ਹਾਰਨ ਵਾਲੇ ਮੰਤਰੀਆਂ ''ਤੇ ਕੈਪਟਨ ਕਦੋਂ ਲੈਣਗੇ ਐਕਸ਼ਨ?

05/24/2019 2:52:40 PM

ਹੁਸ਼ਿਆਰਪੁਰ (ਘੁੰਮਣ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਜਿੱਤ ਦਰਜ ਕਰਵਾਉਣ ਦੇ ਸੁਪਨੇ ਚਕਨਾਚੂਰ ਹੋਏ ਅਤੇ ਪਾਰਟੀ ਨੂੰ 8 ਸੀਟਾਂ 'ਤੇ ਹੀ ਸਬਰ ਕਰਨਾ ਪਿਆ। ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ 'ਚ ਵੱਡੀ ਜਿੱਤ ਸਬੰਧੀ ਓਵਰਕਾਨਫੀਡੈਂਸ ਨੇ ਕਾਂਗਰਸ ਦੇ ਗ੍ਰਾਫ ਨੂੰ ਹੇਠਾਂ ਲਿਆਂਦਾ ਅਤੇ ਪੰਜਾਬ ਦੀ ਸਿਆਸਤ 'ਚ ਬਦਲੇ ਸਮੀਕਰਨ ਨੇ ਸਭ ਤੋਂ ਵੱਧ ਖੋਰਾ ਕਾਂਗਰਸ ਨੂੰ ਲਾਇਆ। ਪੱਛੜੀਆਂ ਸ਼੍ਰੇਣੀਆਂ ਵੱਲੋਂ ਆਪਣੇ ਆਪ ਨੂੰ ਅਣਗੌਲਿਆ ਕੀਤੇ ਜਾਣ ਨੂੰ ਲੈ ਕੇ ਸਮੇਂ-ਸਮੇਂ 'ਤੇ ਆਪਣਾ ਰੋਸ ਜਾਹਰ ਕੀਤਾ ਜਾ ਰਿਹਾ ਸੀ। ਦੂਜੇ ਪਾਸੇ ਬੀ. ਐੱਸ. ਪੀ. ਵੱਲੋਂ ਆਪਣੀਆਂ ਸਹਿਯੋਗੀ ਪਾਰਟੀਆਂ ਨਾਲ ਕੀਤੇ ਸਮਝੌਤੇ ਅਧੀਨ ਮੁੜ ਆਪਣੇ ਵੋਟ ਬੈਂਕ ਨੂੰ ਵਧਾਇਆ ਤੇ ਦਲਿਤ ਵਰਗਾਂ 'ਚ ਬਸਪਾ ਵੱਲੋਂ ਮੁੜ ਆਪਣੀ ਪਕੜ ਬਣਾਉਣ ਕਾਰਣ ਪੰਜਾਬ ਕਾਂਗਰਸ 'ਤੇ ਭਾਰੀ ਪਈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਬਣਾਉਣ ਤੋਂ ਪਹਿਲਾਂ ਜਿਹੜੇ ਵਾਅਦਿਆਂ ਦੀ ਝੜੀ ਲਾਈ ਸੀ, ਉਨ੍ਹਾਂ 'ਚ ਕੁਝ ਇਹੋ ਜਿਹੇ ਵਾਅਦੇ ਸਨ, ਜੋ ਸਰਕਾਰ ਲਈ ਪੂਰੇ ਕਰਨੇ ਸੌਖੇ ਨਹੀਂ ਸਨ ਅਤੇ ਉਨ੍ਹਾਂ ਨੂੰ ਆਪਣੇ ਢਾਈ ਸਾਲ ਦੇ ਰਾਜ 'ਚ ਟੱਚ ਵੀ ਨਾ ਕਰਨਾ ਲੋਕਾਂ 'ਚ ਇਕ ਗੁੱਸੇ ਦੀ ਲਹਿਰ ਬਣ ਚੁੱਕੀ ਸੀ। ਆਮ ਲੋਕਾਂ ਨੂੰ ਇਹ ਲੱਗ ਰਿਹਾ ਸੀ ਕਿ ਕਾਂਗਰਸ ਨੇ ਸੱਤਾ ਹਾਸਲ ਕਰਨ ਲਈ ਜਿਸ ਤਰੀਕੇ ਨਾਲ ਉਨ੍ਹਾਂ ਨਾਲ ਵਾਅਦੇ ਕੀਤੇ ਸਨ ਅਤੇ ਪੂਰੇ ਨਾ ਕਰਨੇ ਇਕ ਧੋਖਾ ਹੈ ਅਤੇ ਲੋਕਾਂ ਅੰਦਰ ਇਹ ਗੁੱਸਾ ਦਿਨੋਂ ਦਿਨ ਵੱਧ ਰਿਹਾ ਸੀ। ਕਾਂਗਰਸ ਪਾਰਟੀ ਦੀਆਂ ਜਿਹੋ ਜਿਹੀਆਂ ਗੱਲਾਂ ਬਾਹਰ ਨਿਕਲ ਰਹੀਆਂ ਸਨ ਕਿ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਵੱਲੋਂ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ ਅਤੇ ਅਕਾਲੀ ਦਲ ਨਾਲ ਮਿਲੇ ਹੋਣ ਦੀਆਂ ਜੋ ਗੱਲਾਂ ਦੀਆਂ ਕਿਆਸਰਾਈਆਂ ਚੱਲ ਰਹੀਆਂ ਸਨ ਉਨ੍ਹਾਂ ਦੀ ਵੀ ਲੋਕਾਂ 'ਚ ਵੱਡੀ ਚਰਚਾ ਸੀ। ਲੋਕ ਸਭਾ ਚੋਣਾਂ 'ਚ ਇਸ ਗੁੱਸੇ ਨੇ ਆਪਣਾ ਰੰਗ ਦਿਖਾ ਦਿੱਤਾ ਅਤੇ ਕਾਂਗਰਸ ਨੂੰ ਕਈ ਸੀਟਾਂ 'ਤੇ ਵੱਡੀ ਲੀਡ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਕਾਂਗਰਸ ਦੇ ਕਈ ਮੰਤਰੀਆਂ ਦੇ ਹਲਕਿਆਂ 'ਚ ਵੀ ਵੱਡੀ ਹਾਰ ਹੋਈ।
ਇਹ ਦੇਖਣਾ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਜਿਸ ਤਰ੍ਹਾਂ ਘੁਰਕੀ ਮਾਰੀ ਗਈ ਸੀ ਕਿ ਜਿਨ੍ਹਾਂ ਮੰਤਰੀਆਂ ਦੇ ਹਲਕਿਆਂ 'ਚ ਹਾਰ ਹੋਈ ਉਨ੍ਹਾਂ ਨੂੰ ਮੰਤਰੀ ਪਦ ਤੋਂ ਹੱਥ ਧੋਣੇ ਪੈਣਗੇ ਅਤੇ ਜਿਨ੍ਹਾਂ ਵਿਧਾਇਕਾਂ ਦੇ ਹਲਕਿਆਂ 'ਚ ਹਾਰ ਹੋਈ ਉਨ੍ਹਾਂ ਨੂੰ ਅਗਲੀ ਵਾਰ ਟਿਕਟ ਨਹੀਂ ਦਿੱਤੀ ਜਾਵੇਗੀ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ 'ਤੇ ਕਦੋਂ ਅਮਲ ਕਰੇਗੀ ਅਤੇ 2022 ਦੀ ਆਪਣੀ ਜਿੱਤ ਲਈ ਲੋਕਾਂ ਨਾਲ ਪਿੱਛਲੇ ਕੀਤੇ ਵਾਅਦੇ ਪੂਰੇ ਕਰੇਗੀ?

ਮੰਨਿਆ ਜਾ ਰਿਹਾ ਸੀ ਕਿ ਦਲਿਤ ਵੋਟਰ ਹਮੇਸ਼ਾ ਹੀ ਕਾਂਗਰਸ ਦੇ ਹਮਾਇਤੀ ਸਨ ਪਰ ਕਾਂਗਰਸ ਆਪਣੇ ਵੋਟ ਬੈਂਕ ਨੂੰ ਆਪਣੇ ਨਾਲ ਰੱਖਣ 'ਚ ਸਫ਼ਲ ਨਹੀਂ ਰਹੀ। ਜਦਕਿ ਪੰਜਾਬ ਅੰਦਰ ਦਲਿਤ ਵੋਟਰਾਂ ਦੀ ਵੱਡੀ ਗਿਣਤੀ ਹੈ ਜਿਹੜੀ ਕਿ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਆਪਣੀ ਸਮਰੱਥਾ ਰੱਖਦੀ ਹੈ। ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਆਪਣੇ ਹਲਕਿਆਂ ਦੇ ਲੋਕਾਂ ਤੋਂ ਦੂਰੀ ਬਣਾਈ ਰੱਖਣਾ ਵੀ ਇਕ ਮੁੱਖ ਕਾਰਣ ਬਣਿਆ। ਜਿੱਤ ਤੋਂ ਬਾਅਦ ਆਮ ਲੋਕਾਂ 'ਚ ਨਾ ਵਿਚਰਨਾ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਅਣਗੌਲਿਆ ਕਰਨਾ ਅਤੇ ਸਰਕਾਰ ਵੱੱਲੋਂ ਆਪਣੀ ਜਿੱਤ ਤੋਂ ਬਾਅਦ ਪੰਜਾਬ ਲਈ ਕੁਝ ਨਾ ਕਰ ਦਿਖਾਉਣਾ, ਆਪਣੇ ਆਪ ਲਈ ਹੀ ਇਕ ਧੋਖਾ ਸੀ।
 


Anuradha

Content Editor

Related News