ਝੋਨੇ ਦੀ ਲਵਾਈ ਦੀ ਤਰੀਕ ਬਦਲਣ ਤੋਂ ਮੁੱਖ ਮੰਤਰੀ ਦੀ ਕੋਰੀ ਨਾ
Monday, Aug 05, 2019 - 06:13 PM (IST)
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਝੋਨੇ ਦੀ ਲਵਾਈ ਦੀ ਤਰੀਕ 20 ਜੂਨ ਤੋਂ ਬਦਲ ਕੇ 1 ਜੂਨ ਕੀਤੇ ਜਾਣ ਨੂੰ ਰੱਦ ਕਰ ਦਿੱਤਾ ਹੈ। ਸੋਮਵਾਰ ਨੂੰ ਸਦਨ ਵਿਚ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਾਲ ਝੋਨੇ ਦੀ ਲਵਾਈ ਦੀ ਤਰੀਕ 13 ਜੂਨ ਤਜ਼ਰਬੇ ਦੇ ਤੌਰ 'ਤੇ ਕੀਤੀ ਗਈ ਸੀ ਅਤੇ ਲਵਾਈ ਦੇ ਨਿਰਧਾਰਤ ਸਮੇਂ 'ਚ ਕੀਤੀ ਤਬਦੀਲੀ ਨੂੰ ਪੱਕੇ ਤੌਰ 'ਤੇ ਮਿੱਥਣ ਦਾ ਕੋਈ ਪ੍ਰਸਤਾਵ ਸਰਕਾਰ ਦੇ ਵਿਚਾਰ-ਅਧੀਨ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਅੰਨੇਵਾਹ ਵਰਤੋਂ ਨੂੰ ਠੱਲ ਪਾਉਣ ਅਤੇ ਪਾਣੀ ਬਚਾਉਣ ਲਈ ਫਸਲ ਚੱਕਰ ਨੂੰ ਬਦਲਣ ਲਈ ਵਿਆਪਕ ਰਣਨੀਤੀ ਉਲੀਕਣ ਲਈ ਛੇਤੀ ਸਰਬ-ਪਾਰਟੀ ਮੀਟਿੰਗ ਸੱਦੀ ਜਾਵੇਗੀ। ਉਨ੍ਹਾਂ ਸੂਬੇ ਵਿਚ ਪਾਣੀ ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਸਾਰੀਆਂ ਪਾਰਟੀਆਂ ਨੂੰ ਸਿਆਸੀ ਮੱਤਭੇਦਾਂ ਤੋਂ ਉਪਰ ਉਠ ਕੇ ਇਕਜੁਟਤਾ ਦਿਖਾਉਣ ਦੀ ਅਪੀਲ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਇਸ ਵੇਲੇ ਪਾਣੀ ਦੀ ਵੱਡੀ ਘਾਟ ਨਾਲ ਜੂਝ ਰਿਹਾ ਹੈ। ਉਨਾਂ ਦੱਸਿਆ ਕਿ ਈਰਾਡੀ ਕਮਿਸ਼ਨ ਨੇ ਪਾਣੀ ਦਾ ਮੁਲਾਂਕਣ ਕਰਦੇ ਸਮੇਂ ਦਰਿਆਈ ਪਾਣੀ ਦਾ ਪੱਧਰ 17.1 ਐੱਮ.ਏ.ਐਫ. ਦਾ ਅਨੁਮਾਨਿਆ ਸੀ ਅਤੇ ਉਦੋਂ ਤੋਂ ਲੈ ਕੇ ਪਾਣੀ ਦਾ ਪੱਧਰਉੱਟ ਕੇ 13 ਐੱਮ.ਏ.ਐਫ. ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ 'ਚ ਹੋ ਰਹੀ ਤਬਦੀਲੀ ਕਾਰਨ ਗਲੇਸ਼ੀਅਰ ਪਿਘਲਣ ਕਰਕੇ ਸਥਿਤੀ ਇਸ ਹੱਦ ਤੱਕ ਪੁੱਜ ਗਈ ਹੈ।