ਜਿਸ ਤਰ੍ਹਾਂ ਮੈਂ ਆਪਣੇ ਪਰਿਵਾਰ ਨਾਲ ਖੜ੍ਹੀ, ਪਟਿਆਲਵੀ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਖੜ੍ਹਣਗੇ : ਪ੍ਰਨੀਤ ਕੌਰ

Friday, Feb 18, 2022 - 11:04 AM (IST)

ਜਿਸ ਤਰ੍ਹਾਂ ਮੈਂ ਆਪਣੇ ਪਰਿਵਾਰ ਨਾਲ ਖੜ੍ਹੀ, ਪਟਿਆਲਵੀ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਖੜ੍ਹਣਗੇ : ਪ੍ਰਨੀਤ ਕੌਰ

ਪਟਿਆਲਾ (ਰਾਜੇਸ਼ ਪੰਜੌਲਾ) : ਪਟਿਆਲਾ ਦੀ ਐੱਮ. ਪੀ. ਅਤੇ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਬੇਸ਼ੱਕ ਕਾਂਗਰਸ ਪਾਰਟੀ ਤੋਂ ਐੱਮ. ਪੀ. ਹਨ ਪਰ ਉਹ ਇਸ ਵਾਰ ਖੁੱਲ੍ਹ ਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਗਠਜੋੜ ਦੇ ਹੱਕ ’ਚ ਖੜ੍ਹ ਗਏ ਹਨ। ਪਾਰਟੀ ਦੀ ਪ੍ਰਵਾਹ ਕੀਤੇ ਬਿਨਾਂ ਉਹ ਡਟ ਕੇ ਪਟਿਆਲਵੀਆਂ ਤੋਂ ਕੈ. ਅਮਰਿੰਦਰ ਸਿੰਘ ਲਈ ਵੋਟ ਮੰਗ ਰਹੇ ਹਨ। ਮਹਾਰਾਣੀ ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਮੈਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਪਰਿਵਾਰ ਨਾਲ ਖੜ੍ਹਗਈ ਹਾਂ, ਉਸੇ ਤਰ੍ਹਾਂ ਪਟਿਆਲਵੀ ਵੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨਾਲ ਖੜ੍ਹਣਗੇ ਕਿਉਂਕਿ ਪਟਿਆਲਾ ਇਕ ਪਰਿਵਾਰ ਹੈ। ਕੈਪਟਨ ਅਮਰਿੰਦਰ ਸਿੰਘ ਇਸ ਪਰਿਵਾਰ ਦੇ ਮੁਖੀ ਹਨ। ਹੁਣ ਤੱਕ ਜਿੰਨੀਆਂ ਵੀ ਚੋਣਾਂ ਕੈਪਟਨ ਅਤੇ ਮੈਂ ਲੜੀਆਂ, ਉਹ ਪਟਿਆਲਾ ਦੇ ਲੋਕਾਂ ਵੱਲੋਂ ਖੁੱਦ ਲੜੀਆਂ ਗਈਆਂ। ਪਟਿਆਲਵੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੈਪਟਨ ਸਾਹਿਬ ਅਤੇ ਮੈਨੂੰ ਜਿਤਾਇਆ। ਇਸ ਵਾਰ ਵੀ ਪਟਿਆਲਵੀ ਕੈਪਟਨ ਸਾਹਿਬ ਨਾਲ ਡਟ ਕੇ ਖੜ੍ਹੇ ਹਨ। ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਉਤਾਰ ਕੇ ਪਟਿਆਲਵੀਆਂ ਦਾ ਅਪਮਾਨ ਕੀਤਾ ਹੈ। ਉਸ ਅਪਮਾਨ ਦਾ ਬਦਲਾ ਪਟਿਆਲਾ ਦੇ ਲੋਕ ਕੈਪਟਨ ਸਾਹਿਬ ਨੂੰ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿਤਾ ਕੇ ਕਾਂਗਰਸ ਪਾਰਟੀ ਤੋਂ ਲੈਣਗੇ।

ਸਵਾਲ : ਪਟਿਆਲਵੀ ਕੈਪਟਨ ਸਾਹਿਬ ਵੱਲੋਂ ਬਣਾਈ ਗਈ ਇਕ ਨਵੀਂ ਪਾਰਟੀ ਨੂੰ ਵੋਟ ਪਾ ਕੇ ਨਵਾਂ ਤਜ਼ਰਬਾ ਕਿਉਂ ਕਰਨ?
ਜਵਾਬ : ਕੈਪਟਨ ਸਾਹਿਬ ਨੇ ਪਾਰਟੀ ਨਵੀਂ ਬਣਾਈ ਹੈ ਪਰ ਕੈਪਟਨ ਸਾਹਿਬ ਤਾਂ ਪੁਰਾਣੇ ਹੀ ਹਨ। ਪਟਿਆਲਾ ਦੇ ਲੋਕ ਸਾਡੇ ਪਰਿਵਾਰ ਨਾਲ ਦਿਲੀ ਤੌਰ ’ਤੇ ਜੁੜੇ ਹੋਏ ਹਨ। ਲੋਕਾਂ ਨੇ ਵੋਟ ਪਾਰਟੀ ਨੂੰ ਨਹੀਂ, ਸਗੋਂ ਕੈਪਟਨ ਅਮਰਿੰਦਰ ਸਿੰਘ ਦੀ ਸ਼ਖਸੀਅਤ ਨੂੰ ਪਾਉਣੀ ਹੈ। ਮੈਂ ਦਿਨ-ਰਾਤ ਲੋਕਾਂ ’ਚ ਵਿਚਰਦੀ ਹਾਂ। ਲੋਕ ਸਾਡੇ ਪਰਿਵਾਰ ਨੂੰ ਬੇਹੱਦ ਪਿਆਰ ਦਿੰਦੇ ਹਨ। ਇਸ ਲਈ ਪਟਿਆਲਵੀ ਕੋਈ ਤਜ਼ਰਬਾ ਨਹੀਂ ਕਰ ਰਹੇ, ਜੋ ਉਨ੍ਹਾਂ 1999 ਤੋਂ ਲੈ ਕੇ ਹੁਣ ਤੱਕ ਕੀਤਾ ਹੈ। 2022 ਵਿਚ ਵੀ ਉਹੀ ਕਰਨਗੇ। 2014 ਦੀ ਸੰਸਦੀ ਚੋਣ ’ਚ ਬੇਸ਼ੱਕ ਮੈਂ ਚੋਣ ਹਾਰ ਗਈ ਸੀ ਪਰ ਪਟਿਆਲਾ ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਫਿਰ ਮੈਨੂੰ ਲੀਡ ਦਿੱਤੀ ਸੀ। 2019 ਦੀ ਲੋਕ ਸਭਾ ਚੋਣ ਤੋਂ 3 ਮਹੀਨੇ ਬਾਅਦ ਹੀ ਪਟਿਆਲਾ ਵਿਧਾਨ ਸਭਾ ਦੀ ਉਪ ਚੋਣ ਹੋਈ ਸੀ, ਉਸ ਚੋਣ ’ਚ ਪਟਿਆਲਵੀਆਂ ਨੇ ਹੀ ਮੈਨੂੰ 25 ਹਜ਼ਾਰ ਤੋਂ ਵੱਧ ਲੀਡ ਨਾਲ ਜਿਤਾਇਆ ਸੀ। ਪਟਿਆਲਵੀਆਂ ਨੇ ਕਦੇ ਵੀ ਸਾਨੂੰ ਨਿਰਾਸ਼ ਨਹੀਂ ਕੀਤਾ ਅਤੇ ਹਮੇਸ਼ਾ ਹੀ ਮੇਰੇ ਪਰਿਵਾਰ ਨਾਲ ਖਡ਼੍ਹੇ ਹਨ। ਕੈਪਟਨ ਅਮਰਿੰਦਰ ਸਿੰਘ ਸਮੁੱਚੇ ਪਟਿਆਲਵੀਆਂ ਨੂੰ ਇਕ ਪਰਿਵਾਰ ਮੰਨਦੇ ਹਨ। ਲੋਕ ਹੀ ਕੈਪਟਨ ਸਾਹਿਬ ਦੀ ਇਲੈਕਸ਼ਨ ਲੜਦੇ ਹਨ। ਇਸ ਵਾਰ ਵੀ ਲੋਕ ਹੀ ਲੜਨਗੇ।

ਸਵਾਲ : ਤੁਹਾਡਾ ਮੁੱਖ ਫੋਕਸ ਡਬਲ ਇੰਜਨ ਸਰਕਾਰ ਦੇ ਨਾਅਰੇ ’ਤੇ ਹੈ, ਇਸ ਦਾ ਕੀ ਲਾਭ ਮਿਲਣਾ ਹੈ?
ਜਵਾਬ : ਡਬਲ ਇੰਜਨ ਤੋਂ ਭਾਵ, ਕੇਂਦਰ ਸਰਕਾਰ ਅਤੇ ਸੂਬੇ ਦੀ ਪੰਜਾਬ ਸਰਕਾਰ ਵੱਲੋਂ ਮਿਲ ਕੇ ਸੂਬੇ ਦਾ ਵਿਕਾਸ ਕਰਨਾ ਹੈ। ਪੰਜਾਬ ਕੋਲ ਇੰਨੇ ਆਰਥਿਕ ਸਾਧਨ ਨਹੀਂ ਕਿ ਪੰਜਾਬ ਸਰਕਾਰ ਆਪਣੇ ਪੱਧਰ ’ਤੇ ਵਿਕਾਸ ਪ੍ਰਾਜੈਕਟ ਪੂਰੇ ਕਰ ਸਕੇ। ਇਸ ਲਈ ਪੰਜਾਬ ਨੂੰ ਹਰ ਹਾਲਤ ’ਚ ਕੇਂਦਰ ਦੀ ਸਹਾਇਤਾ ਦੀ ਜ਼ਰੂਰਤ ਹੈ। ਕੈ. ਅਮਰਿੰਦਰ ਸਿੰਘ ਨੇ ਆਪਣੀ ਦੂਰਦਰਸ਼ੀ ਸੋਚ ਰਾਹੀਂ ਭਾਜਪਾ ਨਾਲ ਗਠਜੋੜ ਕੀਤਾ ਤਾਂ ਕਿ ਪੰਜਾਬ ਨੂੰ ਕੇਂਦਰ ਦੇ ਇੰਜਨ ਅਤੇ ਪੰਜਾਬ ’ਚ ਨਵੀਂ ਬਣਨ ਵਾਲੀ ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਸਰਕਾਰ ਦਾ ਇੰਜਨ ਦਾ ਲਾਭ ਮਿਲ ਸਕੇ। ਜੇਕਰ ਕੇਂਦਰ ਅਤੇ ਪੰਜਾਬ ਸਰਕਾਰ ਭਾਜਪਾ ਗਠਜੋੜ ਨਾਲ ਸਬੰਧਤ ਹੋਣਗੀਆਂ ਤਾਂ ਸੂਬੇ ਦਾ ਚਹੁੰ-ਪੱਖੀ ਵਿਕਾਸ ਹੋਵੇਗਾ।

ਸਵਾਲ : ਇਸ ਵਾਰ ਬਹੁ-ਕੋਣੀ ਮੁਕਾਬਲੇ ਦਾ ਲਾਭ ਕਿਸ ਨੂੰ ਮਿਲੇਗਾ?
ਜਵਾਬ : ਪੰਜਾਬ ’ਚ ਪਹਿਲੀ ਵਾਰ ਬਹੁ-ਕੋਣੀ ਮੁਕਾਬਲਾ ਹੋ ਰਿਹਾ ਹੈ। ਮੈਂ ਪਿਛਲੇ 4-5 ਮਹੀਨਿਆਂ ਤੋਂ ਜਿਸ ਤਰ੍ਹਾਂ ਦਾ ਮਾਹੌਲ ਦੇਖ ਰਹੀ ਹਾਂ, ਉਸ ਤੋਂ ਲੱਗ ਰਿਹਾ ਹੈ ਕਿ ਇਸ ਵਾਰ ਪਟਿਆਲਾ ਤੋਂ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ। ਕੈਪਟਨ ਸਾਹਿਬ ਦੇ ਸਾਹਮਣੇ ਜੋ ਉਮੀਦਵਾਰ ਖੜ੍ਹੇ ਹੋਏ ਹਨ, ਉਨ੍ਹਾਂ ਦੀ ਪਟਿਆਲਾ ਅਤੇ ਪਟਿਆਲਵੀਆਂ ਨੂੰ ਕੋਈ ਦੇਣ ਨਹੀਂ ਹੈ। ਪਟਿਆਲਾ ਦਾ ਜੋ ਵੀ ਵਿਕਾਸ ਹੋਇਆ ਹੈ, ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਹੀ ਹੋਇਆ ਹੈ। ਪਟਿਆਲਾ ’ਚ 4 ਯੂਨੀਵਰਸਿਟੀਆਂ, ਡੀ. ਐੱਮ. ਡਬਲਿਊ., ਐੱਨ. ਆਈ. ਐੱਸ., ਐਸਕੋਰਟ ਫੈਕਟਰੀ ਬਹਾਦਰਗੜ੍ਹ ਸਮੇਤ ਹੋਰ ਕਈ ਵੱਡੇ ਪ੍ਰਾਜੈਕਟ ਕੈਪਟਨ ਹੀ ਲੈ ਕੇ ਆਏ। ਸ਼ਹਿਰ ਨੂੰ ਸੀਵਰੇਜ ਸਮੱਸਿਆ ਤੋਂ ਛੁਟਕਾਰਾ ਦਵਾਉਣ ਲਈ ਡੇਅਰੀ ਪ੍ਰਾਜੈਕਟ ਦਾ ਪਹਿਲਾ ਪੜਅ 22 ਕਰੋੜ ਰੁਪਏ ਖਰਚ ਕਰ ਕੇ ਪੂਰਾ ਕਰ ਲਿਆ ਗਿਆ ਹੈ। ਸ਼ਹਿਰ ਦੀਆਂ ਬਿਜਲੀ ਦੀਆਂ ਤਾਰਾਂ ਨੂੰ ਅੰਡਰਗਰਾਊਂਡ ਲਈ 40 ਕਰੋੜ ਦਾ ਪ੍ਰਾਜੈਕਟ ਚੱਲ ਰਿਹਾ ਹੈ। 31 ਕਰੋੜ ਨਾਲ 3 ਨਵੇਂ ਬਿਜਲੀ ਗਰਿੱਡ ਬਣਾਏ ਗਏ ਹਨ। 78 ਕਿਲੋਮੀਟਰ ਲੰਬੀਆਂ ਪਾਣੀ ਦੀਆਂ ਅਤੇ 68 ਕਿਲੋਮੀਟਰ ਸੀਵਰੇਜ ਦੀਆਂ ਲਾਈਨਾਂ ਪਾਈਆਂ ਗਈਆਂ ਹਨ। 209 ਕਰੋੜ ਰੁਪਏ ਖਰਚ ਕਰ ਕੇ 660 ਕਿਲੋਮੀਟਰ ਲੰਬੀਆਂ ਸੜਕਾਂ ਬਣਾਈਆਂ ਗਈਆਂ, ਸਵੱਛਤਾ ਸਰਵੇਖਣ ’ਚ ਪਟਿਆਲਾ ਨੂੰ ਨੰਬਰ 1 ਬਣਾਇਆ, 208.33 ਕਰੜ ਖਰਚ ਕਰ ਕੇ ਛੋਟੀ ਤੇ ਵੱਡੀ ਨਦੀ ਦਾ ਸੁੰਦਰੀਕਰਨ ਦਾ ਕੰਮ ਚੱਲ ਰਿਹਾ ਹੈ, ਨਹਿਰੀ ਪਾਣੀ ਦੀ ਸਪਲਾਈ ਵਾਲੇ ਪ੍ਰਾਜੈਕਟ ’ਤੇ 503 ਕਰੋੜ ਰੁਪਏ ਖਰਚ ਕੀਤੇ ਗਏ ਹਨ, 70 ਕਰੋੜ ਨਾਲ ਨਵਾਂ ਬੱਸ ਅੱਡਾ, ਰਜਿੰਦਰਾ ਲੇਕ ਦਾ ਨਵੀਨੀਕਰਨ ਕਰਵਾਇਆ ਗਿਆ। ਜੇਕਰ ਮੈਂ ਵਿਕਾਸ ਕਾਰਜਾਂ ਦੀ ਸਮੁੱਚੀ ਲਿਸਟ ਬਣਾਉਣ ਲੱਗ ਜਾਵਾਂ ਤਾਂ ‘ਜਗ ਬਾਣੀ’ ਦਾ ਪੂਰਾ ਅਖਬਾਰ ਹੀ ਭਰ ਜਾਵੇਗਾ। ਪਟਿਆਲਵੀਆਂ ਨੂੰ ਪਤਾ ਹੈ ਕਿ ਅਸੀਂ ਕਿੰਨਾ ਵਿਕਾਸ ਕਰਵਾਇਆ ਹੈ। ਇਸ ਲਈ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਵਾਂਗ ਇਤਿਹਾਸਕ ਲੀਡ ’ਤੇ ਜਿਤਾਉਣਗੇ। ਪਟਿਆਲਾ ’ਚ ਕੋਈ ਬਹੁ-ਕੋਣੀ ਮੁਕਾਬਲਾ ਨਹੀਂ। ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਜਿੱਤਣਗੇ।

ਸਵਾਲ : ਮਹਾਰਾਜਾ ਸਾਹਿਬ ਪਹਿਲਾਂ ਹੱਥ ਪੰਜੇ ’ਤੇ ਲੜਦੇ ਰਹੇ, ਇਸ ਵਾਰ ਵੋਟਰ ਨਵਾਂ ਚੋਣ ਨਿਸ਼ਾਨ ਹਾਕੀ ਸਟਿੱਕ ਕਾਰਨ ਭੰਬਲਭੂਸੇ ’ਚ ਹਨ?
ਜਵਾਬ : ਤੁਸੀਂ ਸਮਝਦਾਰ ਹੋ। ਪਟਿਆਲਾ ਦੇ ਲੋਕ ਸਭ ਤੋਂ ਵੱਧ ਪੜ੍ਹੇ ਲਿਖੇ ਹਨ। ਇਹ ਐਜੂਕੇਸ਼ਨ ਦਾ ਹੱਬ ਹੈ। 1997 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਟਿਆਲਾ ਤੋਂ ਕਾਂਗਰਸ ਦਾ ਹੱਥ ਪੰਜਾ ਹਾਰਿਆ ਸੀ। 1998 ਦੀ ਲੋਕ ਸਭਾ ਚੋਣ ’ਚ ਵੀ ਕਾਂਗਰਸ ਦਾ ਹੱਥ ਪੰਜਾ ਹਾਰਿਆ ਸੀ। ਲੋਕ ਉਮੀਦਵਾਰ ਨੂੰ ਦੇਖ ਕੇ ਵੋਟਾਂ ਪਾਉਂਦੇ ਹਨ। ਪਟਿਆਲਾ ਦੇ ਲੋਕ ਕੈਪਟਨ ਅਮਰਿੰਦਰ ਨੂੰ ਪਿਆਰ ਕਰਦੇ ਹਨ। ਸਭ ਨੂੰ ਪਤਾ ਹੈ ਕਿ ਕੈਪਟਨ ਦਾ ਚੋਣ ਨਿਸ਼ਾਨ ਇਸ ਵਾਰ ਹਾਕੀ ਸਟਿੱਕ ਅਤੇ ਬਾਲ ਹੈ। ਵਰਕਰਾਂ ਅਤੇ ਪਟਿਆਲਵੀਆਂ ਨੇ ਇਹ ਚੋਣ ਨਿਸ਼ਾਨ ਰਟ ਲਿਆ ਹੈ, ਜਿਸ ਕਰ ਕੇ ਇਸ ਤਰ੍ਹਾਂ ਦੇ ਭੰਬਲਭੂਸੇ ਦੀ ਕੋਈ ਚਿੰਤਾ ਨਹੀਂ ਹੈ। ਮੈਂ ਖੁੱਦ ਚੈੱਕ ਕਰ ਲਿਆ ਹੈ। ਹਰ ਪਟਿਆਲਵੀ ਨੂੰ ਪਤਾ ਹੈ ਕਿ 20 ਤਰੀਕ ਨੂੰ ਹੋਣ ਜਾ ਰਹੀ ਇਲੈਕਸ਼ਨ ’ਚ ਈ. ਵੀ. ਐੱਮ. ਮਸ਼ੀਨ ’ਤੇ ਕੈਪਟਨ ਅਮਰਿੰਦਰ ਸਿੰਘ ਦਾ ਹਾਕੀ ਸਟਿੱਕ ਅਤੇ ਬਾਲ ਦਾ ਨਿਸ਼ਾਨ ਚੌਥੇ ਨੰਬਰ ’ਤੇ ਹੈ।


author

Gurminder Singh

Content Editor

Related News