ਸਿਆਸਤ-ਏ-ਕਾਂਗਰਸ : ਮਾਲਵਾ ਬਨਾਮ ਮਾਝਾ ਲਾਬੀ ਵਿਚ ਫਸੇ ਕੈਪਟਨ

09/23/2017 5:52:47 AM

ਜਲੰਧਰ(ਰਵਿੰਦਰ ਸ਼ਰਮਾ)—ਸਰਕਾਰ ਬਣਨ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਸਭ ਕੁਝ ਚੰਗਾ ਨਹੀਂ ਚੱਲ ਰਿਹਾ। ਪਾਰਟੀ ਅੰਦਰ ਧੜੇਬਾਜ਼ੀ ਲਗਾਤਾਰ ਹਾਵੀ ਹੋ ਰਹੀ ਹੈ ਤੇ ਵਿਧਾਇਕਾਂ ਵਿਚ ਇਸ ਗੱਲ ਦਾ ਰੋਸ ਹੈ ਕਿ ਮੁੱਖ ਮੰਤਰੀ ਦਰਬਾਰ ਵਿਚ ਉਨ੍ਹਾਂ ਦੀ ਕੋਈ ਨਹੀਂ ਸੁਣਦਾ। ਹੁਣ ਤਾਂ ਵਿਧਾਇਕਾਂ ਨੇ ਵੀ ਮੁੱਖ ਮੰਤਰੀ ਦੇ ਖਿਲਾਫ ਆਪਣੇ ਸੁਰ ਤੇਜ਼ ਕਰਨੇ ਸ਼ੁਰੂ ਕਰ ਦਿੱਤੇ ਹਨ। ਵਿਧਾਇਕਾਂ ਵਲੋਂ ਮੁੱਖ ਮੰਤਰੀ 'ਤੇ ਇਸ ਗੱਲ ਦਾ ਦਬਾਅ ਸਭ ਤੋਂ ਜ਼ਿਆਦਾ ਹੈ ਕਿ ਅਕਾਲੀ ਆਗੂ ਬਿਕਰਮ ਮਜੀਠੀਆ ਖਿਲਾਫ ਕਾਰਵਾਈ ਕੀਤੀ ਜਾਵੇ। ਮਜੀਠੀਆ ਦੇ ਖਿਲਾਫ ਕਾਰਵਾਈ ਹੋਵੇ ਜਾਂ ਨਾ, ਇਸ ਨੂੰ ਲੈ ਕੇ ਵੀ ਪਾਰਟੀ ਅੰਦਰ ਦੋ ਧੜੇ ਬਣ ਗਏ ਹਨ। ਇਕ ਮਾਲਵਾ ਲਾਬੀ ਹੈ ਤੇ ਦੂਜੀ ਲਾਬੀ ਮਾਝਾ ਤੋਂ ਹੈ। ਮਾਝਾ ਦੀ ਲਾਬੀ ਇਸ ਗੱਲ ਦੇ ਹੱਕ ਵਿਚ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੁਰੰਤ ਪ੍ਰਭਾਵ ਨਾਲ ਮਜੀਠੀਆ ਦੇ ਖਿਲਾਫ ਐਕਸ਼ਨ ਲਵੇ ਤਾਂ ਜੋ ਚੋਣਾਂ ਦੌਰਾਨ ਜਨਤਾ ਨਾਲ ਜੋ ਵਾਅਦੇ ਕਾਂਗਰਸ ਨੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾ ਸਕੇ। ਨਸ਼ੇ ਖਿਲਾਫ ਕਾਂਗਰਸ ਦੀ ਮੁਹਿੰਮ ਨੂੰ ਇਸ ਨਾਲ ਬਲ ਮਿਲੇਗਾ ਤੇ ਅਕਾਲੀ ਦਲ ਸੂਬੇ ਵਿਚ ਕਮਜ਼ੋਰ ਹੋਵੇਗਾ। ਇਸ ਗੱਲ ਨੂੰ ਲੈ ਕੇ ਮਾਝਾ ਦੇ ਵਿਧਾਇਕ ਸੁਖਜਿੰਦਰ ਰੰਧਾਵਾ, ਸੁੱਖ ਸਰਕਾਰੀਆ ਤੇ ਲਾਲੀ ਮਜੀਠੀਆ ਤੁਰੰਤ ਪ੍ਰਭਾਵ ਨਾਲ ਬਿਕਰਮ ਮਜੀਠੀਆ ਦੇ ਖਿਲਾਫ ਕਾਰਵਾਈ ਨੂੰ ਉਤਾਵਲੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਉਹ ਨਸ਼ੇ ਤੇ ਬਿਕਰਮ ਮਜੀਠੀਆ ਦੇ ਖਿਲਾਫ ਕਾਰਵਾਈ ਦਾ ਵਾਅਦਾ ਕਰ ਕੇ ਵਿਧਾਇਕ ਬਣ ਕੇ ਆਏ ਹਨ। ਅਜਿਹੇ ਵਿਚ ਜੇਕਰ ਹੁਣ ਬਿਕਰਮ ਮਜੀਠੀਆ ਦੇ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹ ਜਨਤਾ ਦਾ ਵਿਸ਼ਵਾਸ ਗੁਆ ਦੇਣਗੇ। ਇਸ ਨਾਲ ਨਾ ਸਿਰਫ ਉਨ੍ਹਾਂ ਨੂੰ ਨੁਕਸਾਨ ਹੋਵੇਗਾ, ਸਗੋਂ ਆਉਣ ਵਾਲੇ ਸਮੇਂ ਵਿਚ ਮਾਝਾ ਤੋਂ ਪਾਰਟੀ ਦਾ ਸਫਾਇਆ ਵੀ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਵਾਰ ਹਲਕੇ ਤੋਂ ਕਾਫੀ ਵਿਧਾਇਕ ਚੁਣ ਕੇ ਆਏ ਹਨ ਤੇ ਇਨ੍ਹਾਂ ਵਿਧਾਇਕਾਂ ਨੇ ਸਰਕਾਰ ਬਣਨ ਵਿਚ ਅਹਿਮ ਰੋਲ ਅਦਾ ਕੀਤਾ ਹੈ। ਮਾਝਾ ਤੇ ਮਾਲਵਾ ਦੇ ਤਕਰੀਬਨ 40 ਵਿਧਾਇਕਾਂ ਨੇ ਤਾਂ ਬਾਕਾਇਦਾ ਚਿੱਠੀ ਲਿਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਮਜੀਠੀਆ ਦੇ ਖਿਲਾਫ ਤੁਰੰਤ ਪ੍ਰਭਾਵ ਨਾਲ ਕਾਰਵਾਈ ਨੂੰ ਲਿਖਿਆ ਹੈ ਪਰ ਅਜੇ ਤੱਕ ਸਰਕਾਰ ਨੇ ਇਸ ਮਾਮਲੇ ਵਿਚ ਚੁੱਪ ਵੱਟੀ ਹੋਈ ਹੈ। ਦੂਜੇ ਪਾਸੇ ਮਾਲਵਾ ਦੀ ਕਾਂਗਰਸੀ ਲਾਬੀ ਨਹੀਂ ਚਾਹੁੰਦੀ ਕਿ ਮਜੀਠੀਆ ਦੇ ਖਿਲਾਫ ਕਾਰਵਾਈ ਹੋਵੇ। ਇਹ ਲਾਬੀ ਕੈਪਟਨ 'ਤੇ ਕਾਰਵਾਈ ਨਾ ਕਰਨ ਦਾ ਦਬਾਅ ਬਣਾ ਰਹੀ ਹੈ। ਇਹ ਉਹ ਲਾਬੀ ਹੈ, ਜਿਨ੍ਹਾਂ ਦੇ ਅਕਾਲੀ ਸਰਕਾਰ ਵਿਚ ਵੀ ਅਕਾਲੀਆਂ ਨਾਲ ਚੰਗੇ ਸੰਬੰਧ ਰਹੇ ਤੇ ਉਹ ਨਹੀਂ ਚਾਹੁੰਦੇ ਕਿ ਮਜੀਠੀਆ ਦੇ ਖਿਲਾਫ ਕਿਸੇ ਤਰ੍ਹਾਂ ਦੀ ਕਾਰਵਾਈ ਹੋਵੇ। ਇਹ ਲਾਬੀ ਕੈਪਟਨ 'ਤੇ ਬਦਲੇ ਦੀ ਰਾਜਨੀਤੀ ਤੋਂ ਦੂਰ ਰਹਿਣ ਦਾ ਦਬਾਅ ਬਣਾ ਰਹੀ ਹੈ ਤੇ ਇਹ ਮੈਸੇਜ ਦੇ ਰਹੀ ਹੈ ਕਿ ਇਸ ਨਾਲ ਕਾਂਗਰਸ ਦਾ ਨੁਕਸਾਨ ਹੋਵੇਗਾ। ਕੈਪਟਨ ਖੁਦ ਮਜੀਠੀਆ ਦੇ ਖਿਲਾਫ ਕਾਰਵਾਈ ਦੇ ਪੱਖ ਵਿਚ ਨਜ਼ਰ ਨਹੀਂ ਆ ਰਹੇ। ਅਕਾਲੀ ਸਰਕਾਰ ਵੇਲੇ ਜਦੋਂ ਪੂਰੇ ਸੂਬੇ ਵਿਚ ਕਾਂਗਰਸੀਆਂ ਨੇ ਮਜੀਠੀਆ ਦੇ ਖਿਲਾਫ ਹੱਲਾ ਬੋਲਿਆ ਸੀ ਤਾਂ ਕੈਪਟਨ ਨੇ ਇਹ ਕਹਿ ਪੂਰੀ ਮੁਹਿੰਮ ਨੂੰ ਹੀ ਠੰਡਾ ਕਰ ਦਿੱਤਾ ਸੀ ਕਿ ਨਸ਼ਿਆਂ ਦੇ ਮਾਮਲੇ ਵਿਚ ਸੀ. ਬੀ. ਆਈ. ਜਾਂਚ ਦੀ ਕੋਈ ਲੋੜ ਨਹੀਂ ਹੈ। ਗੱਲ ਭਾਵੇਂ ਜੋ ਵੀ ਹੋਵੇ ਕੈਪਟਨ ਪੂਰੀ ਤਰ੍ਹਾਂ ਮਾਝਾ ਤੇ ਮਾਲਵਾ ਦੀ ਲਾਬੀ ਵਿਚਾਲੇ ਪਿਸਦੇ ਨਜ਼ਰ ਆ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿਚ ਕੈਪਟਨ ਦਾ ਮਜੀਠੀਆ ਪ੍ਰਤੀ ਕੀ ਰੁਖ ਰਹਿੰਦਾ ਹੈ।


Related News