ਮੁੱਖ ਮੰਤਰੀ ਨੇ ਦਿੱਤੇ ਇਤਿਹਾਸਕ ਈਦਗਾਹ ਮਾਮਲੇ ''ਚ ਕਾਰਵਾਈ ਦੇ ਹੁਕਮ

Saturday, Jul 22, 2017 - 01:46 PM (IST)

ਫ਼ਰੀਦਕੋਟ (ਹਾਲੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਦਾਇਤ 'ਤੇ ਗ੍ਰਹਿ ਵਿਭਾਗ ਨੇ ਪੰਜਾਬ ਵਕਫ਼ ਬੋਰਡ ਦੇ ਮੁੱਖ ਕਾਰਜਕਾਰੀ ਅਫ਼ਸਰ ਨੂੰ ਹੁਕਮ ਦਿੱਤੇ ਹਨ ਕਿ ਸ਼ਹਿਰ ਵਿਚ ਇਤਿਹਾਸਕ ਈਦਗਾਹ ਦੀ ਜਗ੍ਹਾ 'ਤੇ ਕਬਜ਼ੇ ਦੇ ਮਾਮਲੇ ਵਿਚ ਜਾਂਚ ਕਰ ਕੇ ਕਾਰਵਾਈ ਕੀਤੀ ਜਾਵੇ। ਮੁਸਲਿਮ ਵੈੱਲਫੇਅਰ ਸੁਸਾਇਟੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਦਸਤਾਵੇਜ਼ਾਂ ਸਮੇਤ ਲਿਖਤੀ ਸ਼ਿਕਾਇਤ ਭੇਜ ਕੇ ਦੋਸ਼ ਲਾਇਆ ਸੀ ਕਿ ਸ਼ਹਿਰ 'ਚ ਕਰੀਬ 5 ਕਨਾਲ 16 ਮਰਲਿਆਂ 'ਚ ਮੁਸਲਮਾਨਾਂ ਦੀ ਇਤਿਹਾਸਕ ਈਦਗਾਹ ਬਣੀ ਹੈ ਤੇ ਇਸ ਈਦਗਾਹ ਨੂੰ ਮੁਸਲਿਮ ਭਾਈਚਾਰਾ ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਦਾ ਵਰਤ ਰਿਹਾ ਹੈ ਪਰ ਇਸ 'ਚ ਦੁਕਾਨਾਂ ਤੇ ਸਕੂਲ ਬਣਾ ਲਿਆ ਗਿਆ ਹੈ, ਜਿਸ ਕਰਕੇ ਮੁਸਲਿਮ ਭਾਈਚਾਰੇ ਕੋਲ ਈਦ ਸਮੇਂ ਨਮਾਜ਼ ਅਦਾ ਕਰਨ ਲਈ ਹੋਰ ਕੋਈ ਜਗ੍ਹਾ ਨਹੀਂ ਬਚੀ। ਮੁਸਲਿਮ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਦਿਲਾਵਰ ਹੁਸੈਨ ਨੇ ਕਿਹਾ ਕਿ ਇਸ ਈਦਗਾਹ ਦੀ ਜਗ੍ਹਾ ਵਿਚ ਇਹ ਸਭ ਕੁਝ ਹੋਣ ਕਰਕੇ ਇਸ ਪਵਿੱਤਰ ਸਥਾਨ ਦੀ ਬੇਅਦਬੀ ਵੀ ਹੋ ਰਹੀ ਹੈ। ਮੁਸਲਿਮ ਵੈੱਲਫੇਅਰ ਸੁਸਾਇਟੀ ਨੇ ਇਸ ਬਾਰੇ ਡਿਪਟੀ ਕਮਿਸ਼ਨਰ ਤੇ ਹੋਰ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਭੇਜੀ ਸੀ, ਜਿਸ 'ਤੇ ਕਾਰਵਾਈ ਕਰਦਿਆਂ ਮੁੱਖ ਮੰਤਰੀ ਦਫ਼ਤਰ ਨੇ ਇਸ ਮਾਮਲੇ ਦੀ ਰਿਪੋਰਟ ਤੁਰੰਤ ਦਫ਼ਤਰ ਨੂੰ ਭੇਜਣ ਦੀ ਹਦਾਇਤ ਕੀਤੀ ਹੈ। 
ਇਸ ਤੋਂ ਇਲਾਵਾ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨੇ ਮੁਸਲਿਮ ਵੈੱਲਫੇਅਰ ਸੁਸਾਇਟੀ ਦੇ ਆਗੂਆਂ ਨਾਲ ਫ਼ਰੀਦਕੋਟ ਆ ਕੇ ਗੱਲਬਾਤ ਵੀ ਕੀਤੀ ਤੇ ਭਰੋਸਾ ਦਿੱਤਾ ਕਿ ਈਦਗਾਹ ਦੀ ਜਗ੍ਹਾ ਸਬੰਧੀ ਬਣਦੀ ਕਾਰਵਾਈ ਹੋਵੇਗੀ। ਸਰਕਾਰ ਦੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਵਕਫ਼ ਬੋਰਡ ਨੇ ਈਦਗਾਹ ਦੀ ਜਗ੍ਹਾ ਨੂੰ ਖਾਲੀ ਕਰਵਾਉਣ ਲਈ ਕਾਰਵਾਈ ਆਰੰਭ ਕਰ ਦਿੱਤੀ ਹੈ।


Related News