ਕੈਪਟਨ ਵਲੋਂ ਪਾਕਿਸਤਾਨ ਨਾਲ ਦੋਸਤੀ ਦੀ ਵਕਾਲਤ, ਨਾਲ ਹੀ ਦਿੱਤੀ ਚਿਤਾਵਨੀ
Monday, Nov 25, 2019 - 01:55 PM (IST)
![ਕੈਪਟਨ ਵਲੋਂ ਪਾਕਿਸਤਾਨ ਨਾਲ ਦੋਸਤੀ ਦੀ ਵਕਾਲਤ, ਨਾਲ ਹੀ ਦਿੱਤੀ ਚਿਤਾਵਨੀ](https://static.jagbani.com/multimedia/2019_11image_13_01_026239020captain11.jpg)
ਬਰਮਿੰਘਮ/ਚੰਡੀਗੜ੍ਹ (ਵਰੁਣ, ਸੰਜੀਵ ਭਨੌਟ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਰਾਤ ਪਾਕਿਸਤਾਨ ਨਾਲ ਦੋਸਤੀ ਦੀ ਪੁਰਜ਼ੋਰ ਵਕਾਲਤ ਕੀਤੀ ਅਤੇ ਕਿਹਾ ਕਿ ਦੋਹਾਂ ਦੇਸ਼ਾਂ ਦੀ ਤਰੱਕੀ ਲਈ ਅਤੇ ਅੱਗੇ ਵਧਣ ਲਈ ਇਹ ਦੋਸਤੀ ਜ਼ਰੂਰੀ ਹੈ ਪਰ ਇਸ ਦੇ ਨਾਲ ਹੀ ਕੈਪਟਨ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਵਰਗੀਆਂ ਤਾਕਤਾਂ ਨੂੰ ਕਿਸੇ ਵੀ ਸੂਰਤ 'ਚ ਭਾਰਤ ਦੀ ਸ਼ਾਂਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ।
ਮੁੱਖ ਮੰਤਰੀ ਬਰਮਿੰਘਮ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਕਰ ਰਹੇ ਸਨ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਐੱਸ. ਐੱਫ. ਜੇ. ਨੂੰ ਇਕ ਕੱਟੜ ਅੱਤਵਾਦੀ ਸੰਗਠਨ ਦੱਸਿਆ। ਕੈਪਟਨ ਨੇ ਪਿਛਲੇ ਕੁਝ ਸਾਲਾਂ ਦੌਰਾਨ ਅੱਤਵਾਦ ਸਬੰਧੀ ਗ੍ਰਿਫਤਾਰੀਆਂ ਅਤੇ ਹਥਿਆਰਾਂ ਦੀ ਬਰਾਮਦਗੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਤੋਂ ਐੱਸ. ਐੱਫ. ਜੇ. ਦੇ ਇਰਾਦੇ ਸਾਫ ਜ਼ਾਹਰ ਹੁੰਦੇ ਹਨ ਪਰ ਪੰਜਾਬ ਅਤੇ ਭਾਰਤ ਸਰਕਾਰ ਦੋਵੇਂ ਇਸ ਨਾਲ ਲੋਹਾ ਲੈਣ ਲਈ ਇਕਦਮ ਤਿਆਰ ਹਨ।