ਸੂਬੇ ’ਚ ਹਾਲਾਤ ਗੰਭੀਰ, ਕੈਪਟਨ ਵਲੋਂ ਪ੍ਰਧਾਨ ਮੰਤਰੀ ਨੂੰ ਆਕਸੀਜਨ ਤੇ ਹੋਰ ਵੈਕਸੀਨ ਮੁਹੱਈਆ ਕਰਵਾਉਣ ਦੀ ਅਪੀਲ

Sunday, May 09, 2021 - 06:39 PM (IST)

ਸੂਬੇ ’ਚ ਹਾਲਾਤ ਗੰਭੀਰ, ਕੈਪਟਨ ਵਲੋਂ ਪ੍ਰਧਾਨ ਮੰਤਰੀ ਨੂੰ ਆਕਸੀਜਨ ਤੇ ਹੋਰ ਵੈਕਸੀਨ ਮੁਹੱਈਆ ਕਰਵਾਉਣ ਦੀ ਅਪੀਲ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਕਸੀਜਨ ਦਾ ਕੁਲ ਕੋਟਾ ਵਧਾ ਕੇ 300 ਮੀਟਰਕ ਟਨ ਕਰਨ ਅਤੇ ਸੂਬੇ ਲਈ ਵੈਕਸੀਨ ਦੀ ਜ਼ਰੂਰੀ ਸਪਲਾਈ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿਉਂਕਿ ਸੂਬਾ ਇਸ ਵੇਲੇ ਆਕਸੀਜਨ ਅਤੇ ਵੈਕਸੀਨ, ਦੋਵਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਸੂਬੇ ਵਿਚ ਕੋਵਿਡ ਦੀ ਸਥਿਤੀ ਜਾਣਨ ਅਤੇ ਇਸ ਸੰਕਟ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਜਿਸ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਅੱਗੇ ਇਹ ਮਸਲੇ ਉਠਾਏ। ਬਾਅਦ ਵਿਚ ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਸੂਬੇ ਵਿਚ ਆਕਸੀਜਨ ਦੀ ਸਪਲਾਈ ਵਧਾਉਣ ਅਤੇ ਪੰਜਾਬ ਵਿਚ ਵੈਕਸੀਨ ਦੀਆਂ ਖੁਰਾਕਾਂ ਭੇਜਣ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਫੌਰੀ ਕਦਮ ਚੁੱਕੇਗੀ ਜਿਸ ਨਾਲ ਸੂਬੇ ਸਰਕਾਰ ਨੂੰ ਮਹਾਮਾਰੀ ਦੀ ਦੂਜੀ ਘਾਤਕ ਲਹਿਰ ਨਾਲ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਵਿਚ ਮਦਦ ਮਿਲੇਗੀ। 

ਇਹ ਵੀ ਪੜ੍ਹੋ : ਕੋਰੋਨਾ ਦੀ ਔਖੀ ਘੜੀ ਵਿਚ ਕੈਪਟਨ ਨੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਤੋਂ ਮੰਗੀ ਮਦਦ

ਵੈਕਸੀਨ ਦੇ ਸਬੰਧ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਸੂਬਾ ਅਜੇ ਤੱਕ 18-45 ਸਾਲ ਦੀ ਉਮਰ ਵਰਗ ਲਈ ਟੀਕਾਕਰਨ ਦੇ ਤੀਜੇ ਪੜਾਅ ਨੂੰ ਸ਼ੁਰੂ ਨਹੀਂ ਕਰ ਸਕਿਆ ਜੋ ਹੁਣ ਇਕ ਲੱਖ ਖੁਰਾਕਾਂ ਦੀ ਸਪਲਾਈ ਤੋਂ ਬਾਅਦ ਸੋਮਵਾਰ ਤੋਂ ਸਰਕਾਰੀ ਹਸਪਤਾਲਾਂ ਵਿਚ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ 45 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਲਈ ਵੀ ਵੈਕਸੀਨ ਦੀਆਂ ਖੁਰਾਕਾਂ ਦੀ ਕਮੀ ਹੈ ਅਤੇ ਭਾਵੇਂ 1.63 ਲੱਖ ਖੁਰਾਕਾਂ ਅੱਜ ਪਹੁੰਚਣ ਦੀ ਉਮੀਦ ਹੈ ਜੋ ਸੂਬੇ ਦੀਆਂ ਲੋੜਾਂ ਮੁਤਾਬਕ ਕਾਫੀ ਨਹੀਂ ਹਨ। ਮੁੱਖ ਮੰਤਰੀ ਨੇ ਮੋਦੀ ਨੂੰ ਜਾਣੂੰ ਕਰਵਾਇਆ ਕਿ ਕੋਵਿਡ ਨਾਲ ਗੰਭੀਰ ਬਿਮਾਰ ਮਰੀਜ਼ਾਂ ਦੇ ਕੇਸ ਵਧਣ ਕਰਕੇ ਸੂਬੇ ਨੂੰ 300 ਮੀਟਰਕ ਟਨ ਆਕਸੀਜਨ ਦੀ ਫੌਰੀ ਲੋੜ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਵਿਚੋਂ ਬਹੁਤੇ ਮਰੀਜ਼ ਦਿੱਲੀ-ਐੱਨ.ਸੀ.ਆਰ. ਸਮੇਤ ਹੋਰ ਸੂਬਿਆਂ ਤੋਂ ਆ ਰਹੇ ਹਨ। ਸੂਬੇ ਦੀ ਮੌਤ ਦਰ ਜ਼ਿਆਦਾ ਹੈ ਅਤੇ ਐਲ-2 ਤੇ ਐਲ-3 ਸਿਹਤ ਸੰਸਥਾਵਾਂ (ਸਰਕਾਰੀ ਅਤੇ ਪ੍ਰਾਈਵੇਟ) ਵਿਚ ਪਿਛਲੇ ਤਿੰਨ ਹਫ਼ਤਿਆਂ ਤੋਂ ਕੇਸਾਂ ਵਿਚ ਵੱਡਾ ਵਾਧਾ ਹੋਇਆ ਹੈ ਜਿਸ ਕਰਕੇ ਆਕਸੀਜਨ ਦੀ ਮੰਗ ਵੱਧ ਰਹੀ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ : ਮਾਂ ਦਿਵਸ ’ਤੇ ਮਾਂ ਨੇ ਸ਼ਹੀਦ ਪੁੱਤ ਦੀ ਅਰਥੀ ਨੂੰ ਦਿੱਤਾ ਮੋਢਾ, ਭੈਣਾਂ ਨੇ ਸਿਹਰਾ ਸਜਾ ਕੀਤਾ ਵਿਦਾ

ਉਨ੍ਹਾਂ ਦੱਸਿਆ ਕਿ 22 ਅਪ੍ਰੈਲ ਤੱਕ ਆਕਸੀਜਨ ਦੀ ਮੰਗ 197 ਮੀਟਰਕ ਟਨ ਸੀ ਜੋ 8 ਮਈ ਨੂੰ ਵਧ ਕੇ 295.5 ਮੀਟਰਕ ਟਨ ਤੱਕ ਪਹੁੰਚ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਟੈਂਕਰਾਂ ਦੀ ਘਾਟ ਨਾਲ ਸਥਿਤੀ ਹੋਰ ਗੰਭੀਰ ਹੋ ਗਈ ਅਤੇ ਐੱਲ.ਐੱਮ.ਓ. ਕੋਟਾ ਵਧਾਉਣ ਅਤੇ ਪੰਜਾਬ ਲਈ ਹੋਰ ਟੈਂਕਰਾਂ ਦੀ ਸਪਲਾਈ ਲਈ ਕੇਂਦਰ ਦੀ ਮਦਦ ਦੀ ਲੋੜ ਹੈ ਤਾਂ ਕਿ ਇਸ ਸੰਕਟ ਉਤੇ ਕਾਬੂ ਪਾਇਆ ਜਾ ਸਕੇ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਫਿਰ ਵੱਡਾ ਧਮਾਕਾ, ਕਿਹਾ ਬਾਦਲ ਪਰਿਵਾਰ ਦੀ ਇੱਛਾ ਮੁਤਾਬਕ ਕੰਮ ਕਰ ਰਹੀ ਸਰਕਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News