ਕੈਪਟਨ ਦਾ ਵੱਡਾ ਐਲਾਨ, ਗਰੀਬ ਬੱਚਿਆਂ ਦੀ ''ਪੜ੍ਹਾਈ'' ਹੋਵੇਗੀ ਮੁਫਤ

12/11/2019 8:56:05 AM

ਚੰਡੀਗੜ੍ਹ : ਸੂਬੇ ਦੇ ਆਰਥਿਕ ਤੌਰ 'ਤੇ ਪੱਛੜੇ ਯੋਗ ਵਿਦਿਆਰਥੀਆਂ ਨੂੰ ਹਥਿਆਰਬੰਦ ਸੈਨਾਵਾਂ 'ਚ ਭਰਤੀ ਹੋਣ ਲਈ ਸਹੂਲਤ ਮੁਹੱਈਆ ਕਰਵਾਉਣ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਐਲਾਨ ਕੀਤਾ ਹੈ। ਕੈਪਟਨ ਨੇ ਫੈਸਲਾ ਕੀਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਆਰਮਿਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ 'ਚ ਦਾਖਲ ਹੋਣ ਵਾਲੇ ਗਰੀਬ ਵਿਦਿਆਰਥੀਆਂ ਦੀ ਗਿਆਰਵੀਂ ਤੇ ਬਾਰ੍ਹਵੀਂ ਦੀ ਪੜ੍ਹਾਈ ਦਾ ਖਰਚਾ ਸੂਬਾ ਸਰਕਾਰ ਸਹਿਣ ਕਰੇਗੀ।
ਮਹਾਰਾਜਾ ਰਣਜੀਤ ਸਿੰਘ ਆਰਮਿਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੀ ਗਰਵਨਿੰਗ ਬਾਡੀ ਦੀ ਚੌਥੀ ਮੀਟਿੰਗ ਤੋਂ ਬਾਅਦ ਬੁਲਾਰੇ ਨੇ ਦੱਸਿਆ ਕਿ ਇਸ ਸੰਸਥਾ ਨੇ ਪ੍ਰਵੇਸ਼ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਤਾਲੀਮ ਲਈ ਮੋਹਾਲੀ ਦੇ ਵੱਕਾਰੀ ਪ੍ਰਾਈਵੇਟ ਸਕੂਲ ਨਾਲ ਸਮਝੌਤਾ ਕੀਤਾ ਹੈ।ਸੀਨੀਅਰ ਸੈਕੰਡਰੀ ਸਕੂਲ ਸਿੱਖਿਆ ਲਈ ਮੌਜੂਦਾ ਸਮੇਂ 40 ਅਜਿਹੇ ਵਿਦਿਆਰਥੀਆਂ ਦੀ ਚੋਣ ਹੋਈ ਹੈ ਪਰ ਹਰੇਕ ਵਿਦਿਆਰਥੀ ਨੂੰ ਸਾਲਾਨਾ 45000 ਰੁਪਏ ਅਦਾ ਕਰਨ ਦੀ ਲੋੜ ਹੈ।

ਮੁੱਖ ਮੰਤਰੀ ਦੇ ਆਦੇਸ਼ਾਂ 'ਤੇ ਜਿਹੜੇ ਗਰੀਬ ਤੇ ਯੋਗ ਵਿਦਿਆਰਥੀ ਪ੍ਰਵੇਸ਼ ਪ੍ਰੀਖਿਆ ਦੇ ਅਧਾਰ 'ਤੇ ਸੰਸਥਾ 'ਚ ਦਾਖਲ ਹਨ, ਉਹ ਮੋਹਾਲੀ ਸਕੂਲ 'ਚ ਸਿੱਖਿਆ ਹਾਸਲ ਕਰਨ ਦੇ ਵੀ ਯੋਗ ਹੋਣਗੇ। ਸੰਸਥਾ ਦੇ ਵਾਧੂ ਖਰਚਿਆਂ ਬਾਰੇ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਕਾਰਪਸ ਲਈ 18 ਕਰੋੜ ਦੀ ਰਾਸ਼ੀ ਜੁਟਾਉਣ ਲਈ 8.5 ਕਰੋੜ ਰੁਪਏ ਤੋਂ ਇਲਾਵਾ 9.5 ਕਰੋੜ ਰੁਪਏ ਦੇ ਵਾਧੂ ਫੰਡਾਂ ਦੀ ਮੰਗ ਸਬੰਧੀ ਪੇਸ਼ ਕੀਤੇ ਗਏ ਪ੍ਰਸਤਾਵ ਨੂੰ ਘੋਖਣ ਲਈ ਕਿਹਾ।

ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਅਤੇ ਤਿਆਰ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਨੇ ਡਾਇਰੈਕਟਰ ਜਨਰਲ ਨੂੰ ਸਕੂਲ ਸਿੱਖਿਆ ਦੇ ਸਕੱਤਰ ਦੇ ਸਲਾਹ-ਮਸ਼ਵਰੇ ਨਾਲ ਪ੍ਰਾਈਵੇਟ ਸਕੂਲਾਂ 'ਚ ਕੈਡਿਟ ਟ੍ਰੇਨਿੰਗ ਵਿੰਗ ਦੀ ਸਥਾਪਨਾ ਦੀ ਯੋਜਨਾ ਦੀ ਤਰਜ਼ 'ਤੇ ਚੋਣਵੇਂ ਸਰਕਾਰੀ ਸਕੂਲਾਂ ਵਿੱਚ ਅਜਿਹੇ ਵਿੰਗ ਸਥਾਪਤ ਕਰਨ ਬਾਰੇ ਤਜਵੀਜ਼ ਤਿਆਰ ਕਰਨ ਦੇ ਹੁਕਮ ਦਿੱਤੇ।


Babita

Content Editor

Related News