ਕੈਪਟਨ ਨੇ ਫੇਸਬੁੱਕ ਲਾਈਵ ਦੌਰਾਨ ਸੰਗਰੂਰ ਵਾਸੀ ਦੀ ਮੁਸ਼ਕਿਲ ਹੱਲ ਕਰਵਾਉਣ ਦਾ ਦਿੱਤਾ ਭਰੋਸਾ
Saturday, Jul 18, 2020 - 09:43 PM (IST)
ਸੰਗਰੂਰ : ਕੋਵਿਡ-19 ਦੀ ਮਹਾਂਮਾਰੀ ਦੌਰਾਨ ਪੰਜਾਬ ਵਾਸੀਆਂ ਤੱਕ ਨਿੱਜੀ ਪੱਧਰ ਦੀ ਪਹੁੰਚ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਗਏ 'ਆਸਕ ਕੈਪਟਨ' ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਸੰਗਰੂਰ ਵਾਸੀ ਦੀ ਸਮੱਸਿਆ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਪ੍ਰੋਗਰਾਮ ਦੌਰਾਨ ਸੰਗਰੂਰ ਜ਼ਿਲੇ ਦੇ ਵਸਨੀਕ ਰੁਪਿੰਦਰ ਧੀਮਾਨ ਨੇ ਆਪਣਾ ਨੀਲਾ ਕਾਰਡ ਨਾ ਬਣਨ ਦੀ
ਮੁਸ਼ਕਿਲ ਬਾਰੇ ਸਵਾਲ ਭੇਜਿਆ ਸੀ, ਜਿਸ ਦੇ ਜਵਾਬ 'ਚ ਮੁੱਖ ਮੰਤਰੀ ਪੰਜਾਬ ਨੇ ਦੱਸਿਆ ਕਿ ਉਹ ਨਿੱਜੀ ਤੌਰ 'ਤੇ ਉਨ੍ਹਾਂ ਦੇ ਮਸਲੇ ਨੂੰ ਵੇਖਣਗੇ ਅਤੇ ਜੇਕਰ ਉਹ ਕਾਰਡ ਬਣਵਾਉਣ ਲਈ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਤਾਂ ਉਨ੍ਹਾਂ ਦਾ ਨੀਲਾ ਕਾਰਡ ਲਾਜ਼ਮੀ ਤੌਰ 'ਤੇ ਬਣਾਇਆ ਜਾਵੇਗਾ। ਆਪਣੇ ਸਵਾਲ 'ਚ ਰੁਪਿੰਦਰ ਧੀਮਾਨ ਨੇ ਲਿਖਿਆ ਸੀ ਕਿ ਉਹ ਮੱਧਵਰਗੀ ਪਰਿਵਾਰ ਨਾਲ ਸਬੰਧਤ ਹਨ ਤੇ ਕਈ ਵਾਰ ਉਨ੍ਹਾਂ ਨੂੰ ਇਲਾਜ ਕਰਵਾਉਣ 'ਚ ਕਾਰਡ ਨਾ ਬਣਿਆ ਹੋਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਦੇ ਜਵਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੀ ਯੋਗਤਾ ਸਾਬਤ ਕਰਦੇ ਕਾਗਜ਼ ਉਨ੍ਹਾਂ ਤੱਕ ਪੁੱਜਦੇ ਕਰਨ, ਜਿਸ ਤੋਂ ਬਾਅਦ ਉਹ ਸਬੰਧਤ ਮਹਿਕਮੇ ਨੂੰ ਸਖ਼ਤ ਹਦਾਇਤ ਕਰਕੇ ਉਨ੍ਹਾਂ ਦਾ ਕਾਰਡ ਬਣਵਾਉਣਗੇ।
ਅੱਜ ਦੇ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਮੁੜ ਇਹ ਦੁਹਰਾਇਆ ਕਿ ਉਹ ਪੰਜਾਬ ਦੇ ਹੱਕਾਂ ਦੀ ਰਾਖੀ ਅਤੇ ਪੰਜਾਬੀਆਂ ਦੀ ਭਲਾਈ ਲਈ ਜਿੰਦ-ਜਾਨ ਵਾਰ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਮਿਸ਼ਨ ਫ਼ਤਹਿ ਤਹਿਤ ਕੋਵਿਡ-19 ਦਾ ਦੇਸ਼ ਦੀ ਬਹੁਤ ਸਾਰੇ ਸੂਬਿਆਂ ਤੋਂ ਵਧੀਆ ਤਰੀਕੇ ਨਾਲ ਸਾਹਮਣਾ ਕਰ ਰਿਹਾ ਹੈ।