ਪਾਕਿ 'ਚ ਰਹਿ ਰਹੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਇਮਰਾਨ ਖਾਨ : ਕੈਪਟਨ

01/24/2020 7:02:53 PM

ਜਲੰਧਰ,(ਧਵਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕਿਹਾ ਹੈ ਕਿ ਉਹ ਪਾਕਿਸਤਾਨ 'ਚ ਰਹਿਣ ਵਾਲੇ ਸਿੱਖ ਆਗੂਆਂ ਅਤੇ ਸਿੱਖ ਭਾਈਚਾਰੇ ਨਾਲ ਜੁੜੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਰਹਿਣ ਵਾਲੇ ਕੱਟੜਪੰਥੀਆਂ ਤੋਂ ਸਿੱਖ ਆਗੂਆਂ ਦੀ ਸੁਰੱਖਿਆ ਨੂੰ ਭਾਰੀ ਖ਼ਤਰਾ ਹੈ। ਸਿੱਖ ਨੇਤਾ ਰਾਦੇਸ਼ ਸਿੰਘ ਟੋਨੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਟੋਨੀ ਨੂੰ ਲਗਾਤਾਰ ਪਾਕਿਸਤਾਨ ਦੇ ਕੱਟੜਪੰਥੀਆਂ ਤੋਂ ਧਮਕੀਆਂ ਮਿਲ ਰਹੀਆਂ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਟਵੀਟ ਕੀਤਾ ਹੈ, ਜਿਸ 'ਚ ਕਿਹਾ ਹੈ ਕਿ ਸਿੱਖ ਆਗੂ ਪਾਕਿਸਤਾਨ 'ਚ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਪਾਕਿਸਤਾਨ ਦੀ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਸਿੱਖ ਨੇਤਾ ਰਾਦੇਸ਼ ਸਿੰਘ ਨੇ ਪਾਕਿਸਤਾਨ 'ਚ 2018 'ਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਹੁਣ ਉਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਨੂੰ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਟੋਨੀ, ਜਿਹੜੇ ਖ਼ਾਲਸਾ ਪੀਸ ਅਤੇ ਜਸਟਿਸ ਫਾਊਂਡੇਸ਼ਨ ਦੇ ਚੇਅਰਮੈਨ ਵੀ ਹਨ, ਨਵੰਬਰ 2018 'ਚ ਆਪਣੇ ਸ਼ਹਿਰ ਪੇਸ਼ਾਵਰ ਤੋਂ ਹਿਜਰਤ ਕਰਕੇ ਲਾਹੌਰ ਆ ਕੇ ਵਸ ਗਏ ਸਨ। ਪੇਸ਼ਾਵਰ 'ਚ ਉਨ੍ਹਾਂ ਦਾ ਚੰਗਾ ਕਾਰੋਬਾਰ ਸੀ। ਟੋਨੀ ਨੇ ਪਿਛਲੇ ਦਿਨੀਂ ਆਪਣੇ ਟਵਿਟਰ 'ਤੇ ਇਕ ਮਿੰਟ ਦਾ ਵੀਡੀਓ ਅਪਲੋਡ ਕਰਦੇ ਹੋਏ ਮਦਦ ਲਈ ਹੋਕਾ ਦਿੱਤਾ ਸੀ। ਇਸ ਵੀਡੀਓ 'ਚ ਉਨ੍ਹਾਂ ਨੇ ਕਿਹਾ ਸੀ ਕਿ ਕੱਟੜਪੰਥੀ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਦੇ ਰਹੇ ਹਨ, ਜਿਸ ਕਾਰਣ ਉਨ੍ਹਾਂ ਦਾ ਪਰਿਵਾਰ ਸੰਕਟ 'ਚ ਹੈ। ਵੀਡੀਓ 'ਚ ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਸੀ ਕਿ ਉਹ ਕਿਸ ਥਾਂ ਤੋਂ ਇਹ ਸੁਨੇਹਾ ਦੇ ਰਹੇ ਹਨ।

ਟੋਨੀ ਨੇ ਇਹ ਵੀ ਕਿਹਾ ਸੀ ਕਿ ਉਹ ਯੂਰਪ, ਅਮਰੀਕਾ, ਕੈਨੇਡਾ ਜਾਂ ਇੰਗਲੈਂਡ ਕਿਸੇ ਵੀ ਸੁਰੱਖਿਅਤ ਥਾਂ 'ਤੇ ਜਾਣ ਲਈ ਤਿਆਰ ਹਨ। ਪਾਕਿਸਤਾਨ ਦੇ ਪੇਸ਼ਾਵਰ ਤੋਂ ਹਿਜਰਤ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ, ਇਸ ਲਈ ਉਨ੍ਹਾਂ ਨੇ ਸਿੱਖ ਆਗੂਆਂ ਅੱਗੇ ਇਮਦਾਦ ਲਈ ਹੋਕਾ ਦਿੱਤਾ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਆਉਂਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਟਵੀਟ ਕਰ ਕੇ ਸਿੱਖ ਆਗੂ ਅਤੇ ਪਾਕਿਸਤਾਨ 'ਚ ਰਹਿਣ ਵਾਲੇ ਘੱਟ-ਗਿਣਤੀਆਂ ਦੇ ਹੋਰਨਾਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ।


Related News