ਕੋਵਿਡ ਕਾਰਨ ਚੀਨ ਤੋਂ ਉਦਯੋਗ ਬਾਹਰ ਕੱਢਣ ਲਈ ਰਾਹ ਦੇਖ ਰਹੀਆਂ ਕੰਪਨੀਆਂ ਤੋਂ ਵੱਡੀਆਂ ਉਮੀਦਾਂ : ਕੈਪਟਨ

Saturday, May 30, 2020 - 09:20 AM (IST)

ਕੋਵਿਡ ਕਾਰਨ ਚੀਨ ਤੋਂ ਉਦਯੋਗ ਬਾਹਰ ਕੱਢਣ ਲਈ ਰਾਹ ਦੇਖ ਰਹੀਆਂ ਕੰਪਨੀਆਂ ਤੋਂ ਵੱਡੀਆਂ ਉਮੀਦਾਂ : ਕੈਪਟਨ

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦਯੋਗਪਤੀਆਂ ਨੂੰ ਅਗਲੇ ਕੁਝ ਦਿਨਾਂ ’ਚ ਉਦਯੋਗਾਂ ਦੇ 100 ਫੀਸਦੀ ਕਾਰਜਸ਼ੀਲ ਹੋਣ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਚੀਨ ਤੋਂ ਉਦਯੋਗ ਬਾਹਰ ਲਿਜਾਣ ਬਾਰੇ ਰਾਹ ਦੇਖ ਰਹੀਆਂ ਕੰਪਨੀਆਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਉਨ੍ਹਾਂ ਕੋਲ ਅੱਗੇ ਵਧਣ ਦੇ ਵੱਡੇ ਮੌਕੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ 'ਚ ਉਦਯੋਗਿਕ ਇਕਾਈਆਂ ਸਥਾਪਤ ਕਰਨ ਅਤੇ ਨਿਵੇਸ਼ ਕਰਨ ਲਈ ਸੱਦਾ ਦੇਣ ਵਾਸਤੇ ਉਨ੍ਹਾਂ ਦੀ ਸਰਕਾਰ ਪਹਿਲਾਂ ਹੀ ਕਈ ਮੁਲਕਾਂ ਦੇ ਸੰਪਰਕ ’ਚ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਸੂਬਾ ਚੀਨ ਤੋਂ ਜਾਣ ਵਾਲੇ ਬਹੁਤ ਸਾਰੇ ਉਦਯੋਗਾਂ ਨੂੰ ਆਕਰਸ਼ਿਤ ਕਰਨ ਦੇ ਯੋਗ ਹੋਵੇਗਾ। ਕੋਵਿਡ ਦੀ ਤਾਲਾਬੰਦੀ ਉਪਰੰਤ ਸੂਬੇ ਦੀ ਆਰਥਿਕਤਾ ਦੀ ਪੁਨਰ ਸੁਰਜੀਤੀ ਲਈ ਸਨਅਤਕਾਰਾਂ ਦੇ ਸੁਝਾਵਾਂ ਨੂੰ ਧਿਆਨ ’ਚ ਰੱਖਣ ਦਾ ਵਾਅਦਾ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਦੇ ਵਿਕਾਸ ’ਚ ਉਦਯੋਗਾਂ ਵਲੋਂ ਨਿਭਾਈ ਜਾ ਰਹੀ ਭੂਮਿਕਾ ਅਤੇ ਇਨ੍ਹਾਂ ਔਖੇ ਸਮਿਆਂ ’ਚ ਵੀ ਆਮ ਕਾਰੋਬਾਰ ਨੂੰ ਬਹਾਲ ਕਰਨ ਲਈ ਉਨ੍ਹਾਂ ਦੇ ਲਗਾਤਾਰ ਯਤਨਾਂ ਦਾ ਵੀ ਜ਼ਿਕਰ ਕੀਤਾ।


author

Babita

Content Editor

Related News