ਕੈਪਟਨ ਨੇ ਨਿਵੇਸ਼ ਨੂੰ ਹੋਰ ਉਤਸ਼ਾਹਤ ਕਰਨ ਲਈ ਬਿਜ਼ਨੈੱਸ ਫਸਟ ਪੋਰਟਲ ਦਾ ਕੀਤਾ ਸ਼ੁੱਭ ਆਰੰਭ

11/07/2018 11:17:26 AM

ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਨਿਵੇਸ਼ ਨੂੰ ਸੂਬੇ 'ਚ ਹੋਰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਬਿਜ਼ਨੈੱਸ ਫਸਟ ਪੋਰਟਲ ਦਾ ਸ਼ੁੱਭ ਆਰੰਭ ਕੀਤਾ, ਜਿਸ ਨਾਲ ਸੂਬੇ 'ਚ ਉਦਯੋਗਿਕ ਵਿਕਾਸ ਦੀ ਰਫਤਾਰ 'ਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ। ਮਾਰਚ 2018 ਤੋਂ ਹੀ ਲਗਾਤਾਰ ਕੈਪਟਨ ਸਰਕਾਰ ਨੇ ਉਦਯੋਗਿਕ ਵਿਕਾਸ ਨੂੰ ਹੱਲਾਸ਼ੇਰੀ ਦੇਣ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਬਿਜ਼ਨੈੱਸ ਫਸਟ ਪੋਰਟਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਨਿਵੇਸ਼ਕਾਂ ਨੂੰ ਪੰਜਾਬ 'ਚ ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਮੁਹੱਈਆ ਕਰਵਾ ਦਿੱਤਾ ਗਿਆ ਹੈ। ਉਦਯੋਗਿਕ ਸ਼ਿਕਾਇਤਾਂ ਦੇ ਹੱਲ, ਉਦਯੋਗਿਕ ਵਿਕਾਸ ਨੂੰ ਲੈ ਕੇ ਉੱਦਮੀਆਂ ਦੇ ਸੁਝਾਵਾਂ ਅਤੇ ਫੀਡਬੈਕ ਵੀ ਸਰਕਾਰ ਇਸ ਪੋਰਟਲ ਦੇ ਜ਼ਰੀਏ ਹਾਸਲ ਕਰ ਸਕੇਗੀ। 

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਿਵੇਸ਼ਕਾਂ ਦਾ ਭਰੋਸਾ ਜਿੱਤਿਆ ਹੈ, ਜਿਸ ਦਾ ਪਤਾ ਪਿਛਲੇ 19 ਮਹੀਨਿਆਂ 'ਚ ਸੂਬੇ 'ਚ 10,000 ਕਰੋੜ ਤੋਂ ਵੱਧ ਦੇ ਹੋਏ ਨਿਵੇਸ਼ ਤੋਂ ਲੱਗਦਾ ਹੈ। ਉਦਯੋਗਿਕ ਵਿਕਾਸ ਦੀ ਰਫਤਾਰ ਦਾ ਪਤਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ 2016-17 ਦੇ ਮੁਕਾਬਲੇ 2017-18 'ਚ ਸੂਬੇ 'ਚ ਬਿਜਲੀ ਦੀ ਉਦਯੋਗਿਕ ਖਪਤ 'ਚ 9 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਮੰਡੀ ਗੋਬਿੰਦਗੜ੍ਹ 'ਚ ਹੀ 60 ਨਵੀਆਂ ਇਕਾਈਆਂ  ਸ਼ੁਰੂ ਹੋ ਗਈਆਂ ਹਨ, ਜਦਕਿ ਕਈ ਨਵੀਆਂ ਇਕਾਈਆਂ ਸ਼ੁਰੂ ਹੋਣ ਜਾ ਰਹੀਆਂ ਹਨ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਪੋਰਟਲ ਦੇ ਜ਼ਰੀਏ ਸੂਬੇ 'ਚ ਨਵੀਆਂ ਨੌਕਰੀਆਂ ਬਾਰੇ ਵੀ ਜਾਣਕਾਰੀ ਆਸਾਨੀ ਨਾਲ ਮਿਲ ਸਕੇਗੀ। ਇਸ ਨਾਲ ਸੂਬਾ ਸਰਕਾਰ ਦੇ ਘਰ-ਘਰ ਰੋਜ਼ਗਾਰ ਪ੍ਰੋਗਰਾਮ ਪੂਰਾ ਕਰਨ 'ਚ ਵੀ ਮਦਦ ਮਿਲੇਗੀ। ਉਨ੍ਹਾਂ ਨੇ ਉਦਯੋਗ ਅਤੇ ਵਣਜ ਤੇ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਇਸ ਪਹਿਲ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਉਦਯੋਗਾਂ  ਦਾ ਪਸੰਦੀਦਾ ਸੂਬਾ ਬਣਾਉਣ ਲਈ ਸਰਕਾਰ ਛੇਤੀ ਹੀ ਕਦਮ ਵੀ ਚੁੱਕੇਗੀ। 

ਉਦਯੋਗ ਸਥਾਪਤ ਕਰਨ ਤੋਂ ਪਹਿਲਾਂ ਹੀ 11 ਵਿਭਾਗਾਂ ਤੋਂ ਮਿਲ ਜਾਏਗੀ ਕਲੀਅਰੈਂਸ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੋਰਟਲ ਨੂੰ ਸਥਾਪਨਾ ਤੋਂ ਪਹਿਲਾਂ ਹੀ 11 ਵਿਭਾਗਾਂ ਅਤੇ 35 ਵਿੱਤੀ ਇੰਸੈਂਟਿਵਜ਼ ਮਿਲ ਜਾਣਗੇ। ਬਹੁਲਾਭ ਲੈਣ ਲਈ ਸਿਰਫ ਆਈ ਫਾਰਮ ਹੀ ਉਦਯੋਗਾਂ ਨੂੰ ਭਰਨਾ ਪਵੇਗਾ। ਇਸ ਨਾਲ ਉਦਯੋਗਂ ਦਾ ਸਮਾਂ ਬਚੇਗਾ ਅਤੇ ਧਨ ਦੀ ਵੀ ਬੱਚਤ ਹੋਵੇਗੀ। ਪੋਰਟਲ ਨਾਲ ਹੀ ਕਾਰੋਬਾਰੀ ਰੈਗੂਲੇਸ਼ਨ ਨੂੰ ਲੈ ਕੇ ਫੀਡਬੈਕ ਵੀ ਲਏ ਜਾਣਗੇ। ਉਦਯੋਗ ਅਤੇ ਸੂਚਨਾ ਤਕਨੀਕ ਦੀ ਏ. ਸੀ. ਐੱਸ. ਵਿਨੀ ਮਹਾਜਨ ਨੇ ਕਿਹਾ ਕਿ ਪੋਰਟਲ ਨੂੰ ਲਾਂਚ ਕਰਨ ਤੋਂ ਬਾਅਦ ਹੁਣ ਉਦਯੋਗਿਕ ਇਕਾਈ ਦੀ ਸਥਾਪਨਾ ਲਈ ਮਨਜ਼ੂਰੀ ਲੈਣਾ ਆਸਾਨ ਹੋ ਗਿਆ ਹੈ ਅਤੇ ਨਾਲ ਹੀ ਉਦਯੋਗਾਂ ਨੂੰ ਵੱਖਰੀ ਤਰ੍ਹਾਂ ਦੇ ਵਿੱਤੀ ਲਾਭ  ਵੀ ਪ੍ਰਾਪਤ ਹੋ ਜਾਣਗੇ। ਵਰਧਮਾਨ ਗਰੁੱਪ ਦੇ ਸਕੱਤਰ ਜੈਨ ਨੇ ਇਸ ਪੋਰਟਲ ਦੀ ਸਥਾਪਨਾ ਲਈ ਮੁੱਖ ਮੰਤਰੀ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਉਦਯੋਗ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਮੁੱਖ ਮੰਤਰੀ ਦੀ ਦੂਰਦਰਸ਼ੀ ਸੋਚ ਲਈ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਪੰਜਾਬ 'ਚ ਉਦਯੋਗਿਕ ਮਾਹੌਲ 'ਚ ਕਾਫੀ ਸੁਧਾਰ ਆਵੇਗਾ। ਇਸ ਮੌਕੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਿੱਤ ਸਕੱਤਰ ਅਨਿਰੁਧ ਤਿਵਾੜੀ ਤੋਂ ਇਲਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕਈ ਹੋਰ ਮੰਤਰੀ ਵੀ ਮੌਜੂਦ ਸਨ।


Related News