ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਦੇਸ਼ ਵਾਪਸੀ ਵੀਰਵਾਰ ਰਾਤ

Wednesday, Oct 31, 2018 - 07:05 PM (IST)

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਦੇਸ਼ ਵਾਪਸੀ ਵੀਰਵਾਰ ਰਾਤ

ਜਲੰਧਰ (ਧਵਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਵਦੇਸ਼ ਵਾਪਸੀ ਵੀਰਵਾਰ ਰਾਤ ਨੂੰ ਦਿੱਲੀ 'ਚ ਹੋ ਜਾਵੇਗੀ। 5 ਨਵੰਬਰ ਸੋਮਵਾਰ ਨੂੰ ਉਹ ਚੰਡੀਗੜ੍ਹ 'ਚ ਉਪਲਬਧ ਰਹਿਣਗੇ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਵਦੇਸ਼ ਵਾਪਸੀ 'ਤੇ ਸਿਆਸੀ ਗਤੀਵਿਧੀਆਂ 'ਚ ਫਿਰ ਤੋਂ ਤੇਜ਼ੀ ਆਉਣ ਦੇ ਆਸਾਰ ਹਨ।
ਸਰਕਾਰੀ ਹਲਕਿਆਂ ਮੁਤਾਬਕ ਕੈਪਟਨ ਦੀ ਸਵਦੇਸ਼ ਵਾਪਸੀ 'ਤੇ ਸਰਕਾਰ ਨਾਲ ਜੁੜੇ ਕਈ ਮਹੱਤਵਪੂਰਨ ਮਸਲਿਆਂ 'ਤੇ ਚਰਚਾ ਹੋਣ ਦੀ ਉਮੀਦ ਹੈ। ਇਨ੍ਹਾਂ ਮਸਲਿਆਂ 'ਤੇ ਬਰਗਾੜੀ ਮੁੱਦਾ, ਅਧਿਆਪਕਾਂ ਦੇ ਚੱਲ ਰਹੇ ਅੰਦੋਲਨ ਤੇ ਕਈ ਹੋਰ ਮੁੱਦੇ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ 5 ਤੇ 6 ਨੂੰ ਚੰਡੀਗੜ੍ਹ 'ਚ ਹੀ ਮੌਜੂਦ ਰਹਿਣਗੇ ਜਦਕਿ 7 ਨਵੰਬਰ ਨੂੰ ਦੀਵਾਲੀ ਕਾਰਨ ਛੁੱਟੀ ਹੈ, ਇਸ ਲਈ ਮੁੱਖ ਮੰਤਰੀ ਨੇ 5 ਨਵੰਬਰ ਨੂੰ ਅਧਿਆਪਕ ਸੰਗਠਨਾਂ ਨੂੰ ਗੱਲਬਾਤ ਲਈ ਬੁਲਾਇਆ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸੰਬੰਧ 'ਚ ਵੀ ਆਖਰੀ ਫੈਸਲਾ ਮੁੱਖ ਮੰਤਰੀ ਦੀ ਵਾਪਸੀ 'ਤੇ ਹੋਣ ਦੀ ਉਮੀਦ ਹੈ ਅਤੇ ਇਸ ਸੰਬੰਧ 'ਚ ਸਾਰੀ ਸਥਿਤੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਪੱਸ਼ਟ ਕੀਤੀ ਜਾਣੀ ਹੈ। ਇਸੇ ਤਰ੍ਹਾਂ ਸਰਕਾਰ ਨਾਲ ਜੁੜੇ ਕੁਝ ਹੋਰ ਮੁੱਦਿਆਂ 'ਤੇ ਵੀ ਚਰਚਾ ਹੋਣੀ ਬਾਕੀ ਹੈ। ਕੈਬਨਿਟ ਦੀ ਅਗਲੀ ਬੈਠਕ ਤਾਂ ਦੀਵਾਲੀ ਦੇ ਬਾਅਦ ਹੀ ਸੰਭਵ ਹੋ ਸਕੇਗੀ।
ਸਰਕਾਰੀ ਹਲਕਿਆਂ ਨੇ ਦੱਸਿਆ ਕਿ ਅਸਲ 'ਚ ਅਗਲੇ ਹਫਤੇ 'ਚ ਦੀਵਾਲੀ ਤੇ ਹੋਰ ਕਈ ਤਿਓਹਾਰਾਂ ਦੀਆਂ ਛੁੱਟੀਆਂ ਆ ਰਹੀਆਂ ਹਨ, ਇਸ ਲਈ 12 ਨਵੰਬਰ ਤੋਂ ਹੀ ਕੰਮਕਾਜੀ ਗਤੀਵਿਧੀਆਂ ਤੇਜ਼ ਹੋ ਸਕਣਗੀਆਂ। ਮੁੱਖ ਮੰਤਰੀ ਪਹਿਲਾਂ ਇਜ਼ਰਾਈਲ ਦੇ 4 ਦਿਨਾਂ ਦੇ ਸਰਕਾਰੀ ਦੌਰੇ 'ਤੇ ਗਏ ਹੋਏ ਸਨ, ਉਸ ਤੋਂ ਬਾਅਦ ਉਹ 4 ਦਿਨਾਂ ਦੇ ਨਿੱਜੀ ਤੁਰਕੀ ਦੌਰੇ 'ਤੇ ਗਏ ਹਨ। ਭਾਵੇਂ ਮੁੱਖ ਮੰਤਰੀ ਨੇ ਵਿਦੇਸ਼ 'ਚ ਰਹਿੰਦੇ ਹੋਏ ਪੰਜਾਬ 'ਚ ਵਾਪਰੇ ਹਰੇਕ ਘਟਨਾ 'ਤੇ ਨਜ਼ਰ ਰੱਖੀ ਹੋਈ ਹੈ, ਫਿਰ ਵੀ ਮਹੱਤਵਪੂਰਨ ਸਿਆਸੀ ਤੇ ਸਰਕਾਰੀ ਫੈਸਲੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ 'ਚ ਮੌਜੂਦਗੀ 'ਚ ਹੀ ਲਏ ਜਾ ਸਕਣਗੇ। ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਨੂੰ ਮੁਆਵਜ਼ਾ ਸਰਕਾਰ ਵਲੋਂ ਮੰਤਰੀਆਂ ਦੀ ਦੇਖ-ਰੇਖ 'ਚ ਵੰਡਿਆ ਜਾ ਚੁੱਕਾ ਹੈ।


Related News