ਡੀ. ਜੀ. ਪੀ. ਨੂੰ ਨਿਸ਼ਾਨਾ ਬਣਾਉਣ ''ਤੇ ਕੈਪਟਨ ਨੇ ਮਜੀਠੀਆ ਨੂੰ ਲਿਆ ਕਰੜੇ ਹੱਥੀਂ
Friday, Aug 14, 2020 - 02:00 AM (IST)
ਚੰਡੀਗੜ੍ਹ/ਜਲੰਧਰ,(ਅਸ਼ਵਨੀ, ਧਵਨ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਅਕਾਲੀਆਂ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਨਕਲੀ ਸ਼ਰਾਬ ਕਾਰਣ ਵਾਪਰੇ ਦੁਖਾਂਤ ਦਾ ਸਿਆਸੀ ਲਾਹਾ ਖੱਟਣਾ ਇਕ ਸ਼ਰਮਨਾਕ ਕੋਸ਼ਿਸ਼ ਹੈ। ਅਕਾਲੀ ਨੇਤਾ ਬਿਕਰਮ ਮਜੀਠੀਆ ਵਲੋਂ ਡੀ. ਜੀ. ਪੀ. ਦਿਨਕਰ ਗੁਪਤਾ 'ਤੇ ਐੱਸ. ਐੱਸ. ਪੀ. ਅੰਮ੍ਰਿਤਸਰ (ਦਿਹਾਤੀ) ਨੂੰ ਬਚਾਉਣ ਦੇ ਦੋਸ਼ ਲਾਉਣ ਸਬੰਧੀ ਦਿੱਤੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਅਫਸਰ ਦੇ ਬਚਾਅ ਵਿਚ ਆਉਣ ਦੀ ਜ਼ਰੂਰਤ ਨਹੀਂ ਹੁੰਦੀ। ਜਿਸ ਦਾ ਟ੍ਰੈਕ ਰਿਕਾਰਡ ਬੇਦਾਗ ਹੋਵੇ। ਉਨ੍ਹਾਂ ਕਿਹਾ ਕਿ ਐੱਸ. ਐੱਸ. ਪੀ. ਧਰੁਵ ਦਹੀਆ ਤਾਂ ਉਨ੍ਹਾਂ ਦੀ ਨਿੱਜੀ ਸੁਰੱਖਿਆ ਟੀਮ ਵਿਚ ਰਹੇ ਹਨ।
ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਮਾਫੀਆ ਨਾਲ ਸਬੰਧ ਰੱਖਣ ਵਾਲਾ ਵਿਅਕਤੀ ਜਿਵੇਂ ਕਿ ਸ਼੍ਰੋਮਣੀ ਅਕਾਲੀ ਨੇ ਕਿਹਾ ਸੀ, ਕੀ ਮੇਰੀ ਸੁਰੱਖਿਆ ਦੇ ਭਰੋਸੇ ਦੇ ਕਾਬਲ ਹੋ ਸਕਦਾ ਹੈ। ਕੈਪਟਨ ਨੇ ਕਿਹਾ ਕਿ ਸਾਰੇ ਐੱਸ. ਐੱਸ. ਪੀਜ਼ ਤੇ ਡੀ. ਸੀਜ਼. ਉਨ੍ਹਾਂ ਵਲੋਂ ਸਿੱਧੇ ਤੌਰ 'ਤੇ ਨਿਯੁਕਤ ਕੀਤੇ ਜਾਂਦੇ ਹਨ, ਜਿਸ ਲਈ ਕਿਸੇ ਵੀ ਮਾਮਲੇ ਵਿਚ ਉਨ੍ਹਾਂ ਖਿਲਾਫ਼ ਕਾਰਵਾਈ ਲਈ ਡੀ. ਜੀ. ਪੀ. ਜਾਂ ਮੁੱਖ ਸਕੱਤਰ ਨੂੰ ਜ਼ਿੰਮੇਵਾਰ ਨਹੀਂੀਂ ਠਹਿਰਾਇਆ ਜਾ ਸਕਦਾ।
ਅਕਾਲੀ ਨੇਤਾ ਵਲੋਂ ਲਾਏ ਗਏ ਦੋਸ਼ਾਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਐੱਸ. ਐੱਸ. ਪੀ. ਨੂੰ ਨਾਜਾਇਜ਼ ਸ਼ਰਾਬ ਦੇ ਨਿਰਮਾਣ ਜਾਂ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਸਬੰਧੀ ਕੋਈ ਜਾਣਕਾਰੀ ਨਹੀਂ ਸੀ, ਜਿਵੇਂ ਮਜੀਠੀਆ ਵਲੋਂ ਦੋਸ਼ ਲਾਏ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਐੱਸ. ਐੱਸ. ਪੀ. ਦੀ ਨਿਗਰਾਨੀ ਹੇਠ ਅੰਮ੍ਰਿਤਸਰ ਪੁਲਸ ਨੇ ਨਕਲੀ ਸ਼ਰਾਬ ਦੀ ਸਪਲਾਈ ਚੇਨ ਦਾ ਪਰਦਾਫਾਸ਼ ਕੀਤਾ, ਜਿਸ ਦੀ ਲੜੀ ਲੁਧਿਆਣਾ ਤੋਂ ਸ਼ੁਰੂ ਹੋ ਕੇ ਵਾਇਆ ਮੋਗਾ ਤੋਂ ਤਰਨਤਾਰਨ, ਅੰਮ੍ਰਿਤਸਰ (ਦਿਹਾਤੀ ਤੇ ਬਟਾਲਾ ਤਕ ਜੁੜੀ ਹੋਈ ਸੀ। ਮੁੱਖ ਮੰਤਰੀ ਨੇ ਕਿਹਾ ਕਿ ਐੱਸ. ਐੱਸ. ਪੀ. ਤਰਨਤਾਰਨ ਵਜੋਂ ਆਪਣੇ ਇਕ ਸਾਲ ਦੇ ਕਾਰਜਕਾਲ ਦੌਰਾਨ ਦਹੀਆ ਦੀ ਅਗਵਾਈ ਵਿਚ ਵੱਡੀ ਤਾਦਾਦ 'ਚ ਸ਼ਰਾਬ ਬਰਾਮਦ ਕੀਤੀ ਜਾ ਗਈ ਹੈ। ਦਹੀਆ ਦੀ ਸ਼ਰਾਬ ਮਾਫੀਆ ਖਿਲਾਫ ਕਾਰਵਾਈ ਉਸ ਦੀ 31 ਜੁਲਾਈ 2020 ਨੂੰ ਅੰਮ੍ਰਿਤਸਰ ਹੋਏ ਤਬਾਦਲੇ ਤੋਂ ਬਾਅਦ ਹੁਣ ਤਕ ਜਾਰੀ ਹੈ।