ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕੇਸ ''ਚ ਵੱਡੀ ਅਪਡੇਟ
Saturday, Apr 11, 2026 - 12:11 PM (IST)
ਮਾਨਸਾ (ਜੱਸਲ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ ਮਾਨਸਾ ਦੀ ਅਦਾਲਤ ’ਚ ਹੋਈ, ਜਿਸ ਵਿਚ ਛੇ ਗਵਾਹਾਂ ਦੀ ਗਵਾਹੀ ਦਰਜ ਕੀਤੀ ਗਈ। ਕੇਸ ਦੇ ਵੇਰਵੇ ਦਿੰਦੇ ਹੋਏ ਵਕੀਲ ਸਤਿੰਦਰ ਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਗਵਾਹਾਂ ਸ਼ੰਕਰ ਲਾਲ, ਰਾਜਕੁਮਾਰ, ਅਮਿਤ ਕੁਮਾਰ, ਉਦੇ ਰਾਮ, ਆਦਿੱਤਿਆ ਅਤੇ ਬਲਜੀਤ ਸਿੰਘ (ਕਾਂਸਟੇਬਲ) ਦੀ ਗਵਾਹੀ ਪੂਰੀ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਅੱਜ ਅਦਾਲਤ ’ਚ ਸਾਰੇ ਛੇ ਗਵਾਹਾਂ ਦੀ ਗਵਾਹੀ ਪੂਰੀ ਹੋ ਗਈ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਅਦਾਲਤ ’ਚ ਪੇਸ਼ ਹੋਏ ਅਤੇ ਇਕ ਅਰਜ਼ੀ ਦਾਇਰ ਕੀਤੀ। ਅਰਜ਼ੀ ’ਚ ਉਨ੍ਹਾਂ ਨੇ ਜਾਂਚ ਏਜੰਸੀਆਂ ਤੋਂ ਚਾਰ ਮੁਲਜ਼ਮਾਂ ਅਵਤਾਰ ਸਿੰਘ, ਨਵਜੋਤ ਪੰਧੇਰ, ਜੀਵਨਜੋਤ ਅਤੇ ਕੰਵਰਪਾਲ ਗਰੇਵਾਲ ’ਤੇ ਸਟੇਟਸ ਰਿਪੋਰਟ ਮੰਗੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਮੁਲਜ਼ਮਾਂ ਨੂੰ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਬਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਚਾਰਾਂ ਵਿਰੁੱਧ ਅਦਾਲਤ ’ਚ ਅਜੇ ਤੱਕ ਚਲਾਨ ਦਾਇਰ ਨਹੀਂ ਕੀਤਾ ਗਿਆ ਹੈ। ਐਡਵੋਕੇਟ ਮਿੱਤਲ ਨੇ ਕਿਹਾ ਕਿ ਬਲਕੌਰ ਸਿੰਘ ਨੇ ਅਦਾਲਤ ਨੂੰ ਇਨ੍ਹਾਂ ਮੁਲਜ਼ਮਾਂ ਦੀ ਸਥਿਤੀ ਸਪੱਸ਼ਟ ਕਰਨ ਦੀ ਬੇਨਤੀ ਕੀਤੀ ਹੈ, ਤਾਂ ਜੋ ਉਹ ਮਜ਼ਬੂਤ ਗਵਾਹੀ ਦੇ ਸਕਣ। ਸੁਣਵਾਈ ਦੌਰਾਨ 2 ਮੁਲਜ਼ਮ ਪਵਨ ਬਿਸ਼ਨੋਈ ਅਤੇ ਜਗਤਾਰ ਸਿੰਘ ਨਿੱਜੀ ਤੌਰ ’ਤੇ ਪੇਸ਼ ਹੋਏ, ਜਦੋਂ ਕਿ ਦੂਜੇ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ। ਅਦਾਲਤ ਨੇ ਅਗਲੀ ਸੁਣਵਾਈ 1 ਮਈ, 2026 ਨੂੰ ਤੈਅ ਕੀਤੀ ਹੈ।
