ਕੈਪਟਨ ਨੇ ਫਗਵਾੜਾ ''ਚ ਖੇਡਿਆ ਹਿੰਦੂ ਕਾਰਡ, ਵਿਰੋਧੀਆਂ ਦੀਆਂ ਉਮੀਦਾਂ ''ਤੇ ਫੇਰਿਆ ਪਾਣੀ

Saturday, Oct 26, 2019 - 10:58 AM (IST)

ਕੈਪਟਨ ਨੇ ਫਗਵਾੜਾ ''ਚ ਖੇਡਿਆ ਹਿੰਦੂ ਕਾਰਡ, ਵਿਰੋਧੀਆਂ ਦੀਆਂ ਉਮੀਦਾਂ ''ਤੇ ਫੇਰਿਆ ਪਾਣੀ

ਜਲੰਧਰ/ਫਗਵਾੜਾ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀਆਂ 4 ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ 'ਚੋਂ 3 ਸੀਟਾਂ ਜਿੱਤ ਕੇ ਸਾਰੀਆਂ ਵਿਰੋਧੀ ਧਿਰਾਂ ਅਕਾਲੀ-ਭਾਜਪਾ ਗੱਠਜੋੜ ਅਤੇ ਆਮ ਆਦਮੀ ਪਾਰਟੀ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਨੇ ਹਰੇਕ ਵਿਧਾਨ ਸਭਾ ਸੀਟ ਨੂੰ ਜਿੱਤਣ ਲਈ ਵੱਖ-ਵੱਖ ਰਣਨੀਤੀ ਬਣਾ ਕੇ ਉਸ 'ਤੇ ਕੰਮ ਕੀਤਾ। ਫਗਵਾੜਾ ਵਿਧਾਨ ਸਭਾ ਸੀਟ ਨੂੰ ਕਾਂਗਰਸ ਨੇ ਲਗਭਗ ਸਾਢੇ 12 ਸਾਲਾਂ ਬਾਅਦ ਜਿੱਤਿਆ। ਮੁੱਖ ਮੰਤਰੀ ਕੈਪਟਨ ਨੇ ਫਗਵਾੜਾ ਸੀਟ ਲਈ ਜੋ ਯੋਜਨਾ ਬਣਾਈ ਸੀ, ਉਸ ਦੇ ਤਹਿਤ ਉਨ੍ਹਾਂ ਨੇ ਫਗਵਾੜਾ ਸੀਟ ਲਈ ਹਿੰਦੂ ਕਾਰਡ ਖੇਡਿਆ।

ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਨੇ ਫਗਵਾੜਾ ਵਿਧਾਨ ਸਭਾ ਸੀਟ ਲਈ ਜ਼ਿੰਮੇਵਾਰੀ ਹਿੰਦੂ ਕਾਂਗਰਸ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਸੌਂਪੀ। ਫਗਵਾੜਾ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਰਣਨੀਤੀ ਚੋਣਾਂ ਦੇ ਐਲਾਨ ਸਮੇਂ ਤਿਆਰ ਨਹੀਂ ਕੀਤੀ ਸੀ, ਸਗੋਂ ਇਸ 'ਤੇ ਉਨ੍ਹਾਂ ਨੇ ਲਗਭਗ 4 ਮਹੀਨੇ ਪਹਿਲਾਂ ਕੰਮ ਸ਼ੁਰੂ ਕਰ ਦਿੱਤਾ ਸੀ। ਕੈਬਨਿਟ ਮੰਤਰੀ ਅਰੋੜਾ ਨੂੰ ਪਹਿਲਾਂ ਹੀ ਫਗਵਾੜਾ 'ਚ ਕਮਾਨ ਅੰਦਰਖਾਤੇ ਸੌਂਪ ਦਿੱਤੀ ਗਈ ਸੀ ਅਤੇ ਅਰੋੜਾ ਨੇ ਪਿਛਲੇ 4 ਮਹੀਨਿਆਂ 'ਚ ਲਗਾਤਾਰ ਫਗਵਾੜਾ ਦੇ ਹਰੇਕ ਵਾਰਡ 'ਚ ਜਾ ਕੇ ਵੋਟਰਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਸਭ ਕੁਝ ਮੁੱਖ ਮੰਤਰੀ ਦੀ ਰਣਨੀਤੀ ਨਾਲ ਹੀ ਚਲ ਰਿਹਾ ਸੀ।

PunjabKesari

ਫਗਵਾੜਾ 'ਚ ਮੁੱਖ ਮੰਤਰੀ ਨੇ ਹਿੰਦੂ ਮੰਤਰੀ ਨੂੰ ਲਗਾਤਾਰ ਜਿੱਥੇ ਭਾਜਪਾ ਵੱਲੋਂ ਲੋਕ ਸਭਾ ਚੋਣਾਂ 'ਚ ਲਈ ਗਈ ਲੀਡ ਨੂੰ ਖਤਮ ਕਰ ਦਿੱਤਾ, ਉੱਥੇ ਹੀ ਲੰਬੇ ਸਮੇਂ ਤੋਂ ਬਾਅਦ ਫਗਵਾੜਾ ਸੀਟ ਨੂੰ ਜਿੱਤਣ 'ਚ ਕਾਮਯਾਬੀ ਹਾਸਲ ਕੀਤੀ। ਨਹੀਂ ਤਾਂ ਪਿਛਲੀਆਂ 2 ਵਿਧਾਨ ਸਭਾ ਚੋਣਾਂ 'ਚ ਕਾਂਗਰਸ ਫਗਵਾੜਾ 'ਚ ਹਾਰਦੀ ਆ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਖੁਦ ਲੋਕ ਸਭਾ ਚੋਣਾਂ ਤੋਂ ਬਾਅਦ ਕਿਹਾ ਸੀ ਕਿ ਸ਼ਹਿਰਾਂ 'ਚ ਹਿੰਦੂਆਂ ਨੇ ਕਾਂਗਰਸ ਨੂੰ ਘੱਟ ਵੋਟਾਂ ਪਾਈਆਂ ਪਰ ਹੁਣ ਉਪ ਚੋਣਾਂ 'ਚ ਹਿੰਦੂ ਵੋਟ ਬੈਂਕ ਫਿਰ ਤੋਂ ਕਾਂਗਰਸ ਵੱਲ ਆ ਗਿਆ ਹੈ। ਕਾਂਗਰਸ ਨੇ ਫਗਵਾੜਾ 'ਚ ਭਾਜਪਾ ਦੇ ਉਮੀਦਵਾਰ ਰਾਜੇਸ਼ ਬਾਘਾ ਨੂੰ 26116 ਵੋਟਾਂ ਨਾਲ ਹਰਾਇਆ।

ਕੈਪਟਨ ਅਮਰਿੰਦਰ ਸਿੰਘ ਦੀ ਹਿੰਦੂ ਵੋਟ ਬੈਂਕ ਨੂੰ ਲੁਭਾਉਣ ਦੀ ਰਣਨੀਤੀ ਕਾਰਗਰ ਸਾਬਤ ਹੋਈ ਹੈ। ਲੋਕ ਸਭਾ ਚੋਣਾਂ 'ਚ ਕਾਂਗਰਸ ਨੇ ਪੰਜਾਬ 'ਚ ਸ਼ਹਿਰੀ ਖੇਤਰਾਂ 'ਚ ਜੋ ਗਵਾਇਆ ਸੀ ਉਸ ਨੂੰ ਪਾ ਲਿਆ ਹੈ। 2 ਸ਼ਹਿਰੀ ਵਿਧਾਨ ਸਭਾ ਸੀਟਾਂ ਫਗਵਾੜਾ ਅਤੇ ਮੁਕੇਰੀਆਂ ਜੋ ਕਿ ਹਿੰਦੂ ਸੀਟਾਂ ਹਨ, ਨੂੰ ਕਾਂਗਰਸ ਨੇ ਭਾਜਪਾ ਤੋਂ ਖੋਹ ਲਿਆ।
ਕਾਂਗਰਸ ਨੇ ਫਗਵਾੜਾ 'ਚ ਧੜੇਬੰਦੀ ਨੂੰ ਖਤਮ ਕਰਨ 'ਚ ਸਫਲਤਾ ਹਾਸਲ ਕੀਤੀ
ਕੈਪਟਨ ਅਮਰਿੰਦਰ ਸਿੰਘ ਨੇ ਫਗਵਾੜਾ ਵਿਧਾਨ ਸਭਾ ਸੀਟ 'ਚ ਉਮੀਦਵਾਰ ਦੀ ਚੋਣ 'ਚ ਤਰੁੱਪ ਦਾ ਪੱਤਾ ਖੇਡਦੇ ਹੋਏ ਨਵੇਂ ਚਿਹਰੇ ਨੂੰ ਪੇਸ਼ ਕੀਤਾ ਅਤੇ ਉਸ ਤੋਂ ਬਾਅਦ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਾਂਗਰਸ ਦੇ ਬਿਖਰੇ ਹੋਏ ਘਰ ਨੂੰ ਇਕ ਲੜੀ 'ਚ ਪਿਰੋ ਦਿੱਤਾ। ਚੋਣਾਂ 'ਚ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਵੀ ਕਾਂਗਰਸ ਦੇ ਹੱਕ ਪ੍ਰਚਾਰ ਕਰਦੇ ਰਹੇ ਅਤੇ ਕਾਂਗਰਸ ਉਮੀਦਵਾਰ ਦੇ ਨਾਲ ਡਟੇ ਰਹੇ।

ਸੰਨੀ ਦਿਓਲ ਦਾ ਵੀ ਨਹੀਂ ਪਿਆ ਅਸਰ
ਭਾਜਪਾ ਨੇ ਫਗਵਾੜਾ 'ਚ ਸ਼ਹਿਰੀ ਵੋਟਰਾਂ ਨੂੰ ਲੁਭਾਉਣ ਲਈ ਫਿਲਮ ਅਭਿਨੇਤਾ ਦਾ ਰੋਡ ਸ਼ੋਅ ਕਰਵਾਇਆ, ਜਿਸ 'ਚ ਲੋਕ ਸੰਨੀ ਦਿਓਲ ਨੂੰ ਦੇਖਣ ਲਈ ਸੜਕਾਂ 'ਤੇ ਆਏ ਸਨ ਪਰ ਇਹ ਵੋਟਾਂ 'ਚ ਤਬਦੀਲ ਨਹੀਂ ਹੋ ਸਕਿਆ। ਸੰਨੀ ਦਿਓਲ ਦਾ ਰੋਡ ਸ਼ੋਅ ਭਾਵੇਂ ਸਫਲ ਰਿਹਾ ਪਰ ਲੋਕਾਂ ਨੇ ਭਾਜਪਾ ਨੂੰ ਵੋਟ ਨਹੀਂ ਪਾਈ। ਇਸ ਨਾਲ ਸੰਨੀ ਦਿਓਲ ਦਾ ਜਾਦੂ ਵੀ ਫਿੱਕਾ ਪੈਂਦਾ ਦਿਖਾਈ ਦਿੱਤਾ। ਸੰਨੀ ਦਿਓਲ ਦੇ ਨਾਲ ਭਾਜਪਾ ਦੇ ਵੱਡੇ ਨੇਤਾ ਵੀ ਫਗਵਾੜਾ 'ਚ ਡਟੇ ਰਹੇ ਪਰ ਫਿਰ ਵੀ ਇਸ ਦਾ ਕੋਈ ਅਸਰ ਨਹੀਂ ਹੋਇਆ।


author

shivani attri

Content Editor

Related News