ਕੈਪਟਨ ਨੇ ਮੰਤਰੀਆਂ ਨੂੰ ਕਾਰਜ ਯੋਜਨਾਵਾਂ ਤਿਆਰ ਕਰਨ ਦੀਆਂ ਦਿੱਤੀਆਂ ਹਦਾਇਤਾਂ

09/17/2019 11:16:33 AM

ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਸਰਕਾਰ ਦਾ ਅੱਧਾ ਕਾਰਜਕਾਲ ਮੁਕੰਮਲ ਹੋ ਜਾਣ 'ਤੇ ਆਪਣੇ ਮੰਤਰੀਆਂ ਨੂੰ ਸਬੰਧਤ ਵਿਭਾਗਾਂ ਦੀਆਂ ਵਿਆਪਕ ਕਾਰਜ ਯੋਜਨਾ ਤਿਆਰ ਕਰਕੇ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਇਨ੍ਹਾਂ ਯੋਜਨਾਵਾਂ ਦਾ ਹਿੱਸਾ ਵਿਧਾਇਕਾਂ ਨੂੰ ਬਣਾਉਣ ਲਈ ਕਿਹਾ ਹੈ। ਮੁੱਖ ਮੰਤਰੀ ਨੇ ਬੀਤੇ ਦਿਨ ਆਪਣੇ ਮੰਤਰੀਆਂ ਨਾਲ ਪਿਛਲੇ 30 ਮਹੀਨਿਆਂ 'ਚ ਸਰਕਾਰ ਦੀ ਪ੍ਰਗਤੀ ਅਤੇ ਚੁੱਕੇ ਗਏ ਕਦਮਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਰਾਜ ਦੀਆਂ ਵਿਕਾਸ ਯੋਜਨਾਵਾਂ ਨੂੰ ਹੋਰ ਤੇਜ਼ੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਦਿੱਤੀਆਂ। 

ਮੁੱਖ ਮੰਤਰੀ ਨੇ ਸਾਰੇ ਵਿਭਾਗਾਂ ਵੱਲੋਂ ਕੀਤੇ ਗਏ ਕੰਮਾਂ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ ਕਿ ਭਾਵੇਂ ਉਨ੍ਹਾਂ ਦੀ ਸਰਕਾਰ ਨੂੰ ਭਾਰੀ ਮਾਲੀ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਸਾਬਕਾ ਅਕਾਲੀ-ਭਾਜਪਾ ਗਠਜੋੜ ਦੇ ਦਸ ਸਾਲਾਂ ਦੇ ਦੁਰਪ੍ਰਬੰਧਕ ਕਾਰਨ ਖਜ਼ਾਨਾ ਖਾਲੀ ਹੋ ਗਿਆ ਸੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਸਰਕਾਰ ਦਾ ਅੱਧਾ ਕਾਰਜਕਾਲ ਮੁਕੰਮਲ ਹੋ ਜਾਣ 'ਤੇ ਹੁਣ ਇਥੇ ਰੁਕਣ ਅਤੇ ਪਹਿਲਾਂ ਕੀਤੇ ਗਏ ਕੰਮਾਂ ਦਾ ਜਾਇਜ਼ਾ ਲੈਣ ਦਾ ਸਮਾਂ ਹੈ ਤਾਂ ਕਿ ਬਾਕੀ ਰਹਿੰਦੇ ਦੂਜੇ ਹਿੱਸੇ ਲਈ ਅਸਰਦਾਰ ਯੋਜਨਾਵਾਂ ਬਣਾ ਕੇ ਲਾਗੂ ਕੀਤੀਆਂ ਜਾ ਸਕਣ। ਉਨ੍ਹਾਂ ਨੇ ਮੰਤਰੀਆਂ ਨੂੰ ਵਿਧਾਇਕਾਂ ਨਾਲ ਮਿਲ ਕੇ ਜਨਤਾ ਨਾਲ ਜੁੜੀਆਂ ਯੋਜਨਾਵਾਂ ਨੂੰ ਲਾਗੂ ਕਰਨ ਅਤੇ ਵਿਧਾਇਕਾਂ ਤੋਂ ਸਮੇਂ-ਸਮੇਂ ਫੀਡਬੈਕ ਲੈਣ ਦੀਆਂ ਵੀ ਹਦਾਇਤਾਂ ਦਿੱਤੀਆਂ।

ਉਨ੍ਹਾਂ ਨੇ ਵਿਧਾਇਕਾਂ ਨੂੰ ਵਿਧਾਨ ਸਭਾ ਹਲਕਿਆਂ 'ਚ ਨਿਸ਼ਾਨਦੇਹੀ ਕੀਤੇ ਗਏ ਵਿਕਾਸ ਕੰਮਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀਆਂ ਵੀ ਮੰਤਰੀਆਂ ਨੂੰ ਹਦਾਇਤਾਂ ਦਿੱਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਰਾਜਸੀ ਅਤੇ ਪ੍ਰਸ਼ਾਸਨਿਕ ਦੋਵਾਂ ਪੱਧਰਾਂ 'ਤੇ ਭਵਿੱਖੀ ਰਣਨੀਤੀ 'ਤੇ ਗੌਰ ਕਰਨ ਦਾ ਸਮਾਂ ਹੈ। ਲੋਕਾਂ ਨੂੰ ਕਿਸ ਢੰਗ ਨਾਲ ਵਿਕਾਸ 'ਚ ਹਿੱਸੇਦਾਰ ਬਣਾਇਆ ਜਾਵੇ ਅਤੇ ਕਿਸ ਤਰ੍ਹਾਂ ਨਾਲ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਜਨਤਾ 'ਚ ਲਿਜਾਇਆ ਜਾਵੇ, ਇਸ ਵੱਲ ਧਿਆਨ ਦੇਣਾ ਹੋਵੇਗਾ। ਮੁੱਖ ਮੰਤਰੀ ਨੇ ਮੰਤਰੀਆਂ ਨੂੰ ਕਿਹਾ ਕਿ ਉਹ ਪਿਛਲੇ 30 ਮਹੀਨਿਆਂ ਦੀਆਂ ਯੋਜਨਾਵਾਂ ਦਾ ਖੁਦ ਜਾਇਜ਼ਾ ਲੈਣ ਅਤੇ ਕਾਂਗਰਸ ਵੱਲੋਂ ਕੀਤੇ ਗਏ ਚੋਣ ਵਾਅਦਿਆਂ ਅਤੇ ਚੋਣ ਮੈਨੀਫੈਸਟੋ ਨੂੰ ਲਾਗੂ ਕਰਨ ਵੱਲ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਲੋਕਪ੍ਰਿਯ ਪ੍ਰੋਗਰਾਮਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀਆਂ ਨੂੰ ਹੋਰ ਸਖਤ ਮਿਹਨਤ ਅਤੇ ਵਚਨਬੱਧਤਾ ਵਿਖਾਉਣੀ ਹੋਵੇਗੀ ਤਾਂ ਕਿ ਉਹ ਆਪਣੇ ਵਿਭਾਗਾਂ ਨੂੰ ਉਚਾਈਆਂ ਤਕ ਲਿਜਾ ਸਕਣ। ਮੁੱਖ ਮੰਤਰੀ ਨੇ ਦੋਹਰਾਇਆ ਕਿ ਕਾਂਗਰਸ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਜਾਵੇਗਾ। 161 ਵਾਅਦਿਆਂ ਵਿਚੋਂ 140 ਨੂੰ ਤਾਂ ਪਹਿਲਾਂ ਹੀ ਲਾਗੂ ਕੀਤਾ ਜਾ ਚੁੱਕਾ ਹੈ। ਰਹਿੰਦੇ ਬਾਕੀ ਵਾਅਦਿਆਂ ਨੂੰ ਵੀ ਛੇਤੀ ਲਾਗੂ ਕੀਤਾ ਜਾਵੇਗਾ।


shivani attri

Content Editor

Related News