ਮੁੱਖ ਮੰਤਰੀ ਦਾ ਕਰਜ਼ਾ ਮੁਆਫ਼ੀ ਸਮਾਰੋਹ ਮਾਨਸਾ ਲਈ ਬਣਿਆ ਸਿਆਸੀ ਅਖਾੜਾ
Sunday, Jan 07, 2018 - 03:51 AM (IST)

ਮਾਨਸਾ(ਸੰਦੀਪ ਮਿੱਤਲ)-ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ 'ਤੇ ਕਿਸਾਨਾਂ ਨਾਲ ਕਰਜ਼ਾ ਮੁਆਫੀ ਦੇ ਕੀਤੇ ਗਏ ਵਾਅਦੇ ਨੂੰ ਪੁਗਾਉਣ ਲਈ 7 ਜਨਵਰੀ ਨੂੰ ਮਾਨਸਾ ਵਿਖੇ ਕਰਜ਼ਾ ਮੁਆਫ਼ੀ ਲਈ ਕੀਤਾ ਜਾ ਰਿਹਾ ਵਿਸ਼ਾਲ ਸਮਾਗਮ ਮਾਨਸਾ ਲਈ ਸਿਆਸੀ ਅਖਾੜਾ ਬਣਿਆ ਹੋਇਆ ਹੈ। ਇਸ ਸਮਾਰੋਹ ਦੌਰਾਨ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਸਮੁੱਚਾ ਮੰਤਰੀ ਮੰਡਲ ਪਹੁੰਚਣ ਦੇ ਆਸਾਰ ਬਣੇ ਹੋਏ ਹਨ, ਉਥੇ ਹੀ ਇਸ ਸਮਾਗਮ ਨੂੰ ਸ਼ਾਂਤੀ ਪੂਰਵਕ ਨੇਪਰੇ ਚੜ੍ਹਾਉਣ ਲਈ ਪੁਲਸ ਅਤੇ ਸਿਵਲ ਪ੍ਰਸ਼ਾਸਨ ਪੱਬਾਂ ਭਾਰ ਹੈ। ਭਾਵੇਂ 'ਆਪ' ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਨ ਦਾ ਐਲਾਨ ਕੀਤਾ ਹੋਇਆ ਹੈ ਪਰ ਉਹ ਇਸ ਰੋਸ ਪ੍ਰਦਰਸ਼ਨ ਨੂੰ ਲੈ ਕੇ ਇਸ ਵਿਚ ਕਿੰਨਾ ਕੁ ਸਫਲ ਹੁੰਦੀਆਂ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਉਂਕਿ ਇਸ ਸਮੇਂ ਸਮੁੱਚਾ ਮਾਨਸਾ ਸ਼ਹਿਰ ਪੁਲਸ ਛਾਉਣੀ 'ਚ ਤਬਦੀਲ ਹੋ ਗਿਆ ਹੈ। ਇਸ ਸਮਾਰੋਹ ਨੂੰ ਲੈ ਕੇ 'ਆਪ' ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਪਿੰ੍ਰਸੀਪਲ ਬੁੱਧਰਾਮ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਵਿੱਢੀ ਗਈ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਸਕੀਮ ਸ਼ੁਰੂ ਹੁੰਦਿਆਂ ਹੀ ਵਿਵਾਦਾਂ 'ਚ ਘਿਰ ਗਈ ਹੈ। ਇਸ ਸਕੀਮ ਤਹਿਤ ਬਣਾਈਆਂ ਗਈਆਂ ਕਰਜ਼ਾ ਮੁਆਫੀ ਦੀਆਂ ਸੂਚੀਆਂ 'ਚ ਵੱਡੇ ਪੱਧਰ 'ਤੇ ਧਾਂਦਲੀ ਹੋਈ ਹੈ, ਜਿਸ ਦੀ ਆੜ 'ਚ ਕਰਜ਼ੇ ਦਾ ਸੰਤਾਪ ਹੰਢਾਅ ਰਹੇ ਜ਼ਰੂਰਤਮੰਦ ਕਿਸਾਨਾਂ ਨੂੰ ਅੱਖੋਂ-ਪਰੋਖੇ ਕਰ ਕੇ ਜ਼ਿਆਦਾ ਜ਼ਮੀਨਾਂ ਵਾਲੇ ਅਮੀਰ ਕਿਸਾਨਾਂ ਅਤੇ ਆਪਣੇ ਖਾਸ ਬੰਦਿਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ, ਜੋ ਕਿ ਕਿਸਾਨਾਂ ਨਾਲ ਇਕ ਕੋਝਾ ਮਜ਼ਾਕ ਹੈ। ਉਨ੍ਹਾਂ 7 ਜਨਵਰੀ ਨੂੰ ਕਰਜ਼ਾ ਮੁਆਫੀ ਦਾ ਡਰਾਮਾ ਕਰਨ ਆ ਰਹੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਕਰਜ਼ਾ ਮੁਆਫ਼ੀ ਨਾਲ 162000 ਕਿਸਾਨਾਂ ਦੇ ਕਰਜ਼ੇ 'ਤੇ ਵੱਜੇਗੀ ਲਕੀਰ : ਕਾਂਗਰਸੀ ਆਗੂ
ਪੰਜਾਬ ਸਰਕਾਰ ਵੱਲੋਂ ਮਾਨਸਾ ਤੋਂ ਸ਼ੁਰੂ ਕੀਤੀ ਜਾ ਰਹੀ ਕਰਜ਼ਾ ਮੁਆਫ਼ੀ ਮੁਹਿੰਮ ਨੂੰ ਲੈ ਕੇ ਕਾਂਗਰਸ ਦੇ ਸੂਬਾਈ ਆਗੂ ਅਜੀਤਇੰਦਰ ਸਿੰਘ ਮੋਫਰ, ਮੰਗਤ ਰਾਏ ਬਾਂਸਲ, ਮਨਜੀਤ ਸਿੰਘ ਝਲਬੂਟੀ, ਕੁਲਵੰਤ ਰਾਏ ਸਿੰਗਲਾ ਦਾ ਕਹਿਣਾ ਹੈ ਕਿ ਪੰਜਾਬ ਦੇ ਖਜ਼ਾਨੇ ਦੀ ਹਾਲਤ ਤਰਸਯੋਗ ਹੋਣ ਦੇ ਬਾਵਜੂਦ ਕੈਪਟਨ ਸਰਕਾਰ ਕਿਸਾਨਾਂ ਦਾ ਰਖਵਾਲਾ ਹੋਣ ਦਾ ਵਾਅਦਾ ਪੂਰਾ ਕਰਦੀ ਹੋਈ ਕਰਜ਼ਾ ਮੁਆਫ਼ੀ ਦੀ ਮੁਹਿੰਮ ਸ਼ੁਰੂ ਕਰ ਰਹੀ ਹੈ, ਜਿਸ ਵਿਚ ਢਾਈ ਏਕੜ ਜ਼ਮੀਨ ਵਾਲੇ ਕਿਸਾਨ ਦਾ ਸੁਸਾਇਟੀ ਕਰਜ਼ਾ 2 ਲੱਖ ਰੁਪਏ ਤੱਕ ਮੁਆਫ਼ ਹੋਣ ਨਾਲ ਪਹਿਲੇ ਕਦਮ ਵਿਚ ਹੀ ਲਗਭਗ ਪੰਜਾਬ ਦੇ 162000 ਕਿਸਾਨਾਂ ਦੇ ਕਰਜ਼ੇ 'ਤੇ ਲਕੀਰ ਵੱਜ ਜਾਵੇਗੀ।