ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ, ਸਿੱਧੂ ਉਲਝਣ ’ਚ ਹਨ : ਕੈਪਟਨ ਅਮਰਿੰਦਰ

Friday, Jan 07, 2022 - 06:10 PM (IST)

ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ, ਸਿੱਧੂ ਉਲਝਣ ’ਚ ਹਨ : ਕੈਪਟਨ ਅਮਰਿੰਦਰ

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦੌਰਾਨ ਸੁਰੱਖਿਆ ’ਚ ਹੋਈ ਭਾਰੀ ਗ਼ਲਤੀ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਗੈਰ ਜ਼ਿੰਮੇਵਾਰੀਪੂਰਨ ਰਵੱਈਏ ਦੀ ਨਿੰਦਾ ਕੀਤੀ ਹੈ। ਇਥੇ ਜਾਰੀ ਇਕ ਬਿਆਨ ’ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਚੰਨੀ, ਰੰਧਾਵਾ ਤੇ ਸਿੱਧੂ ਉਲਝਣ ’ਚ ਫਸੇ ਹੋਣ ਦੀ ਤਰ੍ਹਾਂ ਵਤੀਰਾ ਅਪਣਾ ਰਹੇ ਹਨ, ਜਿਨ੍ਹਾਂ ਨੂੰ ਨਹੀਂ ਪਤਾ ਚੱਲ ਰਿਹਾ ਹੈ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਕਿਵੇਂ ਨਿਭਾਉਣ। ਜਿਹੜੇ ਜ਼ਿੰਮੇਵਾਰੀ ਲੈਣ ਦੀ ਬਜਾਏ ਉਸ ਤੋਂ ਭੱਜ ਰਹੇ ਹਨ ਅਤੇ ਉਸਨੂੰ ਜੂਨੀਅਰਾਂ ’ਤੇ ਪਾ ਰਹੇ ਹਨ ਅਤੇ ਇਹ ਅਗਵਾਈ ਨਹੀਂ, ਸਗੋਂ ਕਾਇਰਤਾ ਦੀ ਨਿਸ਼ਾਨੀ ਹੈ।

ਇਸ ਲੜੀ ਹੇਠ ਸੁਰੱਖਿਆ ਦੀ ਗਲਤੀ ਨੂੰ ਲੈ ਕੇ ਚੰਨੀ ਦੇ ਉਲਝਣ ਭਰੇ ਅਤੇ ਆਪਸ ਵਿਰੋਧੀ ਬਿਆਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਵੇਰੇ ਪਹਿਲਾਂ ਉਹ ਕੁਝ ਹੋਰ ਕਹਿੰਦੇ ਹਨ ਤੇ ਜਾਂਚ ਦੇ ਆਦੇਸ਼ ਦਿੰਦੇ ਹਨ। ਜਦਕਿ ਸ਼ਾਮ ਹੁੰਦਿਆਂ ਹੀ ਕਿਸੇ ਵੀ ਕੱਲ੍ਹ ਨੂੰ ਨਕਾਰ ਦਿੰਦੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਬਚਕਾਨਾ ਬਿਆਨ ਤੇ ਵੀ ਹਾਸਾ ਉਡਾਇਆ ਹੈ ਕਿ ਉਹ ਪ੍ਰਧਾਨ ਮੰਤਰੀ ਦੀ ਜ਼ਿੰਦਗੀ ਨੂੰ ਕੋਈ ਖ਼ਤਰਾ ਹੋਣ ’ਤੇ ਆਪਣੀ ਛਾਤੀ ’ਤੇ ਗੋਲੀਆਂ ਖਾ ਲੈਣਗੇ। ਉਨ੍ਹਾਂ ਨੇ ਚੰਨੀ ਨੂੰ ਕਿਹਾ ਕਿ ਤੁਸੀਂ ਇਥੇ ਛਾਤੀ ਦੇ ਗੋਲੀ ਖਾਣ ਲਈ ਨਹੀਂ ਹੋ, ਚੰਗਾ ਹੋਵੇਗਾ ਕਿ ਤੁਸੀਂ ਆਪਣੀ ਜ਼ਿੰਮੇਵਾਰੀ ’ਤੇ ਧਿਆਨ ਦਿਓ।

ਕੈਪਟਨ ਅਮਰਿੰਦਰ ਨੇ ਗ੍ਰਹਿ ਵਿਭਾਗ ਦਾ ਚਾਰਜ ਰੱਖਣ ਵਾਲੇ ਡਿਪਟੀ ਮੁੱਖ ਮੰਤਰੀ ਰੰਧਾਵਾ ਵੱਲੋਂ ਦਿੱਤੇ ਬਿਆਨ ਕਿ ਕੇਂਦਰੀ ਏਜੰਸੀਆਂ ਨੂੰ ਪ੍ਰਧਾਨ ਮੰਤਰੀ ਲਈ ਸੁਰੱਖਿਅਤ ਰਸਤਾ ਤੈਅ ਕਰਨਾ ਚਾਹੀਦਾ ਸੀ ’ਤੇ ਵੀ ਚੁਟਕੀ ਲਈ। ਉਨ੍ਹਾਂ ਕਿਹਾ ਕਿ ਡਿਪਟੀ ਮੁੱਖ ਮੰਤਰੀ ਸੱਚਾਈ ਤੋਂ ਅਣਜਾਣ ਹਨ ਕਿਉਂਕਿ ਪ੍ਰਧਾਨ ਮੰਤਰੀ ਪੰਜਾਬ ’ਚ ਸਨ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਨਾਲ ਸੁਰੱਖਿਆ ਮੁਹੱਈਆ ਕਰਵਾਉਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਸੀ। ਹਾਲ ਹੀ ਵਿਚ ਤੁਸੀਂ ਬੀ. ਐੱਸ. ਐੱਫ. ਦਾ ਦਾਇਰਾ ਵਧਾਏ ਜਾਣ ਖਿਲਾਫ਼ ਮਗਰਮੱਛ ਦੇ ਅੱਥਰੂ ਵਹਾ ਰਹੇ ਸੀ ਕਿ ਕਾਨੂੰਨ ਤੇ ਵਿਵਸਥਾ ਸੂਬੇ ਦੇ ਅਧਿਕਾਰ ਖੇਤਰ ’ਚ ਹੈ, ਬੀ. ਐੱਸ. ਐੱਫ ਦਾ ਇਸ ਨਾਲ ਕੁਝ ਲੈਣਾ ਦੇਣਾ ਨਹੀਂ। ਜਦਕਿ ਅੱਜ ਆਪਣੀ ਜ਼ਿੰਮੇਵਾਰੀ ਤੋਂ ਬਚਣ ਲਈ ਤੁਸੀਂ ਕਹਿ ਰਹੇ ਹੋ ਕਿ ਉੱਥੇ ਕਾਨੂੰਨ ਵਿਵਸਥਾ ਕੇਂਦਰੀ ਏਜੰਸੀਆਂ ਦੀ ਜ਼ਿੰਮੇਵਾਰੀ ਸੀ।

ਸਾਬਕਾ ਮੁੱਖ ਮੰਤਰੀ ਨੇ ਸਿੱਧੂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਲਾਹ ਦਿੱਤੀ ਕਿ ਬਿਹਤਰ ਹੋਵੇਗਾ ਕਿ ਤੁਸੀਂ ਉਨ੍ਹਾਂ ਮੁੱਦਿਆਂ ’ਤੇ ਬੋਲਣ ਤੋਂ ਬਚੋ ਜਿਨ੍ਹਾਂ ਬਾਰੇ ਤੁਹਾਨੂੰ ਕੋਈ ਜਾਣਕਾਰੀ ਨਹੀਂ ਹੈ। ਜਿਵੇਂ ਕਿ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਦਾ ਸੁਰੱਖਿਆ ਦਾਇਰਾ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਅਤੇ ਖ਼ਾਸ ਕਰਕੇ ਉਨ੍ਹਾਂ ਦੀ ਆਪਣੀ ਪਾਰਟੀ ਤੇ ਸਰਕਾਰ ਨੇ ਵੀ ਉਨ੍ਹਾਂ ਗੰਭੀਰਤਾ ਨਾਲ ਲੈਣਾ ਬੰਦ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਨੇ ਕਾਂਗਰਸ ਦੇ ਆਗੂਆਂ ਨੂੰ ਆਪਣੀ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਦੀ ਸਮਝਦਾਰੀ ਵਾਲੀ ਸਲਾਹ ਨੂੰ ਸੁਣਨ ਲਈ ਕਿਹਾ ਹੈ, ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਮਾਮਲੇ ਦੀ ਜਾਂਚ ਕਰਨ ਤੇ ਜ਼ਿੰਮੇਵਾਰੀ ਤੈਅ ਕਰਨ ਲਈ ਕਿਹਾ ਹੈ। ਹੁਣ ਲੱਗਦਾ ਹੈ ਕਿ ਸ਼ਾਇਦ ਤੁਸੀਂ ਕਹੋਗੇ ਕਿ ਸ੍ਰੀਮਤੀ ਗਾਂਧੀ ਪ੍ਰਧਾਨ ਮੰਤਰੀ ਮੋਦੀ ਦਾ ਪੱਖ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। 


author

Gurminder Singh

Content Editor

Related News