ਬਾਦਲਾਂ ਦੇ ਮਸਲੇ ''ਤੇ ਕੈਪਟਨ ਨਾਲ ਸਹਿਮਤ ਨਹੀਂ ਰੰਧਾਵਾ

09/30/2019 6:43:26 PM

ਜਲੰਧਰ (ਵੈੱਬ ਡੈਸਕ) : ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੱਖਰੇ ਸਟੈਂਡ 'ਤੇ ਖੜ੍ਹੇ ਨਜ਼ਰ ਆ ਰਹੇ ਹਨ। ਇਕ ਪਾਸੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚ ਕਾਂਗਰਸ ਸਰਕਾਰ ਦੀ ਢਾਈ ਸਾਲ ਦੀ ਕਾਰੁਗਜ਼ਾਰੀ 'ਤੇ ਤਸੱਲੀ ਪ੍ਰਗਟਾਅ ਰਹੇ ਹਨ ਅਤੇ 161 ਵਾਅਦਿਆਂ 'ਚੋਂ 140 ਵਾਅਦੇ ਪੂਰੇ ਕਰਨ ਦਾ ਦਾਅਵਾ ਕਰ ਰਹੇ ਹਨ, ਦੂਜੇ ਪਾਸੇ ਕੈਪਟਨ ਦੀ ਕੈਬਨਿਟ ਦੇ ਹੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦੀ ਢਾਈ ਸਾਲਾ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਨ। ਦਰਅਸਲ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਜਦੋਂ ਉਨ੍ਹਾਂ ਤੋਂ ਪੰਜਾਬ ਸਰਕਾਰੀ ਦੀ ਢਾਈ ਸਾਲਾ ਦੀ ਕਾਰਗੁਜ਼ਾਰੀ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਇਸ 'ਤੇ ਅਸੰਤੁਸ਼ਟੀ ਪ੍ਰਗਟਾਉਂਦੇ ਹੋਏ ਆਖਿਆ ਕਿ ਚੋਣਾਂ ਸਮੇਂ ਜਿਹੜੇ ਵਾਅਦੇ ਕੀਤੇ ਗਏ ਸਨ ਉਹ ਅਜੇ ਪੂਰੇ ਨਹੀਂ ਕੀਤੇ ਗਏ ਹਨ। ਰੰਧਾਵਾ ਨੇ ਆਖਿਆ ਕਿ ਅਜੇ ਬਹੁਤ ਕੁਝ ਕਰਨ ਵਾਲਾ ਹੈ ਅਤੇ ਜੋ ਕੁਝ ਉਨ੍ਹਾਂ ਵਲੋਂ ਕਿਹਾ ਗਿਆ ਹੈ ਉਹ ਕਰਨਗੇ ਵੀ। 

ਇਸ ਤੋਂ ਇਲਾਵਾ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਨੂੰ ਗਲਤ ਕਰਾਰ ਦਿੱਤਾ ਹੈ ਜਿਸ ਵਿਚ ਉਨ੍ਹਾਂ ਆਖਿਆ ਸੀ ਕਿ ਉਨ੍ਹਾਂ ਦਾ ਕੰਮ ਬਾਦਲਾਂ ਨੂੰ ਜੇਲ ਵਿਚ ਡੱਕਣਾ ਨਹੀਂ ਹੈ। ਇਸ ਬਿਆਨ ਨੂੰ ਗਲਤ ਦੱਸਦੇ ਹੋਏ ਰੰਧਾਵਾ ਨੇ ਕਿਹਾ ਕਿ ਕੋਈ ਮੰਤਰੀ ਕਾਨੂੰਨ ਤੋਂ ਉਪਰ ਨਹੀਂ ਹੈ, ਜਿਹੜਾ ਵੀ ਗਲਤ ਕੰਮ ਕਰੇਗਾ ਉਸ ਨੂੰ ਉਸ ਦਾ ਖਮਿਆਜ਼ਾ ਭੁਗਤਣਾ ਹੋਵੇਗਾ। ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਮੇਰਾ ਕੰਮ ਨਹੀਂ ਹੈ। ਜੇ ਕਿਸੇ ਸਾਬਕਾ ਮੁੱਖ ਮੰਤਰੀ ਨੇ ਗਲਤ ਕੰਮ ਕੀਤਾ ਹੈ ਤਾਂ ਮੌਜੂਦਾ ਮੁੱਖ ਮੰਤਰੀ ਦਾ ਫਰਜ਼ ਹੈ ਕਿ ਉਹ ਉਸ 'ਤੇ ਕਾਰਵਾਈ ਕਰਕੇ ਉਸ ਨੂੰ ਜੇਲ 'ਚ ਡੱਕੇ। 


Gurminder Singh

Content Editor

Related News