ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ਲਈ ਕੈਪਟਨ ਅਮਰਿੰਦਰ ਨੇ ਨਾਮਜ਼ਦਗੀ-ਪੱਤਰਾਂ ''ਤੇ ਦਸਤਖਤ ਕੀਤੇ
Monday, Dec 04, 2017 - 04:36 AM (IST)
ਚੰਡੀਗੜ੍ਹ/ਜਲੰਧਰ (ਧਵਨ) - ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਰਾਸ਼ਟਰੀ ਪ੍ਰਧਾਨ ਬਣਾਉਣ ਲਈ ਅੱਜ ਨਾਮਜ਼ਦਗੀ-ਪੱਤਰਾਂ 'ਤੇ ਦਸਤਖਤ ਕਰਦਿਆਂ ਕਿਹਾ ਕਿ ਇਸ ਨਾਲ ਭਵਿੱਖ 'ਚ ਪਾਰਟੀ ਹੋਰ ਮਜ਼ਬੂਤ ਹੋ ਕੇ ਉਭਰੇਗੀ। ਰਾਹੁਲ ਨੂੰ ਪ੍ਰਧਾਨਗੀ ਅਹੁਦੇ ਵੱਲ ਵਧਦੇ ਦੇਖ ਕੈਪਟਨ ਨੇ ਕਿਹਾ ਕਿ ਇਸ ਕਦਮ ਤੋਂ ਉਹ ਬਹੁਤ ਖੁਸ਼ ਹਨ ਕਿਉਂਕਿ ਕਾਂਗਰਸ ਦੇ ਕੌਮੀ ਉਪ ਪ੍ਰਧਾਨ ਪਾਰਟੀ 'ਚ ਸਰਵਉੱਚ ਅਹੁਦਾ ਹਾਸਲ ਕਰਨ ਜਾ ਰਹੇ ਹਨ। ਰਾਹੁਲ ਪੂਰੀ ਤਰ੍ਹਾਂ ਪ੍ਰਪੱਕ ਹੋ ਚੁੱਕੇ ਹਨ ਅਤੇ ਉਹ ਆਪਣੀ ਛਾਪ ਦੇਸ਼-ਵਿਦੇਸ਼ 'ਚ ਛੱਡ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਸਾਰੇ ਕਾਂਗਰਸੀਆਂ ਵਲੋਂ ਸਰਬਸੰਮਤੀ ਨਾਲ ਰਾਹੁਲ ਨੂੰ ਉੱਚ ਅਹੁਦਾ ਦੇਣ ਦਾ ਪ੍ਰਸਤਾਵ ਰੱਖਣਾ ਇਕ ਚੰਗਾ ਕਦਮ ਹੈ ਅਤੇ ਇਸ ਨਾਲ ਪਾਰਟੀ ਦੀ ਏਕਤਾ ਦਾ ਵੀ ਪਤਾ ਲੱਗਦਾ ਹੈ। ਰਾਹੁਲ ਗਾਂਧੀ ਨੇ ਆਪਣੀ ਸਮਰੱਥਾ ਦੀ ਪਛਾਣ ਗੁਜਰਾਤ ਚੋਣਾਂ 'ਚ ਵੀ ਦਿਖਾ ਦਿੱਤੀ ਹੈ। ਰਾਹੁਲ ਨੂੰ ਭੇਜੀਆਂ ਸ਼ੁਭਕਾਮਨਾਵਾਂ 'ਚ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ 2019 'ਚ ਕਾਂਗਰਸ ਰਾਹੁਲ ਦੀ ਅਗਵਾਈ 'ਚ ਕੇਂਦਰ 'ਚ ਕਾਬਜ਼ ਹੋਵੇਗੀ।
