ਕੋਰੋਨਾ ਦੀ ਦੂਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਕੈਪਟਨ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ

11/11/2020 6:19:59 PM

ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ)— ਪੰਜਾਬ 'ਚ ਕੋਰੋਨਾ ਲਾਗ ਦੀ ਦੂਜੀ ਲਹਿਰ ਉੱਠਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਿਹਤ ਅਤੇ ਮੈਡੀਕਲ ਸਿੱਖਿਆ ਮਹਿਕਮਿਆਂ ਨੂੰ ਨਿਰਦੇਸ਼ ਦਿੱਤੇ ਕਿ ਰੋਜ਼ਾਨਾ 30,000 ਕੋਵਿਡ ਟੈਸਟਿੰਗ ਕਰਵਾਉਣ ਦਾ ਟੀਚਾ ਬਰਕਰਾਰ ਰੱਖਿਆ ਜਾਵੇ।

ਇਹ ਵੀ ਪੜ੍ਹੋ : ਨਾਬਾਲਗ ਕੁੜੀ ਨਾਲ ਜ਼ਬਰਨ ਸਰੀਰਕ ਸਬੰਧ ਬਣਾਉਂਦਾ ਰਿਹਾ ਦਰਿੰਦਾ, ਰੋਕਣ 'ਤੇ ਦਿੰਦਾ ਸੀ ਵੱਡੀ ਧਮਕੀ

ਇਸ ਦੇ ਨਾਲ ਹੀ ਉਨ੍ਹਾਂ ਮੈਡੀਕਲ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਲਈ ਨਿਯਮਾਂ 'ਚ ਸੋਧ ਕਰਨ ਦੇ ਵੀ ਹੁਕਮ ਦਿੱਤੇ। ਸੂਬੇ 'ਚ ਕੋਵਿਡ ਲਾਗ ਦੀ ਸਥਿਤੀ ਬਾਰੇ ਸਮੀਖਿਆ ਕਰਨ ਲਈ ਸੱਦੀ ਉੱਚ ਪੱਧਰੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਮੁੱਖ ਮੰਤਰੀ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਆਖਿਆ ਕਿ ਸੁਪਰ ਸਪੈਸ਼ਲਿਸਟ ਮਹਿਕਮਿਆਂ 'ਚ ਭਰਤੀ ਯਕੀਨੀ ਬਣਾਉਣ ਲਈ ਨਿਯਮਾਂ 'ਚ ਸੋਧ 'ਤੇ ਕੰਮ ਕੀਤਾ ਜਾਵੇ ਤਾਂ ਕਿ ਕੋਵਿਡ ਖ਼ਿਲਾਫ਼ ਜੰਗ ਕਿਸੇ ਵੀ ਪ੍ਰਕਾਰ ਢਿੱਲੀ ਨਾ ਪੈ ਸਕੇ। ਮੁੱਖ ਮੰਤਰੀ ਨੇ ਸਬੰਧਤ ਮਹਿਕਮਿਆਂ ਨੂੰ ਨਿਰਦੇਸ਼ ਦਿੱਤੇ ਕਿ ਬਿਨਾ ਕਿਸੇ ਢਿੱਲ ਦੇ ਰੋਜ਼ਾਨਾ ਘੱਟੋ-ਘੱਟ 25,000 ਆਰ. ਟੀ.-ਪੀ. ਸੀ. ਆਰ. ਅਤੇ 5000 ਰੈਪਿਡ ਐਂਟੀਜਨ ਟੈਸਟ ਕੀਤੇ ਜਾਣੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਕੇਸਾਂ 'ਚ ਆਈ ਮੌਜੂਦਾ ਗਿਰਾਵਟ ਦੇ ਬਾਵਜੂਦ ਸੂਬੇ 'ਚ ਦੂਜੀ ਲਹਿਰ ਦੇ ਆਉਣ ਦੀ ਸੰਭਾਵਨਾ ਦੀ ਸਥਿਤੀ ਗੰਭੀਰ ਬਣੀ ਹੋਈ ਹੈ।

ਇਹ ਵੀ ਪੜ੍ਹੋ : ਜਲੰਧਰ: ਨਿੱਜੀ ਹਸਪਤਾਲ 'ਚ ਮਰੀਜ਼ ਦੀ ਮੌਤ, ਪਰਿਵਾਰ ਨੇ ਡਾਕਟਰਾਂ 'ਤੇ ਲਗਾਏ ਗੰਭੀਰ ਦੋਸ਼

ਡੀ.ਜੀ.ਪੀ. ਨੂੰ ਦਿੱਤੀਆਂ ਇਹ ਨਵੀਂਆਂ ਹਦਾਇਤਾਂ
ਉਨ੍ਹਾਂ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਹਿਦਾਇਤਾਂ ਦਿੱਤੀਆਂ ਕਿ ਮਾਸਕ ਨਾ ਪਹਿਨਣ ਅਤੇ ਸਮਾਜਿਕ ਵਿੱਥ ਅਤੇ ਹੋਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਕੀਤੀ ਜਾਵੇ। ਕੈਪਟਨ ਨੇ ਕੋਵਿਡ ਫ਼ੈਲਾਉਣ ਦੀ ਸੰਭਾਵਨਾ ਵਾਲਿਆਂ 'ਤੇ ਖਾਸ ਧਿਆਨ ਕੇਂਦਰਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰੀ ਕਾਮਿਆਂ ਦੀ ਰੋਜ਼ਾਨਾ ਜਾਂਚ ਹੋਣੀ ਚਾਹੀਦੀ ਹੈ ਅਤੇ ਸਕੂਲ ਅਤੇ ਕਾਲਜ ਖੁੱਲ੍ਹਣ ਨਾਲ ਇਹ ਜ਼ਰੂਰੀ ਹੈ ਕਿ ਸਹੀ ਤਰ੍ਹਾਂ ਸਮਾਂ ਸਾਰਣੀ ਬਣਾਈ ਜਾਵੇ ਅਤੇ ਟੈਸਟਿੰਗ ਲਈ ਮੋਬਾਇਲ ਟੀਮਾਂ ਦੀ ਗਿਣਤੀ ਵਧਾ ਦਿੱਤੀ ਜਾਵੇ। ਸੂਬੇ 'ਚ ਉੱਚ ਮੌਤ ਦਰ 'ਤੇ ਚਿੰਤਾ ਜ਼ਾਹਰ ਕਰਦੇ ਮੁੱਖ ਮੰਤਰੀ ਨੇ ਡਾ ਕੇ. ਕੇ. ਤਲਵਾੜ ਦੀ ਅਗਵਾਈ ਵਾਲੀ ਡਾਕਟਰਾਂ ਦੀ ਮਾਹਿਰ ਟੀਮ ਨੂੰ ਸਮੱਸਿਆ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਰਣਨੀਤੀ ਤਿਆਰ ਕਰਨ ਲਈ ਕਿਹਾ।

ਇਹ ਵੀ ਪੜ੍ਹੋ : ਦਿਲ 'ਚ ਸੁਫ਼ਨੇ ਸੰਜੋਈ ਪਰਿਵਾਰ ਸਣੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ, ਡੂੰਘੇ ਸਦਮੇ 'ਚ ਪਰਿਵਾਰ


shivani attri

Content Editor

Related News