ਕੈਪਟਨ ਦੇ ਦਾਅਵੇ ਠੁਸ, ਬੱਸ ਚਾਲਕਾਂ ਦੀ ਮਨਮਰਜ਼ੀ ਹਾਵੀ
Wednesday, Jul 19, 2017 - 06:58 AM (IST)
ਜਲੰਧਰ, (ਪੁਨੀਤ)- ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਵਿਚ ਵਾਅਦਾ ਕੀਤਾ ਸੀ ਕਿ ਅਕਾਲੀ ਰਾਜ ਵਿਚ ਚੱਲ ਰਹੀ ਟਰਾਂਸਪੋਰਟਰਾਂ ਦੀ ਮਨਮਰਜ਼ੀ ਨੂੰ ਕਾਂਗਰਸ ਰਾਜ ਵਿਚ ਨਹੀਂ ਚੱਲਣ ਦੇਣਗੇ ਤੇ ਸੱਤਾ ਵਿਚ ਆਉਂਦਿਆਂ ਹੀ ਟਰਾਂਸਪੋਰਟ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਪਰ ਅਜਿਹਾ ਅਜੇ ਤੱਕ ਨਹੀਂ ਹੋ ਸਕਿਆ ਜੋ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਜਿਹੀ ਵਿਰੋਧੀ ਧਿਰ ਦੇ ਆਗੂਆਂ ਲਈ ਵੱਡਾ ਮੁੱਦਾ ਹੋ ਸਕਦਾ ਹੈ।
ਕੈਪਟਨ ਦੇ ਦਾਅਵੇ ਠੁਸ ਹੋ ਚੁੱਕੇ ਹਨ ਤੇ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਬੱਸ ਚਾਲਕਾਂ ਦੀ ਮਨਮਰਜ਼ੀ ਹਾਵੀ ਹੈ। ਪ੍ਰਿੰਸੀਪਲ ਸੈਕਟਰੀ ਸਟੇਟ ਟਰਾਂਸਪੋਰਟ ਸਰਬਜੀਤ ਸਿੰਘ ਓਬਰਾਏ, ਡਾਇਰੈਕਟਰ ਟਰਾਂਸਪੋਰਟ ਭੁਪਿੰਦਰ ਸਿੰਘ ਰਾਏ ਵਲੋਂ ਬੀਤੇ ਦਿਨੀਂ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਸੀ, ਜਿਸ ਵਿਚ ਡੀ. ਟੀ.ਓ., ਆਰ. ਟੀ. ਏ. ਸਣੇ ਰੋਡਵੇਜ਼ ਦੇ ਅਧਿਕਾਰੀ ਸ਼ਾਮਲ ਸਨ। ਇਸ ਦੌਰਾਨ ਉਨ੍ਹਾਂ ਬੱਸ ਅੱਡੇ ਦੇ ਬਾਹਰੋਂ ਸਵਾਰੀਆਂ ਚੁੱਕਣ ਵਾਲੀਆਂ ਬੱਸਾਂ ਨੇ ਪਰਮਿਟ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਸਨ, ਜਿਸ ਨਾਲ ਉਮੀਦ ਜਾਗੀ ਸੀ ਕਿ ਹੁਣ ਟਰਾਂਸਪੋਰਟ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇਗਾ ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਅੱਜ ਵੀ ਬੱਸ ਅੱਡੇ ਦੇ ਬਾਹਰ ਰੋਜ਼ਾਨਾ ਸਵਾਰੀਆਂ ਚੁੱਕਦੀਆਂ ਦੇਖੀਆਂ ਜਾਂਦੀਆਂ ਹਨ। ਪਿਛਲੇ ਕੁਝ ਦਿਨਾਂ ਤੋਂ ਪੁਲਸ ਵਲੋਂ ਬੱਸ ਅੱਡਾ ਫਲਾਈਓਵਰ ਦੇ ਹੇਠਾਂ ਨਾਕਾਬੰਦੀ ਕਰਕੇ ਬੱਸਾਂ ਦੇ ਚਲਾਨ ਕੀਤੇ ਜਾ ਰਹੇ ਹਨ, ਜਦੋਂਕਿ ਪ੍ਰਿੰਸੀਪਲ ਸੈਕਟਰੀ ਦੇ ਹੁਕਮ ਸਨ ਕਿ ਨਿਯਮ ਤੋੜਨ ਵਾਲੀਆਂ ਬੱਸਾਂ ਦੇ ਪਰਮਿਟ ਰੱਦ ਕੀਤੇ ਜਾਣ ਪਰ ਅਜੇ ਤੱਕ ਇਕ ਵੀ ਬੱਸ ਦਾ ਪਰਮਿਟ ਰੱਦ ਨਹੀਂ ਕੀਤਾ ਗਿਆ।
