ਚੀਫ ਸੈਕਟਰੀ ਅਤੇ ਮੰਤਰੀਆਂ ਦਾ ਰੇੜਕਾ ਖਤਮ, ਸਮੁੱਚੀ ਕੈਬਨਿਟ ਤੋਂ ਮੰਗੀ ਮੁਆਫੀ

Wednesday, May 27, 2020 - 06:31 PM (IST)

ਚੀਫ ਸੈਕਟਰੀ ਅਤੇ ਮੰਤਰੀਆਂ ਦਾ ਰੇੜਕਾ ਖਤਮ, ਸਮੁੱਚੀ ਕੈਬਨਿਟ ਤੋਂ ਮੰਗੀ ਮੁਆਫੀ

ਚੰਡੀਗੜ੍ਹ : ਪਿਛਲੇ ਕਈ ਦਿਨਾਂ ਤੋਂ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਅਤੇ ਮੰਤਰੀਆਂ ਵਿਚਾਲੇ ਚੱਲਦਾ ਆ ਰਿਹਾ ਰੇੜਕਾ ਆਖਿਰ ਖਤਮ ਹੋ ਗਿਆ ਹੈ। ਚੀਫ ਸੈਕਟਰੀ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੋਈ ਕੈਬਨਿਟ ਬੈਠਕ ਦੌਰਾਨ ਸਾਰੇ ਮੰਤਰੀਆਂ ਤੋਂ ਮੁਆਫੀ ਮੰਗ ਲਈ ਹੈ। ਕੈਬਨਿਟ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਚੀਫ ਸੈਕਟਰੀ ਵਲੋਂ ਮੁਆਫੀ ਮੰਗਣ ਤੋਂ ਬਾਅਦ ਇਹ ਵਿਵਾਦ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਰਨ ਅਵਤਾਰ ਵਲੋਂ ਉਨ੍ਹਾਂ ਤੋਂ ਤਿੰਨ ਵਾਰ ਮੁਆਫੀ ਮੰਗੀ ਗਈ। ਉਨ੍ਹਾਂ ਦੱਸਿਆ ਕਿ ਜਦੋਂ ਇਹ ਵਿਵਾਦ ਹੋਇਆ ਸੀ ਤਾਂ ਉਦੋਂ ਪਹਿਲੀ ਵਾਰ ਚੀਫ ਸੈਕਟਰੀ ਨੇ ਉਨ੍ਹਾਂ ਨੂੰ ਫੋਨ ਕਰਕੇ ਮੁਆਫੀ ਮੰਗੀ ਸੀ ਅਤੇ ਦੂਜੀ ਵਾਰ ਉਨ੍ਹਾਂ ਪਿੰਡ ਬਾਦਲ ਪਹੁੰਚ ਕੇ ਮੁਆਫੀ ਮੰਗੀ ਅਤੇ ਤੀਜੀ ਵਾਰ ਅੱਜ ਉਨ੍ਹਾਂ ਨੇ ਸਮੁੱਚੀ ਕੈਬਨਿਟ ਤੋਂ ਮੁੜ ਆਪਣੇ ਵਿਵਾਹਰ ਲਈ ਮੁਆਫੀ ਮੰਗ ਲਈ ਹੈ। 

ਇਹ ਵੀ ਪੜ੍ਹੋ : ਗਰਮੀ ਨਾਲ ਹਾਲੋ-ਬੇਹਾਲ ਹੋਏ ਪੰਜਾਬ ਵਾਸੀਆਂ ਨੂੰ ਮਿਲੇਗੀ ਰਾਹਤ, ਮੌਸਮ ਵਿਭਾਗ ਨੇ ਸੁਣਾਈ ਚੰਗੀ ਖਬਰ

ਮਨਪ੍ਰੀਤ ਨੇ ਕਿਹਾ ਕਿ ਇਨਸਾਨ ਤੋਂ ਗਲਤੀ ਹੋ ਜਾਂਦੀ ਹੈ ਅਤੇ ਇਨਸਾਨ ਗਲਤੀ ਦਾ ਪੁਤਲਾ ਹੈ। ਜੇਕਰ ਕੋਈ ਤਿੰਨ ਵਾਰ ਮੁਆਫੀ ਮੰਗੇ ਅਤੇ ਉਸ ਨੂੰ ਕੋਈ ਮੁਆਫ ਨਾ ਕਰੇ ਤਾਂ ਉਹ ਇਨਸਾਨ ਹੰਕਾਰਿਆ ਹੋਇਆ ਹੁੰਦਾ ਹੈ। ਇਸ ਲਈ ਪੰਜਾਬ ਕੈਬਨਿਟ ਨੇ ਕਰਨ ਅਵਤਾਰ ਸਿੰਘ ਦੇ ਰਵੱਈਏ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਵਿਵਾਦ ਵੀ ਖਤਮ ਹੋ ਗਿਆ ਹੈ। ਖਜ਼ਾਨਾ ਮੰਤਰੀ ਨੇ ਕਿਹਾ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਜਦੋਂ ਮੰਤਰੀਆਂ ਅਤੇ ਅਫਸਰਸ਼ਾਹੀ ਵਿਚਾਲੇ ਵਿਵਾਦ ਹੋਇਆ ਹੋਵੇ, ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ ਜਦਕਿ ਅਫਸਰ ਦਾ ਕਾਰਜਕਾਲ 35 ਸਾਲ ਦਾ ਹੈ। ਲਿਹਾਜ਼ਾ ਵਿਧਾਇਕ ਨੇ ਲੋਕਾਂ ਨੂੰ ਜਵਾਬ ਦੇਣਾ ਹੁੰਦਾ ਹੈ, ਇਸ ਲਈ ਉਹ ਕਾਹਲੇ ਹੁੰਦੇ ਹਨ।

ਇਹ ਵੀ ਪੜ੍ਹੋ : ਕੈਨੇਡਾ 'ਚ ਵਾਪਰੇ ਭਿਆਨਕ ਹਾਦਸੇ ਵਿਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਮਨਪ੍ਰੀਤ ਨੇ ਕਿਹਾ ਕਿ 5 ਸਾਲ ਅਤੇ 35 ਸਾਲ ਵਾਲਿਆਂ ਦੀ ਚਾਲ ਕਈ ਵਾਰ ਨਹੀਂ ਮਿਲਦੀ। ਇਸ ਲਈ ਕਈ ਵਾਰ ਅਜਿਹੇ ਵਿਵਾਦ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਚੀਫ ਸੈਕਟਰੀ ਦੇ ਮੁਆਫੀ ਮੰਗਣ ਤੋਂ ਬਾਅਦ ਇਹ ਮਾਮਲਾ ਖਤਮ ਹੋ ਗਿਆ ਹੈ ਅਤੇ ਲੋਕਤੰਤਰ ਦੀ ਜਿੱਤ ਹੋਈ ਹੈ। ਲੋਕਾਂ ਦੀ ਅਹਿਮੀਅਤ ਅਫਸਰਸ਼ਾਹੀ ਤੋਂ ਵੱਧ ਹੈ। ਲੋਕ ਡਾਊਨ ਸੰਬੰਧੀ ਪੁੱਛੇ ਗਏ ਸਵਾਲ 'ਤੇ ਮਨਪ੍ਰੀਤ ਨੇ ਕਿਹਾ ਕਿ ਇਸ ਬਾਰੇ ਫਿਲਹਾਲ ਅਜੇ ਤਕ ਕੋਈ ਆਖਰੀ ਫੈਸਲਾ ਨਹੀਂ ਹੋਇਆ ਹੈ। ਆਉਣ ਵਾਲੇ ਦਿਨਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਕੀ ਸੂਬਿਆਂ ਨੂੰ ਦੇਖਦੇ ਹੋਏ ਅਤੇ ਕੇਂਦਰ ਦੇ ਫੈਸਲੇ ਤੋਂ ਬਾਅਦ ਹੀ ਕੋਈ ਕਦਮ ਚੁੱਕਣਗੇ।

ਇਹ ਵੀ ਪੜ੍ਹੋ : ਕਰਣ ਅਵਤਾਰ ਮਾਮਲੇ 'ਚ ਮੰਤਰੀ ਆਪਣੇ ਰੁੱਖ 'ਤੇ ਬਾਜਿੱਦ, ਸਰਕਾਰ 'ਚਿੰਤਤ' 


author

Gurminder Singh

Content Editor

Related News