ਕੈਪਟਨ ਦਿੱਲੀ ਤੋਂ ਚੰਡੀਗੜ੍ਹ ਪਰਤੇ, ਕੈਬਨਿਟ ਮੰਤਰੀਆਂ ਨਾਲ ਕੀਤੀ ਮੁਲਾਕਾਤ

Thursday, May 30, 2019 - 10:10 AM (IST)

ਕੈਪਟਨ ਦਿੱਲੀ ਤੋਂ ਚੰਡੀਗੜ੍ਹ ਪਰਤੇ, ਕੈਬਨਿਟ ਮੰਤਰੀਆਂ ਨਾਲ ਕੀਤੀ ਮੁਲਾਕਾਤ

ਜਲੰਧਰ/ਚੰਡੀਗੜ੍ਹ  (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਤੋਂ ਚੰਡੀਗੜ੍ਹ ਪਰਤ ਆਏ ਹਨ। ਬੁੱਧਵਾਰ ਸਵੇਰੇ ਤੋਂ ਹੀ ਚੰਡੀਗੜ੍ਹ ਦੇ ਮੁੱਖ ਮੰਤਰੀ ਨਿਵਾਸ ਵਿਖੇ ਸਿਆਸੀ ਗਹਿਮਾ-ਗਹਿਮੀ ਮੁੜ ਤੋਂ ਸ਼ੁਰੂ ਹੋ ਗਈ। ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾਣ ਪਿੱਛੋਂ ਮੁੱਖ ਮੰਤਰੀ ਦਿੱਲੀ ਚਲੇ ਗਏ ਸਨ, ਜਿੱਥੇ ਉਨ੍ਹਾਂ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਬੈਠਕ 'ਚ ਹਿੱਸਾ ਲਿਆ ਸੀ। ਇਸ ਦੇ ਨਾਲ ਹੀ ਕਾਂਗਰਸ ਦੀ ਸੀਨੀਅਰ ਆਗੂਆਂ ਨਾਲ ਮੁਲਾਕਾਤ ਵੀ ਕੀਤੀ ਸੀ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕੈਪਟਨ ਦੇ ਚੰਡੀਗੜ੍ਹ ਪਰਤਦਿਆਂ ਹੀ ਪੰਜਾਬ ਦੇ ਕਈ ਕੈਬਨਿਟ ਮੰਤਰੀਆਂ ਨੇ ਉਨ੍ਹਾਂ ਨਾਲ ਮੁੱਖ ਮੰਤਰੀ ਨਿਵਾਸ ਵਿਖੇ ਮੁਲਾਕਾਤ ਕੀਤੀ। ਲੋਕ ਸਭਾ ਦੀਆਂ ਚੋਣਾਂ ਪਿੱਛੋਂ ਮੁੱਖ ਮੰਤਰੀ ਵੱਲੋਂ ਆਪਣੇ ਸਾਥੀ ਮੰਤਰੀਆਂ ਨਾਲ ਕੀਤੀ ਗਈ ਬੈਠਕ ਨੂੰ ਭਾਰੀ ਅਹਿਮੀਅਤ ਦਿੱਤੀ ਜਾ ਰਹੀ ਹੈ। ਪੰਜਾਬ ਦੇ ਕੁਝ ਮੰਤਰੀਆਂ ਦੇ ਵਿਭਾਗਾਂ 'ਚ ਫੇਰਬਦਲ ਦੇ ਚਰਚੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਹਨ। ਮੁੱਖ ਮੰਤਰੀ ਨੇ ਖੁਦ ਪ੍ਰੈੱਸ ਕਾਨਫਰੰਸ 'ਚ ਨਵਜੋਤ ਸਿੰਘ ਸਿੱਧੂ ਦਾ ਵਿਭਾਗ ਬਦਲੇ ਜਾਣ ਬਾਰੇ ਸੰਕੇਤ ਦਿੱਤੇ ਸਨ। ਇਸ ਨੂੰ ਦੇਖਦਿਆਂ ਸ਼ਹਿਰੀ ਖੇਤਰਾਂ ਨਾਲ ਸਬੰਧ ਰੱਖਦੇ ਕਈ ਮੰਤਰੀ ਸਿੱਧੂ ਦਾ ਵਿਭਾਗ ਲੈਣ ਲਈ ਲਾਂਬਿੰਗ 'ਚ ਜੁਟ ਗਏ ਹਨ। ਕੁਝ ਮੰਤਰੀ ਆਪਣੇ ਵਿਭਾਗ ਬਚਾਉਣ ਲਈ ਵੀ ਸਰਗਰਮ ਹੋ ਗਏ ਹਨ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਚੰਡੀਗੜ੍ਹ ਆਉਂਦਿਆਂ ਹੀ ਕਈ ਮੰਤਰੀ ਵੀ ਇਥੇ ਪਹੁੰਚ ਗਏ। ਇਸ ਕਾਰਨ ਸਰਕਾਰੀ ਕੰਮਕਾਜ ਮੁੜ ਤੋਂ ਸ਼ੁਰੂ ਹੋ ਗਿਆ। ਮੁੱਖ ਮੰਤਰੀ ਨੇ 3-4 ਘੰਟਿਆਂ ਤੱਕ ਲਗਾਤਾਰ ਵੱਖ-ਵੱਖ ਬੈਠਕਾਂ ਕੀਤੀਆਂ। ਲੋਕ ਸਭਾ ਦੀਆਂ ਚੋਣਾਂ ਲਈ ਪਾਰਟੀ ਦੀ ਸਥਿਤੀ 'ਤੇ ਸਮੀਖਿਆ ਹੋਈ। ਮੁੱਖ ਮੰਤਰੀ ਨੂੰ ਕਈ ਮੰਤਰੀਆਂ ਨੇ ਆਪਣੇ-ਆਪਣੇ ਹਲਕਿਆਂ 'ਚ ਕਾਂਗਰਸ ਨੂੰ ਪਈਆਂ ਵੋਟਾਂ ਬਾਰੇ ਵਿਸਥਾਰ ਨਾਲ ਦੱਸਿਆ। ਮੁੱਖ ਮੰਤਰੀ ਨਾਲ ਇਹ ਚਰਚਾ ਵੀ ਹੁੰਦੀ ਰਹੀ ਕਿ ਸ਼ਹਿਰੀ ਖੇਤਰਾਂ 'ਚ ਪਾਰਟੀ ਨੂੰ ਆਪਣੇ ਲੋਕ ਆਧਾਰ ਨੂੰ ਮਜ਼ਬੂਤ ਕਰਨ ਲਈ ਕਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਸ਼ਹਿਰੀ ਖੇਤਰਾਂ 'ਚ ਇਸ ਵਾਰ ਵੋਟ ਬੈਂਕ ਵੰਡਿਆ ਗਿਆ ਸੀ। ਪੇਂਡੂ ਖੇਤਰਾਂ 'ਚ ਵੋਟ ਬੈਂਕ ਨੇ ਪੂਰੀ ਤਰ੍ਹਾਂ ਕਾਂਗਰਸ ਦਾ ਸਾਥ ਦਿੱਤਾ ਸੀ। ਇਸ ਨੂੰ ਦੇਖਦਿਆਂ ਸਰਕਾਰ ਵੱਲੋਂ ਹੁਣ ਸ਼ਹਿਰੀ ਖੇਤਰਾਂ ਨੂੰ ਲੈ ਕੇ ਨਵੀਂ ਰਣਨੀਤੀ ਬਣਾਉਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਸ਼ਹਿਰਾਂ ਨਾਲ ਸਬੰਧਤ ਪ੍ਰਾਜੈਕਟਾਂ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕਰਨ ਅਤੇ ਸ਼ਹਿਰੀ ਹਲਕਿਆਂ 'ਚ ਵਿਕਾਸ ਕਾਰਜਾਂ ਲਈ ਵਿਸ਼ੇਸ਼ ਫੰਡਾਂ ਦੇ ਪ੍ਰਬੰਧ ਕਰਨ ਬਾਰੇ ਵੀ ਵਿਚਾਰ ਹੋ ਰਿਹਾ ਹੈ।


author

shivani attri

Content Editor

Related News