ਕੈਪਟਨ ਦੇ ਸੱਦੇ ਨੂੰ ਸਿੱਧੂ ਨੇ ਨਹੀਂ ਕੀਤਾ ਕਬੂਲ

Tuesday, Jan 14, 2020 - 06:59 PM (IST)

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭੇਜੇ ਸੱਦੇ ਨੂੰ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਰਕਿਨਾਰ ਕਰ ਦਿੱਤਾ ਹੈ। ਦਰਅਸਲ ਕੈਪਟਨ ਨੇ ਪਿਛਲੇ ਸਾਲ ਵਾਂਗ ਵੱਖ-ਵੱਖ ਜ਼ਿਲਿਆਂ ਦੇ ਵਿਧਾਇਕਾਂ ਨਾਲ ਬਜਟ ਤੋਂ ਪਹਿਲਾਂ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਵਿਧਾਇਕਾਂ ਨੂੰ ਹਲਕਿਆਂ ਵਿਚ ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ਦੀ ਸੂਚੀ ਜਲਦੀ ਦੇਣ ਲਈ ਕਿਹਾ ਸੀ। ਇਸ ਤਹਿਤ ਸੋਮਵਾਰ ਨੂੰ ਚਾਰ ਜ਼ਿਲਿਆਂ ਦੇ ਵਿਧਾਇਕਾਂ ਨੂੰ ਦੋ ਗਰੁੱਪਾਂ ਵਿਚ ਸੱਦਿਆ ਗਿਆ। ਪਹਿਲੀ ਮੀਟਿੰਗ ਵਿਚ ਅੰਮ੍ਰਿਤਸਰ ਜ਼ਿਲੇ ਦੇ ਸਾਰੇ ਵਿਧਾਇਕ ਸੱਦੇ ਗਏ ਸਨ ਜਿਨ੍ਹਾਂ ਵਿਚ ਸਾਬਕਾ ਮੰਤਰੀ ਨਵਜੋਤ ਸਿੱਧੂ ਵੀ ਸ਼ਾਮਲ ਹਨ ਪਰ ਸੱਦਾ ਮਿਲਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਨਹੀਂ ਆਏ। 

PunjabKesari

ਜਾਣਕਾਰੀ ਅੁਨਸਾਰ ਵਿਧਾਇਕਾਂ ਕੋਲੋਂ ਉਨ੍ਹਾਂ ਦੇ ਹਲਕਿਆਂ ਦੇ ਹੋਣ ਵਾਲੇ ਵਿਕਾਸ ਕੰਮਾਂ ਬਾਰੇ ਚਰਚਾ ਕੀਤੀ ਗਈ। ਵਿਧਾਇਕਾਂ ਨੂੰ ਕਿਹਾ ਗਿਆ ਕਿ ਦਰਮਿਆਨੇ ਤੇ ਵੱਡੇ ਪ੍ਰਾਜੈਕਟਾਂ ਲਈ ਪੈਸਾ ਬਜਟ ਵਿਚ ਰੱਖਿਆ ਜਾਵੇਗਾ ਅਤੇ ਆਮ ਕੰਮ-ਕਾਰਾਂ ਲਈ ਪੈਸਾ ਬਜਟ ਤੋਂ ਪਹਿਲਾਂ ਵੀ ਦਿੱਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੀਆਂ ਬਜਟ ਮੀਟਿੰਗਾਂ ਵਿਚ ਵਿਧਾਇਕਾਂ ਨੂੰ ਹਰੇਕ ਹਲਕੇ ਦੇ ਵਿਕਾਸ ਲਈ 25 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ ਤੇ ਇਸ ਵਿਚੋਂ ਪੈਸਾ ਡਿਪਟੀ ਕਮਿਸ਼ਨਰਾਂ ਰਾਹੀਂ ਵੱਖ-ਵੱਖ ਕੰਮਾਂ 'ਤੇ ਖ਼ਰਚਿਆ ਗਿਆ। ਵਿਧਾਇਕਾਂ ਦੀ ਮੰਗ ਸੀ ਕਿ ਪੈਸਾ ਉਨ੍ਹਾਂ ਦੀ ਪਹਿਲ ਅਨੁਸਾਰ ਵੱਖ-ਵੱਖ ਪ੍ਰਾਜੈਕਟਾਂ 'ਤੇ ਖ਼ਰਚਿਆ ਜਾਵੇ ਪਰ ਅਜਿਹਾ ਨਹੀਂ ਹੋ ਸਕਿਆ। ਇਸ ਕਰਕੇ ਕਈ ਵਿਧਾਇਕਾਂ 'ਚ ਨਾਰਾਜ਼ਗੀ ਖੁੱਲ੍ਹ ਕੇ ਦੇਖਣ ਨੂੰ ਮਿਲੀ। 

ਪਹਿਲੀ ਮੀਟਿੰਗ ਵਿਚ ਅੰਮ੍ਰਿਤਸਰ ਅਤੇ ਫਰੀਦਕੋਟ ਤੇ ਦੂਜੀ ਮੀਟਿੰਗ ਵਿਚ ਬਠਿੰਡਾ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਸ਼ਾਮਲ ਸਨ। ਵਿਧਾਇਕਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਹਲਕਿਆਂ ਵਿਚ ਹੋ ਚੁੱਕੇ ਵਿਕਾਸ ਕੰਮਾਂ, ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ਅਤੇ ਸਮੱਸਿਆਵਾਂ ਦੀ ਸੂਚੀ ਜਲਦੀ ਬਣਾ ਕੇ ਮੁੱਖ ਮੰਤਰੀ ਦਫ਼ਤਰ ਨੂੰ ਭੇਜੀ ਜਾਵੇ ਤਾਂ ਜੋ ਉਨ੍ਹਾਂ ਦੇ ਹਲਕਿਆਂ ਦੇ ਵਿਕਾਸ ਕੰਮਾਂ ਲਈ ਗਰਾਂਟਾਂ ਜਾਰੀ ਕੀਤੀਆਂ ਜਾ ਸਕਣ।


Gurminder Singh

Content Editor

Related News