ਪਟਿਆਲਾ ਦੇ ਵਸਨੀਕ ਵੀ ‘ਕੈਪਟਨ ਨੂੰ ਪੁੱਛੋ’ ਲਾਈਵ ਪ੍ਰੋਗਰਾਮ ’ਚ ਹੋਏ ਰੂ-ਬ-ਰੂ

06/08/2020 10:27:00 AM

ਪਟਿਆਲਾ (ਰਾਜੇਸ਼) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਾਇਰਸ ਵਿਰੁੱਧ ਵਿੱਢੀ ਆਪਣੀ ਜੰਗ ‘ਮਿਸ਼ਨ ਫ਼ਤਿਹ’ ਦੌਰਾਨ ਆਰੰਭ ਕੀਤੇ ਗਏ ਵਿਸ਼ੇਸ਼ ਫੇਸਬੁੱਕ ਲਾਈਵ ਪ੍ਰੋਗਰਾਮ ‘ਆਸਕ ਕੈਪਟਨ’ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਦੋ ਵਸਨੀਕ ਵੀ ਮੁੱਖ ਮੰਤਰੀ ਨਾਲ ਰੂ-ਬ-ਰੂ ਹੋਏ। ਇਨ੍ਹਾਂ 'ਚੋਂ ਇਕ ਪਟਿਆਲਾ ਵਾਸੀ ਮਨਜੀਤ ਸਿੰਘ ਵੀ ਹੈ, ਜਿਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 1980 ਦੇ ਦਹਾਕੇ ਦੀ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਆਪਣੀ ਬੀਮਾਰੀ ਕਰ ਕੇ ਆਖਰੀ ਸਾਹ ਲੈਣ ਤੋਂ ਪਹਿਲਾਂ ਮੁੱਖ ਮੰਤਰੀ ਨਾਲ ਚਾਹ ਦਾ ਕੱਪ ਸਾਂਝਾ ਕਰਨ ਦੀ ਇੱਛਾ ਜਤਾਈ ਹੈ, ਜਿਸ ਨੂੰ ਮੁੱਖ ਮੰਤਰੀ ਨੇ ਤੁਰੰਤ ਸਵਿਕਾਰ ਕਰ ਲਿਆ।

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਮਨਜੀਤ ਸਿੰਘ ਦਾ ਹੌਸਲਾ ਵੀ ਵਧਾਉਂਦਿਆਂ ਕਿਹਾ ਕਿ, ‘ਆਪਾਂ ਇਕੱਠੇ ਰਹਿਣਾ, ਤੁਸੀਂ ਤਕੜੇ ਰਹੋ, ਤੁਹਾਨੂੰ ਅਸੀਂ ਕਿਤੇ ਨਹੀਂ ਜਾਣ ਦੇਣਾ।’ ਉਨ੍ਹਾਂ ਕਿਹਾ ਕਿ, ‘ਆਪਾਂ ਇਕੱਠੇ ਸੇਵਾ ਕਰਾਂਗੇ ਅਤੇ ਚਾਹ ਵੀ ਪੀਵਾਂਗੇ ਪਰ ਤੁਸੀਂ ਹੌਸਲਾ ਰੱਖੋ।’ ਮਨਜੀਤ ਸਿੰਘ ਨੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੀ ਇਕੱਠੇ ਚਾਹ ਪੀਣ ਦੀ ਇੱਛਾ ਸਵੀਕਾਰ ਕਰਨ ’ਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਕਿਹਾ ਕਿ ਉਹ ਸਰੀਰਕ ਤੌਰ ’ਤੇ ਕਾਫ਼ੀ ਬੀਮਾਰ ਰਹਿੰਦੇ ਹਨ ਅਤੇ ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਬਚਾਉਣ ਲਈ ਸ਼ੁਰੂ ਕੀਤਾ ‘ਮਿਸ਼ਨ ਫ਼ਤਿਹ’ ਜ਼ਰੂਰ ਕਾਮਯਾਬ ਹੋਵੇਗਾ ਅਤੇ ਅਸੀਂ ਪੰਜਾਬੀ ਕੋਵਿਡ-19 ਨੂੰ ਜ਼ਰੂਰ ਹਰਾਵਾਂਗੇ।’’

ਇਸੇ ਤਰ੍ਹਾਂ ਇਕ ਹੋਰ ਪਟਿਆਲਾ ਵਾਸੀ ਮੁਹੰਮਦ ਪਰਵੇਜ਼ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ੇਸ਼ ਲਾਈਵ ਪ੍ਰੋਗਰਾਮ ‘ਆਸਕ ਕੈਪਟਨ’ ਦਾ ਹਿੱਸਾ ਬਣੇ ਅਤੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਕੋਵਿਡ-19 ਦੌਰਾਨ ਪੰਜਾਬ ਦੇ ਸ਼ਹਿਰਾਂ, ਖਾਸ ਕਰ ਕੇ ਪਟਿਆਲਾ ’ਚ ਵੀ ਚੰਡੀਗੜ੍ਹ ਦੀ ਤਰਜ਼ ’ਤੇ ਸਾਈਕਲਿੰਗ ਟਰੈਕ ਬਣਾਏ ਜਾਣ। ਇਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਖੇਡ ਮਹਿਕਮੇ ਨੂੰ ਇਸ ਸਬੰਧੀਂ ਸੰਭਾਵਨਾਵਾਂ ਦੀ ਤਲਾਸ਼ ਕਰਨ ਲਈ ਆਖਣਗੇ।
 


Babita

Content Editor

Related News