ਟੀਮਾਂ ਦਾ ਫੋਕਸ ਪਰਾਲੀ ਸਾੜਨ ਵਾਲਿਆਂ ਦੀ ਬਜਾਏ, ਨਾ ਸਾੜਨ ਵਾਲਿਆਂ ''ਤੇ

Tuesday, Oct 24, 2017 - 02:13 AM (IST)

ਟੀਮਾਂ ਦਾ ਫੋਕਸ ਪਰਾਲੀ ਸਾੜਨ ਵਾਲਿਆਂ ਦੀ ਬਜਾਏ, ਨਾ ਸਾੜਨ ਵਾਲਿਆਂ ''ਤੇ

ਬਠਿੰਡਾ(ਪਰਮਿੰਦਰ)-ਪੰਜਾਬ ਸਰਕਾਰ ਵੱਲੋਂ ਐੱਨ. ਜੀ. ਟੀ. ਦੇ ਆਦੇਸ਼ਾਂ ਦਾ ਪਾਲਣ ਕਰਵਾਉਣ ਲਈ ਝੋਨੇ ਦੀ ਪਰਾਲੀ ਨਾ ਸਾੜਨ ਦੇ ਦਿੱਤੇ ਗਏ ਆਦੇਸ਼ਾਂ ਦੇ ਮਾਪਦੰਡ ਹੁਣ ਬਦਲਣ ਲੱਗੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਪਰਾਲੀ ਸਾੜਨ ਵਾਲਿਆਂ ਕਿਸਾਨਾਂ 'ਤੇ ਪੁਲਸ ਕਾਰਵਾਈ ਨਾ ਕਰਨ ਦੇ ਲਈ ਦਿੱਤੇ ਗਏ ਬਿਆਨ ਦੇ ਬਾਅਦ ਪਰਾਲੀ ਸਾੜਨ ਦੇ ਕੰਮ 'ਚ ਤੇਜ਼ੀ ਆ ਗਈ ਹੈ, ਜਿਸ ਕਾਰਨ ਜ਼ਿਲਾ ਪੱਧਰ 'ਤੇ ਗਠਿਤ ਪ੍ਰਸ਼ਾਸਨਿਕ ਟੀਮਾਂ ਦਾ ਸਾਰਾ ਫੋਕਸ ਵੀ ਹੁਣ ਪਰਾਲੀ ਸਾੜਨ ਵਾਲੇ ਕਿਸਾਨਾਂ ਤੋਂ ਹਟ ਕੇ ਪਰਾਲੀ ਨਾ ਸਾੜਣ ਵਾਲੇ ਕਿਸਾਨਾਂ 'ਤੇ ਹੋ ਗਿਆ ਹੈ।
ਕਿਸਾਨ ਜਥੇਬੰਦੀਆਂ ਧੜੱਲੇ ਨਾਲ ਸਾੜ ਰਹੀਆਂ ਹਨ ਪਰਾਲੀ 
ਕਿਸਾਨ ਸੰਗਠਨਾਂ ਵੱਲੋਂ ਸ਼ੁਰੂ ਤੋਂ ਸਮੂਹਿਕ ਤੌਰ 'ਤੇ ਪਰਾਲੀ ਸਾੜ ਕੇ ਸਰਕਾਰ ਦੇ ਆਦੇਸ਼ਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਮੁੱਖ ਮੰਤਰੀ ਦੇ ਬਿਆਨ ਨਾਲ ਇਸ ਰੁਝਾਨ ਵਿਚ ਤੇਜ਼ੀ ਆਈ ਹੈ। ਅਜਿਹੇ ਵਿਚ ਪ੍ਰਸ਼ਾਸਨ ਵੱਲੋਂ ਗਠਿਤ ਟੀਮਾਂ ਵੱਲੋਂ ਪਰਾਲੀ ਸਾੜ ਰਹੇ ਕਿਸਾਨਾਂ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਪ੍ਰਸ਼ਾਸਨਿਕ ਟੀਮਾਂ ਹੁਣ ਉਨ੍ਹਾਂ ਕਿਸਾਨਾਂ ਦੇ ਕੋਲ ਪਹੁੰਚ ਰਹੀਆਂ ਹਨ, ਜਿਨ੍ਹਾਂ ਨੇ ਅਜੇ ਤੱਕ ਪਰਾਲੀ ਨੂੰ ਅੱਗ ਦੇ ਹਵਾਲੇ ਨਹੀਂ ਕੀਤਾ ਹੈ। ਪ੍ਰਸ਼ਾਸਨਿਕ ਟੀਮਾਂ ਅਜਿਹੇ ਕਿਸਾਨ ਨੂੰ ਜਾਗਰੂਕ ਕਰ ਕੇ ਪਰਾਲੀ ਨਾ ਸਾੜਨ ਨੂੰ ਪ੍ਰੇਰਿਤ ਕਰ ਰਹੀਆਂ ਹਨ। ਦੂਸਰੇ ਪਾਸੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਪ੍ਰਤੀ ਕੁਇੰਟਲ 100 ਰੁਪਏ ਮੁਆਵਜ਼ਾ ਦੇਣ ਦੀ ਗੱਲ ਵੀ ਚੱਲ ਰਹੀ ਹੈ, ਜਿਸ ਕਾਰਨ ਵੀ ਕੁਝ ਕਿਸਾਨ ਪਰਾਲੀ ਸਾੜਨ ਤੋਂ ਅਜੇ ਤੱਕ ਰੁਕੇ ਹੋਏ ਹਨ, ਹਾਲਾਂਕਿ ਪ੍ਰਸ਼ਾਸਨਿਕ ਤੌਰ 'ਤੇ ਉਕਤ ਮੁਆਵਜ਼ਾ ਮਿਲਣ ਸੰਬੰਧੀ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ।
ਕੀ ਕਹਿੰਦੇ ਹਨ ਕਿਸਾਨ ਨੇਤਾ?
ਪਰਾਲੀ ਸਾੜਨ ਸੰਬੰਧੀ ਭਾਕਿਯੂ ਏਕਤਾ (ਉਗਰਾਹਾਂ) ਜ਼ਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਭਾਕਿਯੂ ਏਕਤਾ ਦੇ ਮਹਾਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਕਿਸਾਨਾਂ ਦੇ ਕੋਲ ਕੋਈ ਬਦਲ ਨਹੀਂ ਹੈ। ਸਰਕਾਰ ਨੇ ਐੱਨ. ਜੀ. ਟੀ. ਦੇ ਆਦੇਸ਼ਾਂ 'ਤੇ ਪਰਾਲੀ ਸਾੜਨ ਦਾ ਫਰਮਾਨ ਤਾਂ ਜਾਰੀ ਕਰ ਦਿੱਤਾ ਪਰ ਕਿਸਾਨਾਂ ਨੂੰ ਨਿਯਮਾਂ ਦੇ ਅਨੁਸਾਰ ਮਸ਼ੀਨਰੀ, ਮੁਆਵਜ਼ਾ ਜਾਂ ਹੋਰ ਕੋਈ ਬਦਲ ਮੁਹੱਈਆ ਨਹੀਂ ਕਰਵਾਇਆ ਗਿਆ। ਕਿਸਾਨ ਆਪਣੀ ਜੇਬ 'ਚੋਂ ਖਰਚਾ ਕਰ ਕੇ ਪਰਾਲੀ ਦਾ ਨਿਪਟਾਰਾ ਨਹੀਂ ਕਰ ਸਕਦੇ। ਅਜਿਹੇ 'ਚ ਕਿਸਾਨਾਂ ਕੋਲ ਪਰਾਲੀ ਨੂੰ ਅੱਗ ਲਗਾਉਣ ਦੇ ਸਿਵਾਏ ਹੋਰ ਕੋਈ ਚਾਰਾ ਨਹੀਂ ਬਚਦਾ। 
ਕੀ ਕਹਿੰਦੇ ਹਨ ਅਧਿਕਾਰੀ?
ਐੱਸ. ਡੀ. ਐੱਮ. ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪ੍ਰਸ਼ਾਸਨਿਕ ਟੀਮਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਖਿਲਾਫ ਵੀ ਨਿਯਮਾਂ ਦੇ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਜਦੋਂਕਿ ਜਿਨ੍ਹਾਂ ਕਿਸਾਨਾਂ ਨੇ ਨਾੜ ਨੂੰ ਹਾਲੇ ਅੱਗ ਨਹੀਂ ਲਗਾਈ ਹੈ, ਉਨ੍ਹਾਂ ਨੂੰ ਮੌਕੇ 'ਤੇ ਪਹੁੰਚ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਮੁਆਵਜ਼ੇ ਸੰਬੰਧੀ ਅਜੇ ਕੋਈ ਸੂਚਨਾ ਨਹੀਂ ਆਈ ਹੈ ਪਰ ਇਸ ਦੇ ਬਾਵਜੂਦ ਟੀਮਾਂ ਆਪਣਾ ਕੰਮ ਮਿਹਨਤ ਨਾਲ ਕਰ ਰਹੀਆਂ ਹਨ, ਜਿਸ ਦੇ ਚੰਗੇ ਨਤੀਜੇ ਵੀ ਸਾਹਮਣੇ ਆ ਰਹੇ ਹਨ। 
ਪ੍ਰਦੂਸ਼ਣ ਦੀ ਮਾਤਰਾ ਵਿਚ ਭਾਰੀ ਵਾਧਾ
ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪ੍ਰਦੂਸ਼ਣ ਦੇ ਪਿਛਲੇ 10 ਦਿਨਾਂ ਦੇ ਅੰਕੜਿਆਂ 'ਤੇ ਨਜ਼ਰ ਮਾਰਨ 'ਤੇ ਪਤਾ ਚਲਦਾ ਹੈ ਕਿ ਪਰਾਲੀ ਅਤੇ ਦੀਵਾਲੀ ਤੋਂ ਪੈਦਾ ਗੈਸਾਂ ਦੀ ਮਿਕਦਾਰ ਵਿਚ ਭਾਰੀ ਮਾਤਰਾ ਵਿਚ ਵਾਧਾ ਦਰਜ ਕੀਤਾ ਗਿਆ ਹੈ। ਬੋਰਡ ਦੇ ਅਨੁਸਾਰ ਹਵਾ ਵਿਚ ਪ੍ਰਦੂਸ਼ਣ ਦੇ ਬਰੀਕ ਕਣਾਂ ਦੀ ਮਾਤਰਾ 100 ਦੀ ਨਿਰਧਾਰਿਤ ਸੀਮਾ ਤੋਂ ਵਧ ਕੇ 329 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਹੋ ਗਈ ਹੈ ਜਦੋਂÎਕਿ ਬਰੀਕ ਕਣਾਂ ਦੀ ਮਾਤਰਾ 60 ਦੀ ਨਿਰਧਾਰਿਤ ਸੀਮਾ ਤੋਂ ਵਧ ਕੇ 166 'ਤੇ ਪਹੁੰਚ ਗਈ ਹੈ। ਇਕ ਟਨ ਪਰਾਲੀ ਸਾੜਨ ਨਾਲ ਇਸ 'ਚੋਂ 3 ਕਿਲੋ ਧੂੜ ਕਣ, 60 ਕਿਲੋ ਕਾਰਬਨ ਮੋਨੋਆਕਸਾਈਡ, 1460 ਕਿਲੋ ਕਾਰਬਨ ਡਾਇਆਕਸਾਈਡ ਤੇ 2 ਕਿਲੋ ਸਲਫਰ ਡਾਇਆਕਸਾਈਡ ਗੈਸ ਨਿਕਲਦੀ ਹੈ ਜਦੋਂਕਿ ਪੰਜਾਬ 'ਚ ਕਰੀਬ 130 ਲੱਖ ਟਨ ਪਰਾਲੀ ਨੂੰ ਸਾੜਿਆ ਜਾਂਦਾ ਹੈ, ਜਿਸ ਨਾਲ ਫੈਲਣ ਵਾਲੇ ਪ੍ਰਦੂਸ਼ਣ ਦਾ ਅੰਦਾਜ਼ਾ ਆਸਾਨੀ ਨਾਲ ਲਾਇਆ ਜਾ ਸਕਦਾ ਹੈ।


Related News