ਧਾਰਮਿਕ ਸਟੇਜ ਤੋਂ 4 ਸਾਲਾ ਬੱਚੀ ਦੀ ਮੁੱਖ ਮੰਤਰੀ ਨੂੰ ਅਪੀਲ, ਜੈਕਾਰਿਆਂ ਨਾਲ ਗੂੰਜਿਆ ਦੀਵਾਨ ਹਾਲ (ਵੀਡੀਓ)
Friday, Dec 20, 2019 - 06:42 PM (IST)
ਰੂਪਨਗਰ (ਸੱਜਣ ਸੈਣੀ) : ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਚੱਲ ਰਹੇ ਸ਼ਹੀਦੀ ਜੋੜ ਮੇਲੇ ਦੀ ਧਾਰਮਿਕ ਸਟੇਜ ਰਾਹੀਂ ਚਾਰ ਸਾਲਾ ਬੱਚੀ ਪ੍ਰਭਗੁਣ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹੀ ਅਪੀਲ ਕੀਤੀ ਕਿ ਸੰਗਤਾਂ ਗਦ-ਗਦ ਹੋ ਉਠੀਆਂ ਅਤੇ ਬੱਚੀ ਦੀ ਅਪੀਲ ਦੇ ਹੱਕ 'ਚ ਜੈਕਾਰਿਆਂ ਨਾਲ ਗੁਰਦੁਆਰਾ ਸਾਹਿਬ ਗੂੰਜਣ ਲੱਗਾ। ਦਰਅਸਲ ਪ੍ਰਭਗੁਣ ਕੌਰ ਨੇ ਮੁੱਖ ਮੰਤਰੀ ਨੂੰ ਬੜੀ ਹੀ ਨਿਮਰਤਾ ਨਾਲ ਅਪੀਲ ਕੀਤੀ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ ਪੰਜਾਬ ਭਰ ਦੇ ਸ਼ਰਾਬ ਦੇ ਠੇਕੇ ਅਤੇ ਮੀਟ ਦੀਆਂ ਦੁਕਾਨਾਂ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਜਾਣ।
ਇੰਨੀ ਛੋਟੀ ਬੱਚੀ ਦੇ ਮੂੰਹੋ ਇੰਨੀਆਂ ਸਿਆਣੀਆਂ ਤੇ ਗਿਆਨ ਦੀਆਂ ਗੱਲਾਂ ਸੁਣ ਕੇ ਦੀਵਾਨ ਹਾਲ 'ਚ ਬੈਠੀਆਂ ਸੰਗਤਾਂ ਹੈਰਾਨ ਰਹਿ ਗਈਆਂ ਅਤੇ ਸੰਗਤਾਂ ਨੇ ਲੀਡਰਾਂ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ ਕਿ ਤਿੰਨ ਦਿਨ ਧਾਰਮਿਕ ਸਟੇਜਾਂ 'ਤੇ ਕਈ ਲੀਡਰ ਆਏ ਅਤੇ ਸਿਆਸੀ ਰੋਟੀਆਂ ਸੇਕ ਕੇ ਤੁਰ ਗਏ, ਵੱਡੇ-ਵੱਡੇ ਰਾਗੀ ਢਾਡੀ ਤੇ ਕਥਾ ਵਾਚਕਾਂ ਨੇ ਧਾਰਮਿਕ ਗੱਲਾਂ ਤਾਂ ਕੀਤੀਆਂ ਪਰ ਕਿਸੇ ਨੇ ਵੀ ਅਜਿਹੀ ਅਪੀਲ ਨਹੀਂ ਕੀਤੀ ਜੋ 4 ਸਾਲਾਂ ਬੱਚੀ ਕੀਤੀ ਹੈ।
ਦੱਸ ਦੇਈਏ ਕਿ ਇਸ ਬੱਚੀ ਦੀ ਉਮਰ ਮਹਿਜ਼ ਚਾਰ ਸਾਲ ਹੈ ਅਤੇ ਇਹ ਯੂ. ਕੇ. ਵਿਚ ਪੜ੍ਹਦੀ ਹੈ। ਇਸ ਬੱਚੀ ਨੂੰ ਮੂੰਹ ਜ਼ੁਬਾਨੀ ਪਾਠ ਅਤੇ ਸਿੱਖ ਇਤਿਹਾਸ ਦੀਆਂ ਕਈ ਅਹਿਮ ਜਾਣਕਾਰੀਆਂ ਹਨ। ਧਾਰਮਿਕ ਸਟੇਜਾਂ ਤੇ ਸਿਆਸੀ ਰੋਟੀਆਂ ਸੇਕਣ ਵਾਲੇ ਲੀਡਰਾਂ ਨੂੰ ਇਸ ਚਾਰ ਸਾਲਾਂ ਬੱਚੀ ਤੋ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਹੋਰਾਂ ਨੂੰ ਵੀ ਇਸ ਬੱਚੀ ਦੇ ਮਾਪਿਆਂ ਤੋਂ ਸਿੱਖਿਆ ਲੈਕੇ ਆਪਣੇ ਬੱਚਿਆਂ ਨੂੰ ਆਪਣੇ ਧਰਮ ਤੇ ਵਿਰਸੇ ਨਾਲ ਜੋੜਨਾ ਚਾਹੀਦੀ ਹੈ ਤਾਂ ਕਿ ਸਾਡੇ ਬੱਚੇ ਗਲਤ ਸੰਗਤ ਤੋਂ ਬਚ ਸਕਣ।