ਕੈਪਟਨ ਦੀ ਪੰਜਾਬ ਵਾਪਸੀ ਤੋਂ ਬਾਅਦ ਮੰਤਰੀ ਮੰਡਲ ਨੂੰ ਲੱਗ ਸਕਦੇ ਨੇ ''ਰੰਗ-ਭਾਗ''

Saturday, Nov 16, 2019 - 06:54 PM (IST)

ਕੈਪਟਨ ਦੀ ਪੰਜਾਬ ਵਾਪਸੀ ਤੋਂ ਬਾਅਦ ਮੰਤਰੀ ਮੰਡਲ ਨੂੰ ਲੱਗ ਸਕਦੇ ਨੇ ''ਰੰਗ-ਭਾਗ''

ਜਲੰਧਰ (ਧਵਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਵੰਬਰ ਦੇ ਆਖਰੀ ਹਫਤੇ ਸਵਦੇਸ਼ ਵਾਪਸੀ ਤੋਂ ਬਾਅਦ ਪੰਜਾਬ ਮੰਤਰੀ ਮੰਡਲ 'ਚ ਖਾਲੀ ਪਏ ਅਹੁਦੇ ਭਰੇ ਜਾ ਸਕਦੇ ਹਨ। ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਮੁਤਾਬਕ ਲੋਕ ਸਭਾ ਚੋਣਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੱਲੋਂ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਅਹੁਦਾ ਖਾਲੀ ਪਿਆ ਹੋਇਆ ਹੈ ਅਤੇ ਬਿਜਲੀ ਵਿਭਾਗ ਕਾਰਜਭਾਰ ਵੀ ਮੁੱਖ ਮੰਤਰੀ ਨੇ ਖੁਦ ਹੀ ਸੰਭਾਲਿਆ ਹੋਇਆ ਹੈ।

ਲੋਕ ਸਭਾ ਚੋਣਾਂ ਤੋਂ ਬਾਅਦ ਕਈ ਸੀਨੀਅਰ ਵਿਧਾਇਕਾਂ ਦੀ ਕੋਸ਼ਿਸ਼ ਰਹੀ ਹੈ ਕਿ ਉਹ ਮੰਤਰੀ ਮੰਡਲ 'ਚ ਆਪਣਾ ਸਥਾਨ ਬਣਾਉਣ ਪਰ ਇਹ ਮਾਮਲਾ ਲਗਾਤਾਰ ਕਿਸੇ ਨਾ ਕਿਸੇ ਕਾਰਨ ਲਟਕਦਾ ਰਿਹਾ। ਪਹਿਲਾਂ ਤਾਂ 4 ਵਿਧਾਨ ਸਭ ਾ ਸੀਟਾਂ ਜਲਾਲਾਬਾਦ, ਫਗਵਾੜਾ, ਮੁਕੇਰੀਆਂ ਅਤੇ ਦਾਖਾ ਵਿਧਾਨ ਸਭਾ ਸੀਟਾਂ ਦੀਆਂ ਉਪ ਚੋਣਾਂ ਆ ਗਈਆਂ ਜਿਸ ਕਾਰਨ ਲਗਭਗ ਡੇਢ ਮਹੀਨੇ ਤੱਕ ਇਹ ਕੰਮ ਵਿਚਾਲੇ ਹੀ ਠੱਪ ਰਿਹਾ। ਉੁਪ ਚੋਣਾਂ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸਮੁੱਚੀ ਸਰਕਾਰ ਦਾ ਧਿਆਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਸ੍ਰੀ ਕਰਤਾਰਪੁਰ ਕੋਰੀਡੋਰ ਦੇ ਸ਼ੁੱਭ ਆਰੰਭ ਵੱਲ ਚਲਾ ਗਿਆ।

ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਵਿਦੇਸ਼ 'ਚ ਰਹਿੰਦੇ ਹੋਏ ਇਸ ਮਾਮਲੇ 'ਤੇ ਗੌਰ ਕਰ ਸਕਦੇ ਹਨ ਕਿ ਕਿਸ ਵਿਧਾਇਕ ਨੂੰ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਜਾਵੇ ਕਿਉਂਕਿ ਹੁਣ ਮੰਤਰੀ ਮੰਡਲ 'ਚ ਖਾਲੀ ਪਏ ਅਹੁਦੇ ਨੂੰ ਲੈ ਕੇ ਵੀ ਕਾਫੀ ਮਹੀਨੇ ਬੀਤ ਚੁੱਕੇ ਹਨ। ਇਸ ਲਈ ਕੈਪਟਨ ਅਮਰਿੰਦਰ ਸਿੰਘ ਹੁਣ ਇਸ ਮਾਮਲੇ ਨੂੰ ਜ਼ਿਆਦਾ ਸਮੇਂ ਤੱਕ ਲਟਕਾਉਣਾ ਵੀ ਨਹੀਂ ਚਾਹੁੰਦੇ ਹਨ। ਸੂਤਰਾਂ ਨੇ ਦੱਸਿਆ ਕਿ ਸ਼ਾਇਦ ਦਸੰਬਰ ਮਹੀਨੇ 'ਚ ਮੰਤਰੀ ਮੰਡਲ 'ਚ ਖਾਲੀ ਪਏ ਅਹੁਦੇ ਨੂੰ ਭਰਨ ਦਾ ਅੰਤਿਮ ਤੌਰ 'ਤੇ ਫੈਸਲਾ ਵੀ ਹੋ ਜਾਵੇਗਾ। 

ਦਸੰਬਰ ਮਹੀਨਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਕ ਤਾਂ ਪੰਜਾਬ ਸਰਕਾਰ ਨੇ 'ਇਨਵੈਸਟ ਪੰਜਾਬ' ਦਾ ਆਯੋਜਨ ਸੂਬੇ 'ਚ ਕਰਨਾ ਹੈ ਜਿਸ 'ਚ ਰਾਸ਼ਟਰੀ ਅਤੇ ਕੌਮਾਂਤਰੀ ਕੰਪਨੀਆਂ ਨੇ ਹਿੱਸਾ ਲੈਣਾ ਹੈ। ਮੁੱਖ ਮੰਤਰੀ ਨੇ ਇਨਵੈਸਟ ਪੰਜਾਬ ਨੂੰ ਵੇਖਦੇ ਹੋਏ ਇੰਗਲੈਂਡ 'ਚ ਵੀ ਕੁਝ ਪ੍ਰੋਗਰਾਮ ਕਰਨੇ ਹਨ ਜਿਸ ਨੂੰ ਵੇਖਦੇ ਹੋਏ ਮੁੱਖ ਮੰਤਰੀ ਨੇ ਆਪਣੇ ਮੁੱਖ ਪ੍ਰਧਾਨ ਸਕੱਤਰ ਸੁਰੇਸ਼ ਕੁਮਾਰ ਨੂੰ ਵੀ ਇੰਗਲੈਂਡ ਬੁਲਾਇਆ ਹੈ। ਪੰਜਾਬ ਸਰਕਾਰ ਨੇ ਅਗਲੇ ਕੁਝ ਦਿਨਾਂ ਤੱਕ ਬੋਰਡਾਂ ਅਤੇ ਕਾਰਪੋਰੇਸ਼ਨਾਂ 'ਚ ਵੀ ਨਿਯੁਕਤੀਆਂ ਕਰਨੀਆਂ ਹਨ, ਇਨ੍ਹਾਂ ਸਭ 'ਤੇ ਮੁੱਖ ਮੰਤਰੀ ਦੀ ਹੀ ਮੋਹਰ ਲੱਗਣੀ ਹੈ। ਵਿਧਾਇਕਾਂ ਨੂੰ ਵੀ ਪਤਾ ਹੈ ਕਿ ਮੰਤਰੀ ਅਹੁਦੇ ਲਈ ਉਸੇ ਵਿਧਾਇਕ ਦੀ ਚੋਣ ਹੋਵੇਗੀ ਜੋ ਮੁਖ ਮੰਤਰੀ ਦੀ ਪਸੰਦ ਦਾ ਹੋਵੇਗਾ।


author

Gurminder Singh

Content Editor

Related News