ਕੈਪਟਨ ਨੂੰ ਇੰਦਿਰਾ ਗਾਂਧੀ ਅਤੇ ਬੇਅੰਤ ਸਿੰਘ ਦੀ ਰਾਹ ''ਤੇ ਚਲਣਾ ਚਾਹੀਦਾ ਹੈ: ਕਟਾਰੀਆ
Monday, Jun 12, 2017 - 11:23 AM (IST)
ਕਪੂਰਥਲਾ— ਸ਼ਿਵਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਨੇਤਾ ਜਗਦੀਸ਼ ਕਟਾਰੀਆਂ ਨੇ ਸੂਬੇ 'ਚ ਅੱਤਵਾਦ ਅਤੇ ਖਾਲੀਸਤਾਨ ਸਮਰਥਕਾਂ ਦੀਆਂ ਗਤੀਵਿਧੀਆਂ 'ਚ ਵਾਧਾ ਹੋਣ ਅਤੇ ਸੂਬੇ ਦੀ ਕਾਂਗਰਸ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੇ ਇਕ ਹਿੱਸੇ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਾ ਲੈਣ 'ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਤਵਾਦ ਅਤੇ ਖਾਲਿਸਤਾਨ ਸਮਰਥਕਾਂ ਵਿਰੁੱਧ ਸਾਬਕਾ ਪ੍ਰਧਾਨ ਮੰਤਰੀ ਅਮਰ ਸ਼ਹੀਦ ਇੰਦਿਰਾ ਗਾਂਧੀ ਅਤੇ ਸਾਬਕਾ ਮੁੱਖ ਮੰਤਰੀ ਅਮਰ ਸ਼ਹੀਦ ਬੇਅੰਤ ਸਿੰਘ ਆਦਿ ਦੀ ਰਾਹ 'ਤੇ ਚੱਲਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਗੈਰ-ਹਿੰਦੂ ਸੰਗਠਨ 6 ਜੂਨ ਨੂੰ ਆਪ੍ਰੇਸ਼ਨ ਬਲੂ ਸਟਾਰ 'ਚ ਮਾਰੇ ਗਏ ਆਪਣੇ ਲੋਕਾਂ ਦੀ ਸਮ੍ਰਿਤੀ 'ਚ ਪੰਜਾਬ ਦੇ ਕੋਨੇ-ਕੋਨੇ 'ਚ ਸ਼ਰੇਆਮ ਸੜਕਾਂ ਤੋਂ ਲੈ ਕੇ ਧਾਰਮਿਕ ਸਥਾਨਾਂ ਤੱਕ ਇਸ ਸਬੰਧੀ ਵੱਡੇ-ਵੱਡੇ ਹੋਰਡਿੰਗਸ ਅਤੇ ਸ਼ਬੀਲਾਂ ਲਗਾ ਸਕਦੇ ਹਨ ਤਾਂ ਫਿਰ ਉਨ੍ਹਾਂ ਨੂੰ ਦੇਸ਼ਭਗਤਾਂ ਵਿਸ਼ੇਸ਼ ਕਰ ਕੇ ਹਿੰਦੂ ਸੰਗਠਨਾਂ ਵੱਲੋਂ ਸ਼ਹੀਦ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ 'ਤੇ ਤਕਲੀਫ ਕਿਉਂ ਹੁੰਦੀ ਹੈ? ਉਨ੍ਹਾਂ ਸਾਫ ਸ਼ਬਦਾਂ 'ਚ ਕਿਹਾ ਕਿ ਸ਼ਿਵਸੈਨਾ (ਬਾਲ ਠਾਕਰੇ) ਦੇ ਕਾਂਗਰਸ ਨਾਲ ਸ਼ੁਰੂ ਤੋਂ ਹੀ ਕਈ ਮੁੱਦਿਆਂ 'ਤੇ ਡੂੰਘੇ ਅਤੇ ਤਿੱਖੇ ਮਤਭੇਦ ਹਨ ਪਰ ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਿਰਾ ਗਾਂਧੀ ਅਤੇ ਸਵ. ਬੇਅਤ ਸਿੰਘ ਵੱਲੋਂ ਪੰਜਾਬ 'ਚ ਅੱਤਵਾਦੀਆਂ, ਖਾਲੀਸਤਾਨ ਸਮਰਥਕਾਂ, ਦੇਸ਼ ਦੇ ਗੱਦਾਰਾਂ ਦੇ ਫਨ ਕੁਚਲਣ 'ਚ ਨਿਭਾਈ ਗਈ ਕ੍ਰਾਂਤੀਕਾਰੀ, ਦਮਦਾਰ ਅਤੇ ਪ੍ਰਭਾਵਸ਼ਾਲੀ ਭੂਮਿਕਾ ਨੂੰ ਕਦੇ ਵੀ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਅੱਤਵਾਦੀਆਂ ਅਤੇ ਖਾਲੀਸਤਾਨ ਸਮਰਥਕਾਂ ਪ੍ਰਤੀ ਅਪਨਾਈ ਜਾ ਰਹੀ ਦੋਹਰੀ ਨੀਤੀ ਦੇ ਨਤੀਜੇ ਪੰਜਾਬ ਦੀ ਅਮਨ-ਸ਼ਾਂਤੀ ਲਈ ਘਾਤਕ ਸਿੱਧ ਹੋਣਗੇ। ਅੱਤਵਾਦ ਦੇ ਸਾਹਮਣੇ ਗੋਢੇ ਟੇਕਣ ਵਾਲਿਆਂ ਨੂੰ ਦੇਸ਼ਭਗਤਾਂ ਅਤੇ ਮਰਦਾਂ ਦੀ ਸ਼੍ਰੇਣੀ 'ਚ ਕਦੇ ਨਹੀਂ ਰੱਖਿਆ ਜਾ ਸਕਦਾ। ਜਗਦੀਸ਼ ਕਟਾਰੀਆ ਨੇ ਚਿਤਾਵਨੀ ਦਿੰਦੇ ਹੋਏ ਸਾਫ ਸ਼ਬਦਾਂ 'ਚ ਕਿਹਾ ਕਿ ਕੁਝ ਵੀ ਹੋਵੇ ਸ਼ਿਵਸੈਨਾ (ਬਾਲ ਠਾਕਰੇ) ਪੰਜਾਬ ਤਾਂ ਕੀ ਦੇਸ਼ ਦੇ ਕਿਸੇ ਵੀ ਹਿੱਸੇ 'ਚ ਅੱਤਵਾਦੀਆਂ, ਵੱਖਵਾਦੀਆਂ ਅਤੇ ਦੇਸ਼ ਦੇ ਗੱਦਾਰਾਂ ਦਾ ਫਨ ਚੁੱਕਣਾ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕਰੇਗੀ।
