ਕੈਪਟਨ-ਸਿੱਧੂ ਕਲੇਸ਼ ''ਚ ਮੈਡਮ ਸਿੱਧੂ ਦੀ ਐਂਟਰੀ, ਕੀਤਾ ਵੱਡਾ ਦਾਅਵਾ
Monday, Jun 03, 2019 - 06:36 PM (IST)
ਅੰਮ੍ਰਿਤਸਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੇ ਵਿਵਾਦ 'ਤੇ ਬੀਬਾ ਨਵਜੋਤ ਕੌਰ ਸਿੱਧੂ ਦੇ ਸੁਰ ਕੁਝ ਬਦਲੇ-ਬਦਲੇ ਨਜ਼ਰ ਆ ਰਹੇ ਹਨ। ਬੀਬਾ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਹੈ। ਅੰਮ੍ਰਿਤਸਰ ਦੇ ਕੰਪਨੀ ਬਾਗ ਦਾ ਜਾਇਜ਼ਾ ਲੈਣ ਪਹੁੰਚੀ ਨਵਜੋਤ ਕੌਰ ਸਿੱਧੂ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਵਜੋਤ ਸਿੱਧੂ ਦਾ ਮੁੱਖ ਮੰਤਰੀ ਨਾਲ ਕੋਈ ਵਿਵਾਦ ਨਹੀਂ ਹੈ ਅਤੇ ਉਨ੍ਹਾਂ ਦੀ ਗੱਲਬਾਤ ਵੀ ਮੁੱਖ ਮੰਤਰੀ ਨਾਲ ਹੋ ਚੁੱਕੀ ਹੈ। ਬੀਬੀ ਸਿੱਧੂ ਨੇ ਕਿਹਾ ਕਿ ਸਿੱਧੂ ਦਾ ਰਿਪੋਰਟ ਕਾਰਡ ਵੀ ਮੁੱਖ ਮੰਤਰੀ ਕੋਲ ਪਹੁੰਚ ਚੁੱਕਾ ਹੈ। ਮੈਡਮ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਨੂੰ ਬਹੁਤ ਜਲਦ ਸ਼ਾਬਾਸ਼ ਮਿਲਣ ਦਾ ਦਾਅਵਾ ਵੀ ਕੀਤਾ ਹੈ।
ਨਵਜੋਤ ਸਿੰਘ ਸਿੱਧੂ ਦੇ ਕੈਬਨਿਟ ਦੀ ਮੀਟਿੰਗ ਵਿਚ ਸ਼ਾਮਲ ਨਾ ਹੋਣ ਦੇ ਪੁੱਛੇ ਸਵਾਲ ਦੇ ਜਵਾਬ ਵਿਚ ਬੀਬੀ ਸਿੱਧੂ ਨੇ ਕਿਹਾ ਕਿ ਜਿਹੜੀ ਮੀਟਿੰਗ ਮੁੱਖ ਮੰਤਰੀ ਵਲੋਂ ਬੁਲਾਈ ਗਈ ਸੀ, ਉਹ ਕੈਬਨਿਟ ਨਹੀਂ ਸਗੋਂ ਵਿਧਾਇਕਾਂ ਦੀ ਮੀਟਿੰਗ ਸੀ ਪਰ ਫਿਰ ਵੀ ਉਨ੍ਹਾਂ ਨੂੰ ਮੀਟਿੰਗ ਵਿਚ ਸ਼ਾਮਲ ਹੋਣ ਦਾ ਸੱਦਾ ਨਹੀਂ ਆਇਆ ਸੀ, ਇਸ ਲਈ ਉਹ ਮੀਟਿੰਗ ਵਿਚ ਨਹੀਂ ਗਏ। ਨਵਜੋਤ ਸਿੱਧੂ ਦਾ ਮਹਿਕਮਾ ਬਦਲੇ ਜਾਣ ਦੀ ਚਰਚਾ 'ਤੇ ਬੀਬੀ ਸਿੱਧੂ ਨੇ ਕਿਹਾ ਕਿ ਫਿਲਹਾਲ ਅਜਿਹੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਮਹਿਕਮਾ ਬਦਲਣ ਦਾ ਕੰਮ ਦਿੱਲੀ ਤੋਂ ਹੁੰਦਾ ਹੈ ਜਦੋਂ ਉਥੇ ਮੀਟਿੰਗ ਹੋਵੇਗੀ ਤਾਂ ਉਹ ਮਾਮਲਾ ਚੁੱਕਣਗੇ।
ਨਵਜੋਤ ਸਿੱਧੂ ਦੇ ਮੁੱਖ ਮੰਤਰੀ ਬਣਨ ਸੰਬੰਧੀ ਪੁੱਛੇ ਗਏ ਸਵਾਲ 'ਤੇ ਮੈਡਮ ਸਿੱਧੂ ਨੇ ਕਿਹਾ ਕਿ ਉਨ੍ਹਾਂ ਵਲੋਂ ਕਿਸੇ ਮੰਚ 'ਤੇ ਅਜਿਹਾ ਬਿਆਨ ਨਹੀਂ ਦਿੱਤਾ ਗਿਆ ਅਤੇ ਨਾ ਹੀ ਨਵਜੋਤ ਸਿੱਧੂ ਦੀ ਮੁੱਖ ਮੰਤਰੀ ਬਣਨ ਦਾ ਮਨਸ਼ਾ ਹੈ, ਕੁਝ ਲੋਕ ਹਨ ਜੋ ਮੁੱਖ ਮੰਤਰੀ ਦੇ ਕੰਨ ਭਰਦੇ ਹਨ ਜਿਸ ਕਾਰਨ ਅਜਿਹੀਆਂ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।