ਕੋਰੋਨਾ ਦੇ ਚੱਲਦਿਆਂ ਕਣਕ ਦੇ ਮੰਡੀਕਰਨ ਦੀ ਪਿਛਲੇ ਸਾਲ ਦੀ ਤੁਲਨਾ ’ਚ ਆਇਆ ਵੱਡਾ ਫਰਕ
Tuesday, May 05, 2020 - 09:18 AM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੰਜਾਬ ਵਿਚ ਕੋਰੋਨਾ ਦੇ ਚੱਲਦਿਆਂ ਸੁਰੱਖਿਆ ਦੇ ਮੱਦੇਨਜ਼ਰ ਕਣਕ ਦਾ ਮੰਡੀਕਰਨ ਪਿਛਲੇ ਸਾਲਾਂ ਨਾਲੋਂ 15 ਦਿਨ ਦੇਰੀ ਨਾਲ ਸ਼ੁਰੂ ਹੋਇਆ। ਤੁਲਨਾਤਮਕ ਤੌਰ ’ਤੇ ਪਿਛਲੇ ਸਾਲ 2019 ਦੇ ਮੁਕਾਬਲੇ ਇਸ ਸਾਲ ਕਣਕ ਦੀ ਰੋਜ਼ਾਨਾ ਆਮਦ ਵਿਚ ਵੀ ਕਈ ਉਤਰਾਅ ਚੜ੍ਹਾਅ ਆਏ। ਕਣਕ ਦੀ ਆਮਦ ਅਤੇ ਖਰੀਦ ਪਿਛਲੇ ਸਾਲ ਦੀ ਤੁਲਨਾ ਵਿਚ ਹੁਣ ਤੱਕ ਸਿਰਫ 13 ਪ੍ਰਤੀਸ਼ਤ ਹੀ ਘੱਟ ਹੈ।
ਕਣਕ ਦੀ ਆਮਦ
ਸਾਲ 2019 ਵਿਚ 14 ਅਪ੍ਰੈਲ ਤੱਕ 19375 ਮੀਟ੍ਰਿਕ ਟਨ ਤੱਕ ਮੰਡੀਆਂ ਵਿਚ ਆਮਦ ਹੋ ਚੁੱਕੀ ਸੀ। ਇਸ ਸਾਲ 2020 ਵਿਚ 16 ਅਪ੍ਰੈਲ ਤੋਂ ਬਾਅਦ ਪਿਛਲੇ ਸਾਲ ਦੇ ਮੁਕਾਬਲੇ ਕਣਕ ਦੀ ਆਮਦ ਬੜੀ ਤੇਜ਼ੀ ਨਾਲ ਵਧੀ ਅਤੇ 22 ਅਪ੍ਰੈਲ ਤੋਂ ਬਾਅਦ ਘਟਣੀ ਸ਼ੁਰੂ ਹੋ ਗਈ। ਮਾਹਿਰਾਂ ਦਾ ਇਸ ਬਾਰੇ ਕਹਿਣਾ ਹੈ ਕਿ
1. ਕਣਕ ਦਾ ਝਾੜ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੈ ।
2. ਮੀਂਹ ਪੈਣ ਕਾਰਨ ਕਣਕ ਦੀ ਵਾਢੀ ਨੂੰ ਠੱਲ੍ਹ ਪੈਣ ਲੱਗ ਗਈ ।
3. ਬਾਰਦਾਨੇ ਦੀ ਕਮੀ ।
4. ਮੰਡੀਆਂ ਵਿਚ ਕਣਕ ਦੀ ਚੁਕਾਈ ਵਿੱਚ ਦੇਰੀ ।
5. ਮੰਡੀਆਂ ਵਿਚ ਇਕੱਠ ਦੇ ਵਾਧੇ ਨੂੰ ਰੋਕਣ ਲਈ ਪਾਸਾਂ ਵਿਚ ਸਥਿਰਤਾ ।
ਪਹਿਲੀ ਮਈ ਤੋਂ ਦੇਖੀਏ ਤਾਂ ਦੋਵੇਂ ਸਾਲਾਂ ਵਿਚ ਕਣਕ ਦੀ ਆਮਦ ਲਗਾਤਾਰ ਘੱਟ ਰਹੀ ਹੈ ਅਤੇ 4 ਮਈ ਤੱਕ ਲੱਗਭੱਗ ਬਰਾਬਰ ਹੋ ਗਈ ਹੈ । ਇਸ ਬਾਰੇ ਜਗ ਬਾਣੀ ਨਾਲ ਗੱਲ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਖੇਤੀਬਾੜੀ ਅਰਥ ਸ਼ਾਸਤਰ ਅਤੇ ਸਮਾਜ ਸ਼ਾਸਤਰ ਦੇ ਮੁਖੀ ਡਾ.ਕਮਲ ਵੱਤਾ ਨੇ ਦੱਸਿਆ ਕਿ 22 ਅਪ੍ਰੈਲ ਤੋਂ ਬਾਅਦ ਕਣਕ ਦੀ ਆਮਦ ਘਟੀ ਨਹੀਂ ਸਗੋਂ ਸਥਿਰ ਹੋ ਗਈ । ਜਿੰਨੀ ਰੋਜ਼ਾਨਾ ਮੰਡੀਆਂ ਦੀ ਸਮਰੱਥਾ ਹੈ ਉਸ ਦੇ ਹਿਸਾਬ ਨਾਲ ਆਮਦ ਹੋਣੀ ਚਾਹੀਦੀ ਹੈ ਇਸ ਲਈ ਸ਼ੁਰੂਆਤ ਵਿੱਚ ਇਹ ਵਧੀ ਅਤੇ ਫਿਰ ਸਥਿਰ ਹੋ ਗਈ । 22 ਅਪ੍ਰੈਲ ਤੋਂ ਬਾਅਦ ਥੋੜ੍ਹੀ ਬਹੁਤ ਆਮਦ ਵਿੱਚ ਘਾਟ ਵਾਧ ਮੀਂਹ ਕਾਰਨ ਹੀ ਹੋਈ । ਇਸ ਸਾਲ ਕਣਕ ਮੰਡੀਕਰਨ ਪਿਛਲੇ ਸਾਲ ਦੇ ਮੁਕਾਬਲੇ ਲੰਬਾ ਜ਼ਰੂਰ ਹੋ ਜਾਵੇਗਾ ਪਰ ਸੁਰੱਖਿਅਤ ਰਹੇਗਾ । ਇਹ ਨਹੀਂ ਕਿਹਾ ਜਾ ਸਕਦਾ ਕਿ ਪਿਛਲੇ ਸਾਲ ਮੰਡੀਕਰਨ ਅਸਰਦਾਰ ਸੀ ਤੇ ਇਸ ਵਾਰ ਨਹੀਂ ।
ਜ਼ਿਲ੍ਹਾ ਪੱਧਰ ’ਤੇ ਕਣਕ ਦੀ ਖਰੀਦ
ਜ਼ਿਲ੍ਹਾ ਪੱਧਰ ’ਤੇ ਕਣਕ ਦੀ ਖਰੀਦ ਦੀ ਗੱਲ ਕਰੀਏ ਤਾਂ ਸੰਗਰੂਰ ਵਿਚ ਹੁਣ ਤੱਕ ਕਣਕ ਦੀ ਸਭ ਤੋਂ ਵੱਧ 909297 ਮੀਟ੍ਰਿਕ ਟਨ ਤੱਕ ਖ਼ਰੀਦ ਹੋ ਚੁੱਕੀ ਹੈ। ਇਸ ਤੋਂ ਬਾਅਦ ਪਟਿਆਲਾ, ਮੁਕਤਸਰ, ਬਠਿੰਡਾ ਅਤੇ ਲੁਧਿਆਣਾ ਦਾ ਨੰਬਰ ਆਉਂਦਾ ਹੈ, ਜਿਨ੍ਹਾਂ ਦੀ ਹੁਣ ਤੱਕ ਕੁੱਲ ਖਰੀਦ 70 ਹਜ਼ਾਰ ਮੀਟਰ ਕੱਟਣ ਦੇ ਲੱਗਭੱਗ ਹੈ। ਪੰਜਾਬ ਵਿਚ ਸਭ ਤੋਂ ਘੱਟ ਕਣਕ ਦੀ ਖਰੀਦ ਪਠਾਨਕੋਟ ਜ਼ਿਲ੍ਹੇ ਵਿਚ ਹੁਣ ਤੱਕ 34665 ਮੀਟ੍ਰਿਕ ਟਨ ਹੈ ।