾਂ ਦਾਖ਼ਲ ਕਰ ਰੱਖੀਆਂ ਹਨ। ਵਰਣਨਯੋਗ ਹੈ ਕਿ ਆਮਦਨ ਕਰ ਮਹਿਕਮੇ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਖ਼ਿਲਾਫ਼ ਦਾਇਰ ਕੀਤੇ ਗਏ ਸਾਰੇ ਕੇਸਾਂ ’ਤੇ ਆਪਣੀਆਂ ਗਵਾਹੀਆਂ ਪੂਰੀਆਂ ਕਰ ਲਈਆਂ ਗਈਆਂ ਹਨ।
ਆਮਦਨ ਕਰ ਮਹਿਕਮੇ ਵੱਲੋਂ ਕੁਝ ਦਸਤਾਵੇਜ਼ਾਂ ਨੂੰ ਅਦਾਲਤ ਸਾਹਮਣੇ ਰੱਖਣ ਲਈ ਲਗਾਈਆਂ ਅਰਜ਼ੀਆਂ ਨੂੰ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਪੀ. ਐੱਸ. ਕਾਲੇਕਾ ਵੱਲੋਂ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਮਹਿਕਮੇ ਵੱਲੋਂ ਆਮਦਨ ਕਰ ਅਧਿਕਾਰੀ ਅਮਿਤ ਦੂਆ ਦੀ ਵਾਧੂ ਗਵਾਹੀ ਦੇ ਨਾਲ ਕੁਝ ਦਸਤਾਵੇਜ਼ ਵੀ ਅਦਾਲਤ ’ਚ ਪੇਸ਼ ਕੀਤੇ ਜਾ ਚੁੱਕੇ ਹਨ। ਵਰਣਨਯੋਗ ਹੈ ਕਿ ਤਤਕਾਲੀ ਸਥਾਨਕ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਜਾਪਿੰਦਰ ਸਿੰਘ ਦੀ ਅਦਾਲਤ ਨੇ ਜਾਣ-ਬੁੱਝ ਕੇ ਆਮਦਨ ਕਰ ਮਹਿਕਮੇ ਤੋਂ ਜਾਣਕਾਰੀ ਲੁਕੋਣ ਦੇ ਦੋਸ਼ ਵਿਚ ਆਮਦਨ ਕਰ ਮਹਿਕਮੇ ਵੱਲੋਂ ਦਾਇਰ ਫ਼ੌਜ਼ਦਾਰੀ ਸ਼ਿਕਾਇਤਾਂ ਦੇ ਚੱਲਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਤਲਬ ਕਰ ਲਿਆ ਸੀ। ਇਸੇ ਅਦਾਲਤ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਖ਼ਿਲਾਫ਼ ਦਾਇਰ ਕੇਸਾਂ ਨੂੰ ਅਦਾਲਤ ਨੇ 31 ਮਾਰਚ ਲਈ ਟਾਲ ਦਿੱਤਾ ਹੈ।