ਪੰਜਾਬ ''ਚ ਹੁੰਦੀਆਂ ਰਹੀਆਂ ਦੁੱਖਦ ਘਟਨਾਵਾ, ਮੁੱਖ ਮੰਤਰੀ ਦੀ ਬੋਲਦੀ ਰਹੀ ''ਗੈਰ-ਹਾਜ਼ਰੀ''

11/20/2019 1:14:56 AM

ਚੰਡੀਗੜ੍ਹ,(ਅਸ਼ਵਨੀ): ਇਸ ਨੂੰ ਸੰਯੋਗ ਕਹੋ ਜਾਂ ਕੁੱਝ ਹੋਰ ਪਰ ਹਕੀਕਤ ਇਹੀ ਹੈ ਕਿ ਪੰਜਾਬ 'ਚ ਜਦੋਂ-ਜਦੋਂ ਸੰਕਟ ਦੇ ਬਾਦਲ ਛਾਏ, ਉਸ ਸਮੇਂ ਮੁੱਖ ਮੰਤਰੀ ਅਮਰਿੰਦਰ ਸਿੰਘ ਮੌਕੇ 'ਤੇ ਹਾਜ਼ਰ ਨਹੀਂ ਰਹੇ। ਇਨ੍ਹੀਂ ਦਿਨੀਂ ਵੀ ਜਦੋਂ ਪੰਜਾਬ 'ਚ ਇਕ 37 ਸਾਲ ਦੇ ਦਲਿਤ ਨੌਜਵਾਨ ਦੇ ਕਤਲ ਤੋਂ ਬਾਅਦ ਦਲਿਤਾਂ ਦਾ ਗੁੱਸਾ ਸਿਖਰ 'ਤੇ ਹੈ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਯੂਰਪ 'ਚ ਛੁੱਟੀਆਂ ਮਨਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਕਰੀਬ 2 ਹਫ਼ਤਿਆਂ ਤੱਕ ਯੂਰਪ ਦੇ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰਨਗੇ।
ਉਨ੍ਹਾਂ ਦੀ ਯਾਤਰਾ ਦਾ ਅੰਤਿਮ ਪੜਾਅ ਇੰਗਲੈਂਡ ਹੋਵੇਗਾ।

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਮੁੱਖ ਮੰਤਰੀ ਪੰਜਾਬ 'ਚ ਮੁਸ਼ਕਿਲ ਸਮੇਂ ਦੌਰਾਨ ਰਾਜ ਤੋਂ ਬਾਹਰ ਰਹੇ ਹੋਣ। ਇਸੇ ਕਾਰਣ ਹੀ ਮੁੱਖ ਮੰਤਰੀ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਤੇ ਵੀ ਆਉਂਦੇ ਰਹੇ ਹਨ। ਦਲਿਤ ਕਤਲ ਮਾਮਲੇ 'ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਨਿਸ਼ਾਨਾ ਸਾਧਦੇ ਹੋਏ ਅਮਰਿੰਦਰ ਸਿੰਘ ਨੂੰ ਦੇਸ਼ ਦਾ ਸਭ ਤੋਂ ਲਾਪਰਵਾਹ ਮੁੱਖ ਮੰਤਰੀ ਤੱਕ ਕਰਾਰ ਦੇ ਦਿੱਤਾ ਹੈ। ਹੋਰ ਤਾਂ ਹੋਰ ਲੋਕ ਸਭਾ 'ਚ ਸਰਦ ਰੁੱਤ ਸੈਸ਼ਨ ਦੇ ਸਿਫ਼ਰ ਕਾਲ 'ਚ ਬੋਲਦੇ ਹੋਏ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਕ ਪਾਸੇ 'ਪੰਜਾਬ ਸਰਕਾਰ' ਵਿਦੇਸ਼ 'ਚ ਸ਼ਿਕਾਰ ਖੇਡਣ ਗਈ ਹੋਈ ਹੈ ਤੇ ਦੂਜੇ ਪਾਸੇ ਪੰਜਾਬ 'ਚ ਦਰਿੰਦੇ ਇਨਸਾਨੀਅਤ ਦਾ ਸ਼ਿਕਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਪੰਜਾਬ 'ਚ ਹੋਈਆਂ ਦੁਖਦ ਘਟਨਾਵਾਂ ਦੌਰਾਨ ਮੁੱਖ ਮੰਤਰੀ 'ਤੇ ਹੱਲਾ ਬੋਲਦੇ ਰਹੇ ਹਨ।

ਮਈ 2018 'ਚ ਵਾਤਾਵਰਣ ਤ੍ਰਾਸਦੀ, ਮੁੱਖ ਮੰਤਰੀ ਹਿਮਾਚਲ ਪ੍ਰਵਾਸ 'ਤੇ
ਮਈ 2018 ਦੌਰਾਨ ਜਦੋਂ ਪੰਜਾਬ 'ਚ ਵੱਡੀ ਵਾਤਾਵਰਣ ਤਰਾਸਦੀ ਹੋਈ, ਉਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਹਿਮਾਚਲ 'ਚ ਛੁੱਟੀਆਂ ਮਨਾ ਰਹੇ ਸਨ। ਇਸ ਤਰਾਸਦੀ 'ਚ ਚੱਢਾ ਸ਼ੂਗਰ ਮਿੱਲ ਤੋਂ ਕਰੀਬ 75 ਹਜ਼ਾਰ ਕੁਇੰਟਲ ਗਰਮ ਵਗਦਾ ਹੋਇਆ ਸ਼ੀਰਾ ਬਿਆਸ ਦਰਿਆ 'ਚ ਸੁੱਟਿਆ ਗਿਆ ਸੀ। ਜਿਸ ਨੇ ਬਿਆਸ ਤੇ ਸਤਲੁਜ ਦਰਿਆ ਦੀ ਬਾਇਓਡਾਇਵਰਸਿਟੀ ਨੂੰ ਤਹਿਸ-ਨਹਿਸ ਕਰ ਦਿੱਤਾ। ਕਰੀਬ 50 ਤਰ੍ਹਾਂ ਦੀਆਂ ਪ੍ਰਜਾਤੀਆਂ ਨਾਲ ਸਬੰਧਿਤ ਮੱਛੀਆਂ ਦੀ ਮੌਤ ਹੋਈ। ਵਣਜੀਵ ਮਾਹਿਰਾਂ ਨੇ ਇਸ ਨੂੰ ਪੰਜਾਬ ਦੀ ਸਭ ਤੋਂ ਵੱਡੀ ਕੁਦਰਤੀ ਤਰਾਸਦੀ ਦੱਸਦੇ ਹੋਏ ਕਿਹਾ ਕਿ ਜੇਕਰ ਪੂਰਾ ਵਣਜੀਵ ਪ੍ਰਬੰਧਨ ਦਰਿਆਵਾਂ ਦੇ ਸੁਧਾਰ 'ਚ ਲੱਗ ਜਾਵੇ ਤਾਂ ਵੀ ਇਸ ਦਰਿਆ ਦੇ ਪੂਰੇ ਈਕੋਸਿਸਟਮ ਨੂੰ ਦੁਬਾਰਾ ਤੋਂ ਦਰੁਸਤ ਕਰਨ 'ਚ ਘੱਟ ਤੋਂ ਘੱਟ 10 ਸਾਲ ਲੱਗਣਗੇ। ਬਾਵਜੂਦ ਇਸ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਹਿਮਾਚਲ 'ਚ ਬੈਠ ਕੇ ਹੀ ਹਾਲਾਤ ਦਾ ਜਾਇਜ਼ਾ ਲੈਂਦੇ ਰਹੇ।

ਰੇਲ ਹਾਦਸੇ ਦੇ 48 ਘੰਟਿਆਂ ਬਾਅਦ ਮੁੱਖ ਮੰਤਰੀ ਇਸਰਾਈਲ ਰਵਾਨਾ
ਅਕਤੂਬਰ 2018 ਦੌਰਾਨ ਅੰਮ੍ਰਿਤਸਰ 'ਚ ਭਿਆਨਕ ਰੇਲ ਹਾਦਸਾ ਹੋਇਆ, ਜਿਸ 'ਚ ਕਰੀਬ 59 ਲੋਕਾਂ ਦੀ ਮੌਤ ਹੋਈ ਸੀ। ਪੂਰਾ ਪੰਜਾਬ ਦੁੱਖ 'ਚ ਡੁੱਬਿਆ ਸੀ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਇਸ ਹਾਦਸੇ ਤੋਂ ਬਾਅਦ 48 ਘੰਟੇ ਤੋਂ ਵੀ ਘੱਟ ਸਮਾਂ ਗੁਜ਼ਰਨ 'ਤੇ ਇਸਰਾਈਲ ਰਵਾਨਾ ਹੋ ਗਏ ਸਨ। ਤਦ ਮੁੱਖ ਮੰਤਰੀ ਦੀ ਇਸ ਯਾਤਰਾ 'ਤੇ ਸੂਬੇ 'ਚ ਰਾਜਨੀਤਕ ਤੂਫਾਨ ਆ ਗਿਆ ਸੀ। ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਨੇ ਸਾਂਝਾ ਮੋਰਚਾ ਖੋਲ੍ਹਦੇ ਹੋਏ ਮੁੱਖ ਮੰਤਰੀ ਦੀ ਸਖਤ ਸ਼ਬਦਾਂ 'ਚ ਆਲੋਚਨਾ ਕੀਤੀ ਪਰ ਮੁੱਖ ਮੰਤਰੀ ਕਰੀਬ 4 ਦਿਨ ਤੱਕ ਇਸਰਾਈਲ ਦੌਰੇ 'ਤੇ ਰਹੇ।

ਮੰਤਰੀ ਦੋਸ਼ਾਂ ਦੇ ਘੇਰੇ 'ਚ, ਮੁੱਖ ਮੰਤਰੀ ਤੁਰਕੀ 'ਚ
ਅਕਤੂਬਰ 2018 ਦੌਰਾਨ ਹੀ ਪੰਜਾਬ ਦੀ ਸਿਆਸਤ 'ਚ ਉਸ ਸਮੇਂ ਖਲਬਲੀ ਮਚ ਗਈ ਜਦੋਂ ਇਕ ਮਹਿਲਾ ਅਧਿਕਾਰੀ ਨੇ ਇਕ ਕੈਬਨਿਟ ਮੰਤਰੀ 'ਤੇ ਬਦਸਲੂਕੀ ਦਾ ਦੋਸ਼ ਲਾ ਦਿੱਤਾ। ਇਹ ਉਹ ਸਮਾਂ ਸੀ, ਜਦੋਂ ਪੂਰੇ ਦੇਸ਼ 'ਚ ਮੀ ਟੂ ਕੰਪੇਨ ਪੂਰੇ ਸਿਖਰ 'ਤੇ ਸੀ। ਇਸ ਕਾਰਣ ਦੇਸ਼ ਭਰ 'ਚ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਦੀ ਆਵਾਜ਼ ਉੱਠੀ। ਇਸ ਦੌਰਾਨ ਵੀ ਮੁੱਖ ਮੰਤਰੀ ਰਾਜ 'ਚ ਨਹੀਂ ਸਨ। ਉਹ ਤੁਰਕੀ ਦੌਰੇ 'ਤੇ ਸਨ। ਇਸ 'ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਤੁਰਕੀ 'ਚ ਛੁੱਟੀਆਂ ਤੋਂ ਕੁੱਝ ਸਮਾਂ ਕੱਢ ਕੇ ਰਾਜ ਦੇ ਪ੍ਰਸ਼ਾਸਨ ਨੂੰ ਦਰੁਸਤ ਕਰਨ 'ਚ ਲਾਓ ਅਤੇ ਤੁਰੰਤ ਦਾਗੀ ਮੰਤਰੀ ਨੂੰ ਅਹੁਦੇ ਤੋਂ ਹਟਾਓ।

2 ਸਾਲ ਦਾ ਮਾਸੂਮ ਬੋਰਵੈੱਲ 'ਚ, ਮੁੱਖ ਮੰਤਰੀ ਹਿਮਾਚਲ 'ਚ
ਜੂਨ 2019 'ਚ ਸੰਗਰੂਰ ਜ਼ਿਲੇ 'ਚ 2 ਸਾਲ ਦਾ ਮਾਸੂਮ ਫਤਿਹਵੀਰ ਬੋਰਵੈੱਲ 'ਚ ਡਿੱਗ ਗਿਆ। ਪੰਜਾਬ ਦਾ ਪੂਰਾ ਡਿਜਾਸਟਰ ਮੈਨੇਜਮੈਂਟ ਸਿਸਟਮ ਫਤਿਹਵੀਰ ਨੂੰ ਬਚਾਉਣ 'ਚ ਲੱਗਿਆ ਸੀ ਪਰ ਮੁੱਖ ਮੰਤਰੀ ਹਿਮਾਚਲ 'ਚ ਛੁੱਟੀਆਂ ਦਾ ਲੁਤਫ ਉਠਾ ਰਹੇ ਸਨ। ਹੋਰ ਤਾਂ ਹੋਰ ਉਨ੍ਹਾਂ ਨੇ ਕਰੀਬ 3 ਦਿਨ ਬਾਅਦ ਟਵੀਟ ਦੇ ਜ਼ਰੀਏ ਇਸ ਮਾਮਲੇ ਬਾਰੇ ਚਿੰਤਾ ਜਤਾਈ। ਇਸ ਨੂੰ ਲੈ ਕੇ ਵੀ ਮੁੱਖ ਮੰਤਰੀ ਵਿਰੋਧੀ ਦਲਾਂ ਦੇ ਨਿਸ਼ਾਨੇ 'ਤੇ ਆਏ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕੇ ਪੁੱਛਿਆ ਕਿ ਤੁਸੀਂ ਹਿਮਾਚਲ 'ਚ ਛੁੱਟੀਆਂ ਕਿਉਂ ਮਨਾ ਰਹੇ ਹੋ ਅਤੇ 4 ਦਿਨਾਂ ਬਾਅਦ ਦੱਸ ਰਹੇ ਹੋ ਕਿ ਬਚਾਅ ਮੁਹਿੰਮ ਦਾ ਜਾਇਜ਼ਾ ਲੈ ਰਿਹਾ ਹਾਂ। ਇਸ ਮੁਸ਼ਕਲ ਦੀ ਸਥਿਤੀ 'ਚ ਤੁਸੀ ਪਹਾੜੀਆਂ ਤੋਂ ਉਤਰ ਕੇ ਕਿਉਂ ਨਹੀਂ ਆਏ। ਇਸ ਹਾਦਸੇ 'ਚ ਫਤਿਹਵੀਰ ਦੀ ਮੌਤ ਹੋ ਗਈ ਸੀ, ਜਿਸ 'ਤੇ ਵਿਰੋਧੀ ਦਲਾਂ ਨੇ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਵੀ ਠਹਿਰਾਇਆ ਸੀ।

ਹੁਣ ਨਵੰਬਰ 2019 'ਚ ਦਲਿਤ ਨੌਜਵਾਨ ਦਾ ਕਤਲ, ਮੁੱਖ ਮੰਤਰੀ ਨਿੱਜੀ ਯੂਰਪ ਦੌਰੇ 'ਤੇ
ਇਨ੍ਹੀਂ ਦਿਨੀਂ ਪੂਰਾ ਦਲਿਤ ਭਾਈਚਾਰਾ ਪ੍ਰਦੇਸ਼ 'ਚ ਬੇਰਹਿਮੀ ਨਾਲ ਇਕ 37 ਸਾਲਾ ਦਲਿਤ ਨੌਜਵਾਨ ਦੇ ਕਤਲ 'ਤੇ ਗੁੱਸੇ 'ਚ ਹੈ। ਜਦੋਂ ਉਸ ਦੀ ਮੌਤ ਹੋਈ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨਿੱਜੀ ਯੂਰਪ ਦੌਰੇ 'ਤੇ ਰਵਾਨਾ ਹੋ ਗਏ ਸਨ। ਪੂਰੇ ਪ੍ਰਦੇਸ਼ 'ਚ ਇਸ ਨੌਜਵਾਨ ਦੇ ਕਤਲ ਨੂੰ ਲੈ ਕੇ ਵਿਰੋਧ ਹੋਇਆ। ਨੌਜਵਾਨ ਦੇ ਵਾਰਸਾਂ ਨੇ ਨੌਜਵਾਨ ਦੀ ਲਾਸ਼ ਲੈਣ ਤੋਂ ਮਨ੍ਹਾ ਕਰ ਦਿੱਤਾ ਤਾਂ ਮੁੱਖ ਮੰਤਰੀ ਦੀ ਗੈਰ-ਹਾਜ਼ਰੀ 'ਚ 3 ਮੰਤਰੀਆਂ ਨੂੰ ਕਮਾਨ ਸੰਭਾਲਣੀ ਪਈ। ਇਨ੍ਹਾਂ ਮੰਤਰੀਆਂ ਨੇ ਨੌਜਵਾਨ ਦੇ ਵਾਰਸਾਂ ਨਾਲ ਗੱਲਬਾਤ ਕਰ ਕੇ ਮੁਆਵਜ਼ੇ ਦੀ ਰਾਸ਼ੀ ਅਤੇ ਵਾਰਸਾਂ ਨੂੰ ਪੈਨਸ਼ਨ ਸਮੇਤ ਨੌਕਰੀ ਦਾ ਭਰੋਸਾ ਦੇ ਕੇ ਤਣਾਅ ਭਰੀ ਸਥਿਤੀ ਨੂੰ ਸੰਭਾਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਦੇਸ਼ ਦਾ ਦਲਿਤ ਭਾਈਚਾਰਾ ਹਾਲੇ ਵੀ ਸਰਕਾਰ ਦੇ ਰਵੱਈਏ ਤੋਂ ਨਾਰਾਜ਼ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ 'ਤੇ ਅੜਿਆ ਹੋਇਆ ਹੈ। ਅਜਿਹੇ ਵਿਗੜੇ ਮਾਹੌਲ ਦੇ ਬਾਵਜੂਦ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਇਸ ਮਹੀਨੇ ਦੇ ਅੰਤ ਤੱਕ ਹੀ ਪਰਤਣਗੇ।


Related News