ਜੇ ਉਹ ਸਾਡੇ 41 ਫੌਜੀਆਂ ਨੂੰ ਮਾਰਨਗੇ ਤਾਂ ਸਾਨੂੰ 82 ਮਾਰਨੇ ਚਾਹੀਦੈ : ਕੈਪਟਨ

02/19/2019 1:00:02 PM

ਚੰਡੀਗੜ੍ਹ : ਰੋਜ਼ਾਨਾ ਭਾਰਤੀ ਫੌਜੀਆਂ ਦੀਆਂ ਮੂਰਖਤਾਪੂਰਨ ਹੱਤਿਆਵਾਂ ਤੋਂ ਪੂਰਾ ਦੇਸ਼ ਤੰਗ ਹੋ ਜਾਣ ਦੀ ਗੱਲ 'ਤੇ ਜ਼ੋਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਵਿਰੁੱਧ ਤਿੱਖੀ ਕਾਰਵਾਈ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਫੌਜੀ, ਰਾਜਦੂਤਕ, ਆਰਥਿਕ ਕਾਰਵਾਈ ਜਾਂ ਤਿੰਨੇ ਕਾਰਵਾਈਆਂ ਇਕੱਠੀਆਂ ਕਰਨ ਦਾ ਸੁਝਾਅ ਦਿੱਤਾ ਹੈ।ਪੁਲਵਾਮਾ ਅੱਤਵਾਦੀ ਹਮਲੇ ਦੇ ਸੰਦਰਭ ਵਿੱਚ ਤਿੱਖੀ ਪਹੁੰਚ ਅਪਣਾਉਣ ਦੀ ਵਕਾਲਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਾਰਵਾਈ ਕਰਨ ਸਬੰਧੀ ਫੈਸਲਾ ਕੇਂਦਰ ਨੇ ਕਰਨਾ ਹੈ ਪਰ ਇਹ ਸਪਸ਼ਟ ਹੈ ਕਿ ਕੁਝ ਕਦਮ ਜ਼ਰੂਰੀ ਤੌਰ 'ਤੇ ਚੁਕਣੇ ਚਾਹੀਦੇ ਹਨ। ਕੁਝ ਟੀ. ਵੀ. ਚੈਨਲਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਹੁਣ ਕਾਰਵਾਈ ਚਾਹੁੰਦਾ ਹੈ।ਪੂਰੀ ਤਰ੍ਹਾਂ ਉਤੇਜਿਤ ਦਿਸੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਕੋਈ ਕਿਸੇ ਨੂੰ ਜੰਗ ਬਾਰੇ ਨਹੀਂ ਆਖ ਰਿਹਾ ਪਰ ਫੌਜੀਆਂ ਦੀਆਂ ਇਹ ਹੱਤਿਆਵਾਂ ਮਜ਼ਾਕ ਨਹੀਂ ਹਨ। ਕੁਝ ਨਾ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ। ਮੈਂ ਪੂਰੀ ਤਰ੍ਹਾਂ ਪਰੇਸ਼ਾਨ ਹਾਂ, ਸੱਮੁਚਾ ਦੇਸ਼ ਪਰੇਸ਼ਾਨ ਹੈ।”ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਜੰਗ ਲਈ ਨਹੀਂ ਆਖ ਰਹੇ ਪਰ ਉਹ ਲਾਜ਼ਮੀ ਤੌਰ 'ਤੇ ਪਾਕਿਸਤਾਨ ਵਿਰੁੱਧ ਜੈਸੇ ਕੋ ਤੈਸਾ ਦੀ ਨੀਤੀ ਅਪਣਾਏ ਜਾਣਾ ਚਾਹੁੰਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਇਸ ਕਰਕੇ ਭਾਰਤ ਨੂੰ ਬੰਦੀ ਨਹੀ ਬਣਾ ਸਕਦੇ ਕਿ ਉਹ ਪ੍ਰਮਾਣੂ ਦੇਸ਼ ਹੈ। ਇਥੋਂ ਤੱਕ ਕਿ ਅਸੀਂ ਵੀ ਪ੍ਰਮਾਣੂ ਸ਼ਕਤੀ ਹਾਂ। ਇੱਥੋਂ ਤੱਕ ਕਿ ਕਾਰਗਿਲ ਦੇ ਸਮੇਂ ਵੀ ਪਾਕਿਸਤਾਨ ਪ੍ਰਮਾਣੂ ਸਮਰੱਥਾ ਵਾਲਾ ਦੇਸ਼ ਹੋਣ ਦੀ ਗੱਲ ਆਖਦੇ ਹੋਏ ਉਨ੍ਹਾਂ ਕਿਹਾ ਕਿ ਇਸ ਗੱਲ ਦੇ ਬਾਵਜੂਦ ਭਾਰਤੀ ਫੌਜ ਨੇ ਉਸ ਨੂੰ ਹਰਾਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਦਬਾਅ ਦੇ ਕਾਰਨ ਪਾਕਿਸਤਾਨ ਕਿਸੇ ਵੀ ਹਾਲਤ ਵਿੱਚ ਪ੍ਰਮਾਣੂ ਹਥਿਆਰਾਂ ਦੀ ਕਦੀ ਵਰਤੋਂ ਨਹੀਂ ਕਰ ਸਕਦਾ ਕਿਉਂਕਿ ਅੰਤਰਰਾਸ਼ਟਰੀ ਦਬਾਅ ਉਸ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦਾ। ਉਨ•ਾਂ ਸੁਝਾਅ ਦਿੱਤਾ ਕਿ ਨਵੀਂ ਦਿੱਲੀ ਨੂੰ ਪਾਕਿਸਤਾਨ ਦੀਆਂ ਅਜਿਹੀਆਂ ਗਿੱਦੜ ਭਭਕੀਆਂ ਵਿਰੁੱਧ ਡਟਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵਿਰੁੱਧ ਕਿਹੜੀ ਕਾਰਵਾਈ ਕਰਨੀ ਹੈ, ਇਸ ਦਾ ਫੈਸਲਾ ਭਾਰਤੀ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੇ ਕਰਨਾ ਹੈ ਪਰ ਇਹ ਸਪਸ਼ਟ ਹੈ ਕਿ ਕੁਝ ਨਾ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ। ਭਾਵੁਕ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੱਲਬਾਤ ਦਾ ਸਮਾਂ ਹੁੰਦਾ ਹੈ ਪਰ ਹੁਣ ਗੱਲਬਾਤ ਦਾ ਸਮਾਂ ਨਹੀ ਹੈ। ਇਸ ਵੇਲੇ ਦੇਸ਼ ਭਰ ਵਿੱਚ ਗੁੱਸੇ ਦੀ ਲਹਿਰ ਹੈ ਅਤੇ ਲੋਕ ਭਾਰਤ ਸਰਕਾਰ ਵੱਲੋਂ ਕੁਝ ਸਖਤ ਕਦਮ ਚੁੱਕੇ ਜਾਣਾ ਚਾਹੁੰਦੇ ਹਨ।
ਸਾਬਕਾ ਫੌਜੀ ਜਿਸਦਾ ਪਹਿਲਾ ਪਿਆਰ ਹੀ ਫੌਜ ਹੈ, ਨੇ ਐਲਾਨ ਕੀਤਾ ਕਿ ਜੇ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਅੱਤਵਾਦੀ ਸਾਡੇ ਫੌਜੀਆਂ ਨੂੰ ਮਾਰਣਗੇ ਤਾਂ ਸਾਨੂੰ ਕੁਝ ਕਰਨਾ ਪਵੇਗਾ। ਅੱਤਵਾਦੀਆਂ ਦੀਆਂ ਸੁਰੱਖਿਅਤ ਥਾਵਾਂ ਨੂੰ ਤਬਾਹ ਕਰਨ ਵਾਸਤੇ ਸਰਗਰਮ ਭੂਮਿਕਾ ਨਿਭਾਏ ਜਾਣ ਦਾ ਸੱਦਾ ਦਿੰਦੇ ਹੋਏ ਉਨ•ਾਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਅੱਤਵਾਦੀ ਸੰਗਠਨਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਜੇ ਉਹ ਸਾਡੇ 41 ਫੌਜੀਆਂ ਨੂੰ ਮਾਰਣਗੇ ਤਾਂ ਸਾਨੂੰ 82 ਮਾਰਨੇ ਚਾਹੀਦੇ ਹਨ। ਮੁੱਖ ਮੰਤਰੀ ਨੇ ਅੱਖ ਬਦਲੇ ਅੱਖ ਅਤੇ ਦੰਦ ਬਦਲੇ ਦੰਦ ਦੀ ਮੰਗ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਫੌਜ ਓਦੋਂ ਤੋਂ ਹੀ ਨਰਮ ਰੁੱਖ ਅਪਣਾਉਂਦੀ ਆ ਰਹੀ ਜਦੋ ਉਹ 50 ਸਾਲ ਪਹਿਲਾਂ ਫੌਜ ਭਰਤੀ ਹੋਏ ਸਨ। ਉਨ•ਾਂ ਕਿਹਾ ਕਿ ਉਨ•ਾਂ ਨੂੰ ਕਸ਼ਮੀਰ ਵਿੱਚ ਨੌਜਵਾਨਾਂ 'ਤੇ ਗੋਲੀਆਂ ਦਾਗਣ ਦੀ ਥਾਂ ਜੈਸ਼-ਏ-ਮੁਹੰਮਦ ਦੇ ਪਿੱਛੇ ਪੈਣਾ ਚਾਹੀਦਾ ਹੈ। ਕਸ਼ਮੀਰੀਆਂ ਦੇ ਦਿੱਲ ਅਤੇ ਮਨ ਪਿਆਰ ਨਾਲ ਜਿੱਤਣ 'ਤੇ ਜ਼ੋਰ ਦਿੰਦੇ ਹੋਏ ਉਨ•ਾਂ ਨੇ ਫੌਜ ਨੂੰ ਅਪੀਲ ਕੀਤੀ ਕਿ ਉਹ ਕਸ਼ਮੀਰੀ ਨੌਜਵਾਨਾਂ ਨੂੰ ਆਪਣੇ ਦੁਸ਼ਮਣਾ ਵਜੋਂ ਨਾ ਦੇਖੇ।


Babita

Content Editor

Related News