ਕੈਪਟਨ ਨੇ ਕੀਤਾ ਐਲਾਨ, ਵਿਦੇਸ਼ੀ ਯਾਤਰਾ ਬਾਰੇ ਨਾ ਦੱਸਣ ਵਾਲਿਆਂ ਦੇ ਪਾਸਪੋਰਟ ਹੋਣਗੇ ਜ਼ਬਤ

04/04/2020 9:31:56 PM

ਜਲੰਧਰ,(ਧਵਨ): ਸੂਬੇ 'ਚ ਕੋਵਿਡ-19 ਸੰਕਟ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਦੇਸ਼ੀ ਦੌਰਿਆਂ ਜਾਂ ਯਾਤਰਾ ਦੇ ਬਾਰੇ ਜਾਣਕਾਰੀ ਨਾ ਦੇਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਚਿਤਾਵਨੀ ਦਿੰਦੇ ਹੋਏ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰਨ ਦਾ ਐਲਾਨ ਕੀਤਾ ਹੈ। ਸੂਬੇ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਲਈ ਕੈਬਨਿਟ ਬੈਠਕ 'ਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੋ ਸਕਦਾ ਤੇ ਜੋ ਵੀ ਵਿਅਕਤੀ ਪੁਲਸ ਜਾਂ ਸਿਹਤ ਵਿਭਾਗ ਦੇ ਸਾਹਮਣੇ ਆਪਣੀ ਯਾਤਰਾ ਬਾਰੇ ਜਾਣਕਾਰੀ ਨਹੀਂ ਦੇਵੇਗਾ, ਉਸ ਦੇ ਖਿਲਾਫ ਸਰਕਾਰ ਸਖਤੀ ਨਾਲ ਪੇਸ਼ ਆਵੇਗੀ। ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਅਸੀਂ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਵਾਂਗੇ।

ਵਿਸ਼ਵ ਮਹਾਮਾਰੀ ਕਾਰਣ ਪੈਦਾ ਹੋਏ ਸੰਕਟ ਖਿਲਾਫ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਜੰਗ 'ਚ ਸਥਿਤੀ ਨੂੰ ਮਜ਼ਬੂਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਦੇ ਸੇਵਾਮੁਕਤ ਹੋਣ ਵਾਲੇ ਸਾਰੇ ਕਰਮਚਾਰੀਆਂ ਦਾ ਸੇਵਾਕਾਲ 3 ਮਹੀਨੇ ਲਈ ਵਧਾ ਦਿੱਤਾ ਹੈ। ਜਿਸ ਦਾ ਪ੍ਰਸਤਾਵ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਰੱਖਿਆ ਸੀ। ਅਧਿਕਾਰਤ ਬੁਲਾਰੇ ਅਨੁਸਾਰ ਇਸ ਸੰਦਰਭ ਵਿਚ ਮੁੱਖ ਮੰਤਰੀ ਦੀ ਮਨਜ਼ੂਰੀ ਲੈਣ ਲਈ ਸੂਚੀ ਜਲਦੀ ਹੀ ਸੌਂਪੀ ਜਾਵੇਗੀ। ਪੰਜਾਬ ਵਿਚ ਹੁਣ ਤੱਕ ਕੋਰੋਨਾ ਵਾਇਰਸ ਕਾਰਣ ਹੋਣ ਵਾਲੀਆਂ ਮੌਤਾਂ ਦੀ ਗਿਣਤੀ 5 ਪਹੁੰਚ ਗਈ ਹੈ, ਜਦੋਂਕਿ 65 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਪੰਜਾਬ ਮੰਤਰੀ ਪ੍ਰੀਸ਼ਦ ਨੇ 3 ਪ੍ਰਸਤਾਵ ਵੱਖ-ਵੱਖ ਵਰਗਾਂ ਦਾ ਧੰਨਵਾਦ ਕਰਨ ਲਈ ਪਾਸ ਕੀਤੇ। ਇਨ੍ਹਾਂ ਵਿਚੋਂ ਇਕ ਪ੍ਰਸਤਾਵ ਸਰਕਾਰੀ ਕਰਮਚਾਰੀਆਂ ਦਾ ਧੰਨਵਾਦ ਕਰਨ ਲਈ ਰੱਖਿਆ, ਜਿਨ੍ਹਾਂ ਨੇ ਆਪਣੀ ਤਨਖਾਹ ਦਾ ਕੁਝ ਹਿੱਸਾ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਦਾਨ ਵਿਚ ਦਿੱਤਾ। ਇਸੇ ਤਰ੍ਹਾਂ ਮੰਤਰੀ ਪ੍ਰੀਸ਼ਦ ਵਿਚ ਸਾਰੇ ਸਵੈਮ-ਸੇਵੀ ਸੰਗਠਨਾਂ ਅਤੇ ਧਾਰਮਿਕ ਸੰਗਠਨਾਂ ਦਾ ਧੰਨਵਾਦ ਪ੍ਰਗਟ ਕੀਤਾ, ਜਿਨ੍ਹਾਂ ਨੇ ਸਰਕਾਰ ਦੀ ਬੇਨਤੀ 'ਤੇ ਇਕੱਠ ਨਹੀਂ ਕੀਤਾ। ਇਕ ਪ੍ਰਸਤਾਵ ਪੁਲਸ, ਸਿਹਤ ਕਰਮਚਾਰੀਆਂ, ਸਫਾਈ ਸੇਵਕਾਂ ਅਤੇ ਆਂਗਣਵਾੜੀ ਵਰਕਰਾਂ ਲਈ ਪਾਸ ਕੀਤਾ, ਜੋ ਕੋਰੋਨਾ ਵਾਇਰਸ ਖਿਲਾਫ ਲੜਾਈ ਲੜ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਸਾਰਿਆਂ ਦਾ ਧੰਨਵਾਦ ਪ੍ਰਗਟ ਕਰਦੀ ਹੈ, ਜੋ ਸੰਕਟ ਦੀ ਘੜੀ ਵਿਚ ਸਰਕਾਰ ਨੂੰ ਸਹਿਯੋਗ ਦੇ ਰਹੇ ਹਨ।


Deepak Kumar

Content Editor

Related News