ਮੁੱਖ ਮੰਤਰੀ ਨੇ ਭਾਰਤੀ ਅਰਥਵਿਵਸਥਾ ''ਚ ਆਈ ਗਿਰਾਵਟ ''ਤੇ ਪ੍ਰਗਟਾਈ ਚਿੰਤਾ

Tuesday, Sep 03, 2019 - 01:42 PM (IST)

ਮੁੱਖ ਮੰਤਰੀ ਨੇ ਭਾਰਤੀ ਅਰਥਵਿਵਸਥਾ ''ਚ ਆਈ ਗਿਰਾਵਟ ''ਤੇ ਪ੍ਰਗਟਾਈ ਚਿੰਤਾ

ਜਲੰਧਰ (ਧਵਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਅਰਥਵਿਵਸਥਾ 'ਚ ਆਈ ਗਿਰਾਵਟ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਜੀ. ਡੀ. ਪੀ. ਦੀ ਦਰ 5 ਫੀਸਦੀ 'ਤੇ ਆ ਜਾਣਾ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਭਾਰਤੀ ਅਰਥਵਿਵਸਥਾ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਉਸ ਨੂੰ ਕੇਂਦਰ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਭਾਰਤੀ ਅਰਥਵਿਵਸਥਾ 'ਚ ਸਥਿਰਤਾ ਅਤੇ ਤਰੱਕੀ ਵੇਖਣ ਨੂੰ ਮਿਲੇ।

ਡਾ. ਮਨਮੋਹਨ ਸਿੰਘ ਨੇ ਆਪਣੇ ਵਿਚਾਰਾਂ ਨਾਲ ਕੇਂਦਰ ਸਰਕਾਰ ਨੂੰ ਸਾਵਧਾਨ ਕੀਤਾ ਹੈ ਕਿ ਉਹ ਅਰਥਵਿਵਸਥਾ 'ਚ ਆਈ ਗਿਰਾਵਟ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਢੁੱਕਵੇਂ ਕਦਮ ਚੁੱਕੇ ਜਾਣ ਤਾਂ ਜੋ ਆਰਥਿਕ ਸਥਿਤੀ ਨੂੰ ਸੁਧਾਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸਾਡਾ ਸਾਰਿਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਵਾਧੇ ਦੇ ਰਾਹ 'ਤੇ ਲਿਜਾਣ ਲਈ ਆਰਥਿਕ ਨੀਤੀਆਂ 'ਚ ਸੋਧ ਕਰਨੀ ਹੋਵੇਗੀ। ਉਨ੍ਹਾਂ ਨੇ ਵੀ ਮੰਨਿਆ ਕਿ ਨੋਟਬੰਦੀ ਅਤੇ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਭਾਰਤੀ ਅਰਥਵਿਵਸਥਾ ਗਿਰਾਵਟ ਵੱਲ ਵਧੀ ਹੈ। ਨੋਟਬੰਦੀ ਤੋਂ ਬਾਅਦ ਲੋਕਾਂ ਦੀ ਖਰੀਦ ਸ਼ਕਤੀ 'ਚ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਇਸ ਤੋਂ ਪਹਿਲਾਂ ਕਿ ਆਰਥਿਕ ਸੰਕਟ ਹੋਰ ਡੂੰਘਾ ਹੋਵੇ, ਸਰਕਾਰ ਨੂੰ ਇਸ ਦੇ ਹੱਲ ਲੱਭਣੇ ਹੋਣਗੇ। ਲੋਕਾਂ ਦੀ ਖਰੀਦ ਸ਼ਕਤੀ ਨੂੰ ਵਧਾਉਣਾ ਹੋਵੇਗਾ, ਜਿਸ ਨਾਲ ਬਾਜ਼ਾਰ 'ਚ ਵਸਤੂਆਂ ਦੀ ਮੰਗ ਵਧ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਜੀ. ਡੀ. ਪੀ.'ਚ ਜਿਹੜਾ ਗਿਰਾਵਟ ਦਾ ਦੌਰ ਸ਼ੁਰੂ ਹੋਇਆ ਹੈ, ਉਸ ਨੂੰ ਇਥੇ ਹੀ ਸੰਭਾਲਣਾ ਪਵੇਗਾ ਅਤੇ ਇਸੇ 'ਚ ਦੇਸ਼ ਅਤੇ ਘਰੇਲੂ ਉਦਯੋਗ ਅਤੇ ਵਪਾਰ ਦਾ ਫਾਇਦਾ ਹੈ।


author

Anuradha

Content Editor

Related News