ਕੈਪਟਨ ਦੇ ਦਿਲ ਨੂੰ ਭਾਅ ਗਈ ਗੋਲਗੱਪੇ ਵੇਚਣ ਵਾਲੇ ਮੁੰਡੇ ਦੀ ਵੀਡੀਓ, ਕੀਤਾ ਵੱਡਾ ਐਲਾਨ
Saturday, Sep 12, 2020 - 08:35 AM (IST)

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਤੋਂ ਇਕ ਨੌਜਵਾਨ ਮੁੰਡੇ ਲਈ 5 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਹੈ। ਇਸ ਮੁੰਡੇ ਦੀ ਰੋਜ਼ੀ-ਰੋਟੀ ਕਮਾਉਣ ਲਈ ਸੜਕ ਦੇ ਕੰਡੇ ਗੋਲਗੱਪੇ ਵੇਚਣ ਦੀ ਵਾਇਰਲ ਹੋਈ ਵੀਡੀਓ ਨੇ ਹਜ਼ਾਰਾਂ ਲੋਕਾਂ ਦੇ ਦਿਲ ਨੂੰ ਛੂਹਿਆ ਹੈ। ਇਹ ਨੌਜਵਾਨ ਇਕ ਵਿਅਕਤੀ ਦੀ ਪੈਸੇ ਦੇਣ ਦੀ ਪੇਸ਼ਕਸ਼ ਨੂੰ ਇਹ ਕਹਿੰਦੇ ਹੋਏ ਠੁਕਰਾ ਦਿੰਦਾ ਹੈ ਕਿ ਉਹ ਸਿਰਫ ਹੱਥਾਂ ਨਾਲ ਮਿਹਨਤ ਕਰ ਕੇ ਹੀ ਪੈਸਾ ਕਮਾਉਣਾ ਚਾਹੁੰਦਾ ਹੈ।
‘ਕੈਪਟਨ ਨੂੰ ਸਵਾਲ’ ਪ੍ਰੋਗਰਾਮ ਦੌਰਾਨ ਇਕ ਸਵਾਲ ਕਰਤਾ ਨੂੰ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਇਸ ਵੀਡੀਓ ਨੂੰ ਵੀ ਵੇਖਿਆ ਹੈ ਜੋ ‘ਪੰਜਾਬੀਅਤ’ ਦੇ ਜਜ਼ਬੇ ਨੂੰ ਪ੍ਰਗਟ ਕਰਦੀ ਹੈ। ਉਨ੍ਹਾਂ ਨੇ ਵਿਅਕਤੀ ਵੱਲੋਂ ਦਿੱਤੇ ਸੁਝਾਅ ਕਿ ਸੂਬਾ ਸਰਕਾਰ ਵੱਲੋਂ ਇਸ ਮੁੰਡੇ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ, ਦੇ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਤੁਰੰਤ ਪੰਜ ਲੱਖ ਰੁਪਏ ਦਾ ਐਲਾਨ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇਹ ਰਕਮ ‘ਫਿਕਸਡ ਡਿਪਾਜ਼ਿਟ (ਐੱਫ. ਡੀ.) 'ਚ ਨਿਵੇਸ਼ ਕਰਨ ਲਈ ਕਹਿਣਗੇ ਅਤੇ ਇਸ ਦੇ ਵਿਆਜ ਨੂੰ ਇਸ ਮੁੰਡੇ ਦੀ ਸਿੱਖਿਆ ਲਈ ਇਸਤੇਮਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘ਮੈਂ ਇਸ ਨੌਜਵਾਨ ਲੜਕੇ ਦੀ ਹਿੰਮਤ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ।’