ਪਾਕਿ ਤੋਂ ਆਏ ਹਿੰਦੂ ਤੀਰਥ ਯਾਤਰੀਆਂ ਦੇ ਵੀਜ਼ੇ ਦੀ ਮਿਆਦ ਵਧਾਉਣੀ ਸ਼ਲਾਘਾਯੋਗ ਕੰਮ: ਕੈਪਟਨ

02/16/2018 5:52:11 PM

ਜਲੰਧਰ(ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਤੋਂ ਆਏ ਹਿੰਦੂ ਤੀਰਥਾ ਯਾਤਰੀਆਂ ਦੇ ਵੀਜ਼ੇ ਦੀ ਮਿਆਦ ਨੂੰ ਵਧਾਉਣ ਲਈ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦਾ ਵਿਸ਼ੇਸ਼ ਰੂਪ ਨਾਲ ਧੰਨਵਾਦ ਜਤਾਇਆ ਹੈ। ਪਾਕਿਸਤਾਨ ਤੋਂ ਪਿਛਲੇ ਦਿਨੀਂ ਹਿੰਦੂ ਤੀਰਥ ਯਾਤਰੀ ਭਾਰਤ 'ਚ ਵੱਖ-ਵੱਖ ਧਰਮ ਸਥਾਨਾਂ ਦੇ ਦਰਸ਼ਨਾਂ ਲਈ ਆਏ ਸਨ। ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਸੁਸ਼ਮਾ ਸਵਰਾਜ ਨੂੰ ਟਵੀਟ ਕਰਕੇ ਵਧਾਈ ਭੇਜਦੇ ਹੋਏ ਕਿਹਾ ਕਿ ਇਸ ਨਾਲ ਹਿੰਦੂ ਤੀਰਥ ਯਾਤਰੀਆਂ ਨੂੰ ਭਾਰਤੀ ਰਾਹਤ ਮਿਲੀ ਹੈ ਜੋ ਪਿਛਲੇ ਕੁਝ ਦਿਨਾਂ ਤੋਂ ਆਪਣੀ ਯਾਤਰਾ ਦੀ ਮਿਆਦ ਨੂੰ ਵਧਾਉਣ ਲਈ ਕੋਸ਼ਿਸ਼ਾਂ ਕਰ ਰਹੇ ਸਨ। 
ਕੈਪਟਨ ਨੇ ਕੇਂਦਰੀ ਵਿਦੇਸ਼ ਮੰਤਰਾਲੇ ਦੇ ਸਾਹਮਣੇ ਹਿੰਦੂ ਤੀਰਥ ਯਾਤਰੀਆਂ ਦਾ ਮਾਮਲਾ ਚੁੱਕਿਆ ਸੀ ਅਤੇ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਕਿਹਾ ਸੀ ਕਿ ਉਹ ਪਾਕਿਸਤਾਨ ਤੋਂ ਆਏ ਹਿੰਦੂ ਤੀਰਥ ਯਾਤਰੀਆਂ ਦੀਆਂ ਭਾਵਨਾਵਾਂ ਨੂੰ ਸਮਝਣ ਤਾਂਕਿ ਭਾਰਤ ਦੌਰੇ ਦੌਰਾਨ ਹਿੰਦੂ ਯਾਤਰੀ ਦੇਸ਼ 'ਚ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਆਪਣੇ ਪ੍ਰੋਗਰਾਮ ਨੂੰ ਪੂਰਾ ਕਰ ਸਕਣ। 
ਉਨ੍ਹਾਂ ਨੇ ਕਿਹਾ ਕਿ ਇਹ ਤੀਰਥ ਯਾਤਰੀ ਅੰਮ੍ਰਿਤਸਰ 'ਚ ਰੁੱਕੇ ਹੋਏ ਸਨ ਅਤੇ ਆਪਣੀ ਵੀਜ਼ੇ ਦੀ ਮਿਆਦ ਵੱਧਣ ਦਾ ਇੰਤਜ਼ਾਰ ਕਰ ਰਹੇ ਸਨ। ਹੁਣ ਇਨ੍ਹਾਂ ਯਾਤਰੀਆਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਨ੍ਹਾਂ ਲੋਕਾਂ ਨੂੰ ਹੁਣ ਭਾਰਤ 'ਚ ਰਹਿਣ ਲਈ 15 ਦਿਨਾਂ ਦਾ ਹੋਰ ਸਮਾਂ ਦਿੱਤਾ ਗਿਆ ਹੈ। ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਵੀ ਇਸ ਮਾਮਲੇ ਨੂੰ ਪੰਜਾਬ ਸਰਕਾਰ ਦੇ ਸਾਹਮਣੇ ਚੁੱਕਿਆ ਸੀ ਅਤੇ ਉਹ ਵੀ ਕੇਂਦਰ ਦੇ ਸਾਹਮਣੇ ਹਿੰਦੂ ਤੀਰਥ ਯਾਤਰੀਆਂ ਦੇ ਵੀਜ਼ਾ ਦੀ ਮਿਆਦ ਵਧਾਉਣ ਦੇ ਮਾਮਲੇ ਨੂੰ ਚੁੱਕ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਸੀ ਵਿਦੇਸ਼ ਮੰਤਰਾਲੇ ਵੱਲੋਂ ਉਠਾਏ ਕਦਮ ਨਾਲ ਹਿੰਦੂ ਤੀਰਥ ਯਾਤਰੀ ਇਕ ਵਧੀਆ ਸੰਦੇਸ਼ ਲੈ ਕੇ ਵਾਪਸ ਜਾਣਗੇ। ਇਸ ਨਾਲ ਦੋਵੇਂ ਦੇਸ਼ਾਂ 'ਚ ਸਦਭਾਵਨਾ ਨੂੰ ਹੋਰ ਵਾਧਾ ਮਿਲੇਗਾ।


Related News