ਕੈਪਟਨ ਨੇ ਜ਼ਖਮੀ ASI ਦਾ ਪੁੱਛਿਆ ਹਾਲ ਤੇ ਬਹਾਦਰੀ ਲਈ ਦਿੱਤੀ ਸ਼ਾਬਾਸ਼ੀ

04/13/2020 10:02:06 PM

ਚੰਡੀਗੜ੍ਹ,(ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਏ. ਐੱਸ. ਆਈ. ਹਰਜੀਤ ਸਿੰਘ, ਜਿਸ ਦਾ ਬੀਤੇ ਦਿਨੀਂ ਪਟਿਆਲਾ ਵਿਖੇ ਹਮਲੇ 'ਚ ਹੱਥ ਵੱਢਿਆ ਗਿਆ ਸੀ, ਨਾਲ ਗੱਲਬਾਤ ਕਰ ਕੇ ਉਸ ਦੀ ਸਿਹਤ ਦਾ ਹਾਲ-ਚਾਲ ਪੁੱਛਿਆ ਤੇ ਉਸ ਨੂੰ ਸੂਬਾ ਸਰਕਾਰ ਵਲੋਂ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਮੁੱਖ ਮੰਤਰੀ ਨੇ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹਰਜੀਤ ਸਿੰਘ ਦੀ ਸਫ਼ਲ ਪਲਾਸਿਟਕ ਸਰਜਰੀ 'ਤੇ ਖੁਸ਼ੀ ਜ਼ਾਹਰ ਕਰਦਿਆਂ ਇਸ ਗੱਲ 'ਤੇ ਪੂਰਾ ਵਿਸ਼ਵਾਸ ਪ੍ਰਗਟਾਇਆ ਕਿ ਉਹ ਇਸ ਮੰਦਭਾਗੇ ਹਾਦਸੇ ਤੋਂ ਉਭਰਦਾ ਹੋਇਆ ਪੂਰੀ ਤਰ੍ਹਾਂ ਤੰਦਰੁਸਤ ਅਤੇ ਸਿਹਤਯਾਬ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰੇ ਸੂਬੇ ਨੂੰ ਉਸ 'ਤੇ ਮਾਣ ਹੈ। ਉਨ੍ਹਾਂ ਹਰਜੀਤ ਸਿੰਘ ਨੂੰ ਅਪੀਲ ਵੀ ਕੀਤੀ ਕਿ ਜੇਕਰ ਉਸ ਨੂੰ ਕਿਸੇ ਕਿਸਮ ਦੀ ਜ਼ਰੂਰਤ ਹੈ ਤਾਂ ਉਹ ਹਸਪਤਾਲ ਵਿਚ ਮੌਜੂਦ ਸੀਨੀਅਰ ਪੁਲਸ ਅਧਿਕਾਰੀਆਂ ਰਾਹੀਂ ਉਨ੍ਹਾਂ (ਮੁੱਖ ਮੰਤਰੀ) ਨੂੰ ਦੱਸਣ। ਮੁੱਖ ਮੰਤਰੀ ਨੇ ਉਸ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਵੀ ਕੀਤੀ। ਏ. ਐੱਸ. ਆਈ. ਦਾ ਹੌਸਲਾ ਵਧਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਕ ਸਾਥੀ ਦਾ ਇਹੋ ਜਿਹਾ ਤਜਰਬਾ ਸਾਂਝਾ ਕੀਤਾ, ਜਿਸ ਨੇ ਆਪਣਾ ਹੱਥ ਗੁਆ ਲਿਆ ਸੀ ਅਤੇ ਇਸੇ ਤਰ੍ਹਾਂ ਦੀ ਸਰਜਰੀ 'ਚੋਂ ਗੁਜ਼ਰਿਆ ਸੀ। ਉਨ੍ਹਾਂ ਹਰਜੀਤ ਸਿੰਘ ਨੂੰ ਦੱਸਿਆ ਕਿ ਉਹ ਪੂਰੀ ਤਰ੍ਹਾਂ ਠੀਕ ਹੋ ਗਿਆ ਸੀ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੈ।

ਮੁੱਖ ਮੰਤਰੀ ਨੇ ਏ. ਐੱਸ. ਆਈ. ਨੂੰ ਕਿਹਾ ਕਿ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਇਸ ਸੰਕਟ 'ਚੋਂ ਬਾਹਰ ਕੱਢਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਸਾਰਾ ਸੂਬਾ ਉਨ੍ਹਾਂ ਦੇ ਨਾਲ ਖੜ੍ਹਾ ਹੈ। ਅਮਰਿੰਦਰ ਨੇ ਉਨ੍ਹਾਂ 'ਤੇ ਬਿਨਾਂ ਕਿਸੇ ਕਾਰਣ ਤੋਂ ਬੇਰਹਿਮੀ ਨਾਲ ਹੋਏ ਹਮਲੇ 'ਚ ਸ਼ਾਮਲ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦਾ ਵਾਅਦਾ ਵੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚੀ ਪੁਲਸ ਫੋਰਸ ਮੌਜੂਦਾ ਸਮੇਂ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਕਰਫਿਊ ਨੂੰ ਲਾਗੂ ਕਰਨ ਅਤੇ ਲੋੜਵੰਦਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਮੁਸ਼ਕਲ ਅਤੇ ਮਹੱਤਵਪੂਰਣ ਕੰਮ 'ਚ ਲੱਗੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਫੋਰਸ 'ਤੇ ਅਜਿਹੇ ਕਿਸੇ ਵੀ ਹਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਪੀ. ਜੀ. ਆਈ. ਦੇ ਡਾਇਰੈਕਟਰ ਡਾ. ਜਗਤ ਰਾਮ ਅੱਜ ਸਵੇਰੇ ਏ. ਐੱਸ. ਆਈ. ਨੂੰ ਮਿਲੇ ਅਤੇ ਬਾਅਦ 'ਚ ਦੱਸਿਆ ਕਿ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਪ੍ਰੋ. ਰਮੇਸ਼ ਸ਼ਰਮਾ ਦੀ ਅਗਵਾਈ 'ਚ ਡਾਕਟਰਾਂ ਦੀ ਇਕ ਟੀਮ ਨੇ ਹਰਜੀਤ ਸਿੰਘ ਦੀ ਜਾਂਚ ਕੀਤੀ। ਉਨ੍ਹਾਂ ਨੇ ਮਰੀਜ਼ ਦੀ ਹਾਲਤ ਨੂੰ ਸਥਿਰ ਦੱਸਿਆ ਪਰ ਜ਼ਿਆਦਾ ਲੋਕਾਂ ਨੂੰ ਨਾ ਮਿਲਣ ਸਬੰਧੀ ਸਾਵਧਾਨ ਕੀਤਾ ਅਤੇ ਕਿਹਾ ਕਿ ਇਸ ਸਮੇਂ ਸਿਰਫ ਉਨ੍ਹਾਂ ਦੀ ਪਤਨੀ ਨੂੰ ਹੀ ਦਿਨ 'ਚ ਇਕ ਵਾਰ ਮਿਲਣ ਦੀ ਆਗਿਆ ਹੈ। ਗੁਪਤਾ ਨੇ ਅੱਗੇ ਦੱਸਿਆ ਕਿ ਹਮਲੇ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਸਾਰੇ 11 ਵਿਅਕਤੀਆਂ ਨੂੰ ਅੱਜ 11 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।


Deepak Kumar

Content Editor

Related News