ਆਪਣੀ ਸੈਲਰੀ ਦੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਕੈਪਟਨ ਤੇ ਉਨ੍ਹਾਂ ਦੇ ਮੰਤਰੀ
Monday, Jan 13, 2020 - 09:16 PM (IST)
ਲੁਧਿਆਣਾ,(ਹਿਤੇਸ਼)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਰਕਾਰ ਦੇ ਮੰਤਰੀ ਆਪਣੀ ਤਨਖਾਹ ਨਾਲ ਜੁੜੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਹਨ। ਇੱਥੋਂ ਤੱਕ ਕਿ ਸੀ. ਐੱਮ. ਦੇ ਸਲਾਹਕਾਰਾਂ ਅਤੇ ਓ. ਐੱਸ. ਡੀਜ਼ ਨੇ ਵੀ ਇਸ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਕੇਸ 'ਚ ਕੁਲਦੀਪ ਖਹਿਰਾ ਵੱਲੋਂ ਆਰ. ਟੀ. ਆਈ. ਐਕਟ ਤਹਿਤ ਮੁੱਖ ਮੰਤਰੀ, ਮੰਤਰੀਆਂ, ਸੀ. ਐੱਮ. ਅਤੇ ਸਲਾਕਾਰਾਂ, ਓ. ਐੱਸ. ਡੀ. ਦੀ ਤਨਖਾਹ ਅਤੇ ਭੱਤਿਆਂ ਸਬੰਧੀ ਜਾਣਕਾਰੀ ਮੰਗੀ ਗਈ ਸੀ। ਜਿਸ ਨੂੰ ਥਰਡ ਪਾਰਟੀ ਸੂਚਨਾ ਮੰਨਦੇ ਹੋਏ ਜਨਰਲ ਐਡਮਨਿਸਟ੍ਰੇਸ਼ਨ ਵਿਭਾਗ ਵੱਲੋਂ ਪਹਿਲਾਂ ਉਕਤ ਲੋਕਾਂ ਨੂੰ ਸੂਚਿਤ ਕੀਤਾ ਗਿਆ ਪਰ ਉਨ੍ਹਾਂ ਨੇ ਸੂਚਨਾ ਮੁਹੱਈਆ ਕਰਵਾਉਣ ਲਈ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਅਪਲਾਈਕਰਤਾ ਕੋਲ ਹੁਣ ਅਪੀਲ ਅਥਾਰਟੀ ਅਤੇ ਰਾਜ ਸੂਚਨਾ ਕਮਿਸ਼ਨ ਦਾ ਦਰਵਾਜ਼ਾ ਖੜਕਾਉਣ ਦਾ ਬਦਲ ਬਚਿਆ ਹੈ।
ਇਹ ਵੀ ਮੰਗੀ ਗਈ ਹੈ ਸੂਚਨਾ
ਬਿਨੇਕਰਤਾ ਵੱਲੋਂ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਨੂੰ ਮਿਲ ਰਹੀ ਪੈਨਸ਼ਨ ਅਤੇ ਉਨ੍ਹਾਂ ਵੱਲੋਂ ਲਏ ਗਏ ਲੋਨ ਸਬੰਧੀ ਵੀ ਜਾਣਕਾਰੀ ਮੰਗੀ ਗਈ ਹੈ। ਜਿਸ 'ਚ ਲੋਨ ਦੀ ਅਦਾਇਗੀ ਦਾ ਸਟੇਟਸ ਪੁੱਛਿਆ ਗਿਆ, ਜਿਸ ਅਰਜ਼ੀ ਨੂੰ ਜਨਰਲ ਐਡਮਨਿਸਟ੍ਰੇਸ਼ਨ ਵਿਭਾਗ ਵੱਲੋਂ ਸਿਵਲ ਸੈਕਟਰੀਏਟ ਬ੍ਰਾਂਚ ਨੂੰ ਸ਼ਿਫਟ ਕਰ ਦਿੱਤਾ ਗਿਆ ਹੈ।