ਬਠਿੰਡਾ ਅਤੇ ਫਿਰੋਜ਼ਪੁਰ ਸੀਟਾਂ ਲਈ ਕਾਂਗਰਸ ''ਚ 3-3 ਨੇਤਾਵਾਂ ਦੇ ਨਾਵਾਂ ਦੇ ਪੈਨਲ
Saturday, Apr 13, 2019 - 02:08 PM (IST)

ਜਲੰਧਰ (ਧਵਨ) : ਪੰਜਾਬ 'ਚ ਕਾਂਗਰਸ ਵਲੋਂ ਕੁਲ 13 ਲੋਕ ਸਭਾ ਸੀਟਾਂ 'ਚ ਆਪਣੀਆਂ 11 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਜਦਕਿ ਬਠਿੰਡਾ ਅਤੇ ਫਿਰੋਜ਼ਪੁਰ ਸੀਟਾਂ 'ਤੇ ਕਾਂਗਰਸ ਉਮੀਦਵਾਰਾਂ ਦਾ ਐਲਾਨ ਫਿਲਹਾਲ ਪੈਂਡਿੰਗ ਪਿਆ ਹੋਇਆ ਹੈ। ਕਾਂਗਰਸ ਸੂਤਰਾਂ ਨੇ ਦੱਸਿਆ ਕਿ ਪਾਰਟੀ ਲੀਡਰਸ਼ਿਪ ਨੇ ਇਨ੍ਹਾਂ ਦੋਹਾਂ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਇਸ ਲਈ ਰੋਕਿਆ ਹੈ ਤਾਂ ਕਿ ਪਹਿਲਾਂ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਲੈ ਕੇ ਸਥਿਤੀ ਸਾਫ ਹੋ ਜਾਵੇ। ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਅਕਾਲੀ ਦਲ ਨੂੰ ਵੱਖ-ਵੱਖ ਸੀਟਾਂ 'ਤੇ ਘੇਰਨ ਦੀ ਰਚਨਾ ਤਿਆਰ ਕਰਨ 'ਚ ਲੱਗੇ ਹੋਏ ਹਨ। ਉਹ ਅਕਾਲੀ ਦਲ ਨੂੰ ਉਨ੍ਹਾਂ ਦੀਆਂ ਸੀਟਾਂ 'ਤੇ ਬੰਨ੍ਹ ਦੇਣਾ ਚਾਹੁੰਦੇ ਹਨ। ਇਸੇ ਲਈ ਕਾਂਗਰਸ ਉਮੀਦਵਾਰਾਂ ਦੀ ਚੋਣ ਅਜੇ ਤੱਕ ਕੀਤੀ ਨਹੀਂ ਜਾ ਸਕੀ ਹੈ।
ਕਾਂਗਰਸ ਸੂਤਰਾਂ ਨੇ ਕਿਹਾ ਕਿ ਬਠਿੰਡਾ ਅਤੇ ਫਿਰੋਜ਼ਪੁਰ ਦੋਵਾਂ ਲੋਕ ਸਭਾ ਸੀਟਾਂ ਲਈ ਕਾਂਗਰਸ ਨੇ ਫਿਲਹਾਲ ਤਿੰਨ ਨਾਵਾਂ ਦਾ ਪੈਨਲ ਤਿਆਰ ਕੀਤਾ ਹੋਇਆ ਹੈ। ਇਨ੍ਹਾਂ 6 ਨਾਵਾਂ 'ਚੋਂ ਹੀ ਇਨ੍ਹਾਂ ਦੋਹਾਂ ਵੀ. ਵੀ. ਆਈ. ਪੀ. ਸੀਟਾਂ 'ਤੇ ਕਾਂਗਰਸ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਬਠਿੰਡਾ ਲੋਕ ਸਭਾ ਸੀਟ ਤੋਂ ਅਕਾਲੀ ਦਲ ਵਲੋਂ ਹਰਸਿਮਰਤ ਕੌਰ ਬਾਦਲ ਦੇ ਚੋਣ ਮੈਦਾਨ 'ਚ ਉਤਰਨ ਦੇ ਆਸਾਰ ਹਨ। ਦੂਸਰੇ ਪਾਸੇ ਕਾਂਗਰਸ ਵਲੋਂ ਤਿੰਨ ਮਜ਼ਬੂਤ ਨਾਵਾਂ 'ਚ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਵਿਧਾਇਕਾਂ ਡਾ. ਨਵਜੋਤ ਕੌਰ ਸਿੱਧੂ ਅਤੇ ਕਾਂਗਰਸ ਵਿਧਾਇਕ ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਂ ਵਿਚਾਰ ਅਧੀਨ ਦੱਸਿਆ ਜਾਂਦਾ ਹੈ। ਇਨ੍ਹਾਂ ਤਿੰਨਾਂ ਨਾਵਾਂ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸਾਹਮਣੇ ਚਰਚਾ ਵੀ ਹੋਈ ਸੀ। ਨਵਜੋਤ ਕੌਰ ਅਤੇ ਮਨਪ੍ਰੀਤ ਨੇ ਚੋਣ ਲੜਨ 'ਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਹੈ ਅਤੇ ਨਾਲ ਹੀ ਮਨਪ੍ਰੀਤ ਨੇ ਇਹ ਵੀ ਕਿਹਾ ਹੈ ਕਿ ਜੇਕਰ ਪਾਰਟੀ ਦਾ ਕੋਈ ਹੁਕਮ ਹੋਵੇਗਾ ਤਾਂ ਉਸ ਨੂੰ ਮੰਨਣ ਲਈ ਪਾਬੰਦ ਹੋਣਗੇ। ਫਿਰੋਜ਼ਪੁਰ ਲੋਕ ਸਭਾ ਸੀਟ ਲਈ ਤਿੰਨ ਪ੍ਰਮੁੱਖ ਨਾਵਾਂ 'ਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਮੌਜੂਦਾ ਸ਼ੰਕਰ ਸ਼ੇਰ ਸਿੰਘ ਘੁਬਾਇਆ ਅਤੇ ਰਮਿੰਦਰ ਸਿੰਘ ਆਵਲਾ ਦੇ ਨਾਮ ਵਿਚਾਰ ਅਧੀਨ ਦੱਸੇ ਜਾ ਰਹੇ ਹਨ।
ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਅਤੇ ਹੋਰ ਨੇਤਾਵਾਂ ਦੀ ਬੈਠਕ ਅਗਲੇ ਹਫਤੇ ਦੇ ਅੱਧ ਤੋਂ ਬਾਅਦ ਹੀ ਹੋਣ ਦੇ ਆਸਾਰ ਹਨ। ਇਨ੍ਹਾਂ ਦੋਵਾਂ ਸੀਟਾਂ ਨੂੰ ਲੈ ਕੇ ਦੁਚਿੱਤੀ ਦੀ ਸਥਿਤੀ ਚੱਲ ਰਹੀ ਹੈ। ਕੈਪਟਨ ਅਤੇ ਜਾਖੜ ਦੋਵਾਂ ਨੇ ਦੋਵਾਂ ਸੀਟਾਂ 'ਤੇ ਮਜ਼ਬੂਤ ਉਮੀਦਵਾਰਾਂ ਦੇ ਨਾਂ ਆਪਣੇ ਮਨਾਂ 'ਚ ਬਿਠਾਏ ਹੋਏ ਹਨ ਪਰ ਅਜੇ ਉਨ੍ਹਾਂ ਦਾ ਖੁਲਾਸਾ ਨਹੀਂ ਕੀਤਾ ਜਾ ਰਿਹਾ ਹੈ।
ਫੋਟੋ ਨੰ. 12 ਧਵਨ 1