ਚਰਚਾ ਦਾ ਬਾਜ਼ਾਰ ਗਰਮ ਕੈਪਟਨ ਦੀ ਰਾਡਾਰ ’ਤੇ ਵੱਡੇ ਅਕਾਲੀ ਨੇਤਾ!
Thursday, Jul 19, 2018 - 05:42 AM (IST)
ਲੁਧਿਆਣਾ(ਮੁੱਲਾਂਪੁਰੀ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਮਹੀਨੇ ਤੋਂ ਰਾਜ-ਭਾਗ ’ਤੇ ਕਾਬਜ਼ ਹਨ ਪਰ ਪਿਛਲੇ ਦਿਨਾਂ ਤੋਂ ਉਨ੍ਹਾਂ ਦੀਆਂ ਸਰਕਾਰੀ ਟੀਮਾਂ ਤੇ ਏਜੰਸੀਆਂ ਨੇ ਪਿਛਲੇ 10 ਸਾਲ ਰਾਜ-ਭਾਗ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਜ਼ੀਰਾਂ, ਵਿਧਾਇਕਾਂ, ਚੇਅਰਮੈਨਾਂ ਦੇ ਉਸ ਵੇਲੇ ਕੀਤੇ ਕੰਮ-ਕਾਰ ’ਤੇ ਬਾਜ਼ ਅੱਖ ਰੱਖ ਕੇ ਦੇਖਣ ਦੀ ਕਾਰਵਾਈ ਸ਼ੁਰੂ ਕੀਤੀ ਦੱਸੀ ਜਾ ਰਹੀ ਹੈ। ਕਿਉਂਕਿ ਅੱਜ ਕੱਲ੍ਹ ਪੰਜਾਬ ਵਿਚ ਮੀਡੀਆ ਵਿਚ ਬਠਿੰਡੇ ਤੋਂ ਸਾਬਕਾ ਮੰਤਰੀ ਜਥੇ. ਕੋਲਿਆਂ ਵਾਲੀ ਅਤੇ ਮਾਝੇ ਦੇ ਇਕ ਸਾਬਕਾ ਵਿਧਾਇਕ ਤੋਂ ਇਲਾਵਾ ਮਾਲਵੇ ’ਚੋਂ ਇਕ ਹੋਰ ਸਾਬਕਾ ਮੰਤਰੀ ਸਮੇਤ ਕਈ ਆਗੂਆਂ ਦੇ ਪੁੱਤਰ ਵੀ ਜੋ ਵੱਖ-ਵੱਖ ਅਹੁਦਿਆਂ ’ਤੇ ਤਾਇਨਾਤ ਰਹੇ ਹਨ, ਉਨ੍ਹਾਂ ਦੇ ਕੰਮਾਂਕਾਰਾਂ ’ਤੇ ਸਰਕਾਰ ਦਾ ਖੁਫੀਆ ਤੰਤਰ ਸਰਗਰਮ ਦੱਸਿਆ ਜਾ ਰਿਹਾ ਹੈ।
ਇਥੇ ਦੱਸਣਾ ਉਚਿਤ ਹੋਵੇਗਾ ਕਿ ਜਦੋਂ 2002 ’ਚ ਕੈਪਟਨ ਸਰਕਾਰ ਹੋਂਦ ਵਿਚ ਆਈ ਸੀ ਤਾਂ ਉਸ ਵੇਲੇ ਦੀ ਕੈਪਟਨ ਸਿੰਘ ਦੀ ਬੇਨਾਮੀ ਸੰਪਤੀ ਅਤੇ ਹੋਰ ਕਈ ਮਾਮਲਿਆਂ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਅੱਧੀ ਦਰਜਨ ਤੋਂ ਵੱਧ ਸਾਬਕਾ ਮੰਤਰੀਆਂ ਨੂੰ ਲਪੇਟੇ ਵਿਚ ਲਿਆ ਸੀ ਪਰ ਸਰਕਾਰ ਬਦਲਣ ਜਾਣ ਤੋਂ ਬਾਅਦ ਸ. ਬਾਦਲ ਸਮੇਤ ਕਈ ਆਗੂ ਉਨ੍ਹਾਂ ਮਾਮਲਿਆਂ ਵਿਚ ਬਰੀ ਹੋ ਗਏ ਸਨ। ਪਰ ਕਈਆਂ ਨੂੰ ਇਕ ਸਾਲ ਜਾਂ ਦੋ ਸਾਲ ਜੇਲ ਦੀ ਹਵਾ ਖਾਣੀ ਪਈ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਰਕਾਰ ਪਿਛਲੀ ਗਲਤੀ ਨੂੰ ਧਿਆਨ ਵਿਚ ਰੱਖ ਕੇ ਫੂਕ-ਫੂਕ ਕੇ ਕਦਮ ਰੱਖਦੀ ਦੱਸੀ ਜਾ ਰਹੀ ਹੈ। ਤਾਂ ਜੋ ਕਿਸੇ ਵੀ ਵੱਡੇ ਆਗੂ ਨੂੰ ਬਗੈਰ ਦੋਸ਼ਾਂ ਤੋਂ ਗ੍ਰਿਫਤਾਰ ਕਰ ਕੇ ਕੋਰਟ ਵਲੋਂ ਜ਼ਮਾਨਤ ਮਿਲਣ ’ਤੇ ਸਰਕਾਰ ਦੀ ਬਦਨਾਮੀ ਦੀ ਕਿਰਕਿਰੀ ਤੋਂ ਬਚਿਆ ਜਾ ਸਕੇ। ਸੂਤਰਾਂ ਨੇ ਇਹ ਵੀ ਦੱਸਿਆ ਕਈ ਸਾਬਕਾ ਪੁਲਸ ਅਧਿਕਾਰੀ ਵੀ ਕੈਪਟਨ ਦੀ ਰਾਡਾਰ ’ਤੇ ਦੱਸੇ ਜਾ ਰਹੇ ਹਨ। ਜਦੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਅਕਾਲੀ ਆਗੂਆਂ ਬਾਰੇ ਕੀਤੀ ਜਾ ਰਹੀ ਕਾਰਵਾਈ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਵਜ਼ੀਰ ਸ਼ਰਨਜੀਤ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ, ਜਦੋਂ ਮੇਰੇ ਧਿਆਨ ਵਿਚ ਜਾਂ ਮੈਨੂੰ ਪਤਾ ਲਗੇਗਾ ਮੈਂ ਉਸ ਵੇਲੇ ਗੱਲ ਕਰਾਂਗਾ।
